September 26, 2023

Chandigarh Headline

True-stories

ਆਈਵੀਵਾਈ ਗਰੁੱਪ ਨੇ ਇੰਦਰਜੀਤ ਨਿੱਕੂ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਮੋਹਾਲੀ, 15 ਸਤੰਬਰ, 2022: ਮੋਹਾਲੀ ਜ਼ਿਲ੍ਹੇ ਅੰਦਰ ਰੀਅਲ ਅਸਟੇਟ ਕਾਰੋਬਾਰ ਵਿਚ ਮਸ਼ਹੂਰ ਨਾਮ ਆਈਵੀਵਾਈ ਗਰੁੱਪ (ਆਈਵੀ ਪ੍ਰੋਜੈਕਟਸ ਐਲ.ਐਲ.ਪੀ.) ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਇਸ ਗਰੁੱਪ ਦੇ ਮੋਹਾਲੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਕਈ ਪ੍ਰੋਜੈਕਟ ਚੱਲ ਰਹੇ ਹਨ ਅਤੇ ਅਗਲਾ ਪ੍ਰੋਜੈਕਟ ਸੈਕਟਰ 116 ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਜੋ ਆਪਣੀ ਵਧੀਆ ਡਿਜ਼ਾਇਨ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਚਰਚਾ ਵਿਚ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਈਵੀਵਾਈ ਗਰੁੱਪ ਦੇ ਡਾਇਰੈਕਟਰ ਦਵਿੰਦਰ ਸਿੰਘ, ਬਿਕਰਮ ਸਿੰਘ ਅਤੇ ਗੁਰਕਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦੋ ਦਸ਼ਕਾਂ ਤੋਂ ਅਸੀਂ ਰੀਅਲ ਅਸਟੇਟ ਕਾਰੋਬਾਰ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਨੂੰ ਵੀ ਪ੍ਰਮੋਟ ਕਰਨ ਦਾ ਬੀੜਾ ਚੁੱਕਿਆ ਹੈ। ਇਸੇ ਲਈ ਅਸੀਂ 1990 ਦੇ ਦਸ਼ਕ ਵਿਚ ਪੰਜਾਬੀ ਗਾਇਕੀ ਵਿਚ ਉਚਾਈਆਂ ਛੂਹਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੂੰ ਕੰਪਨੀ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕਰਕੇ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਇੰਦਰਜੀਤ ਨਿੱਕੂ ਤੋਂ ਪੰਜਾਬੀ ਮਾਂ ਬੋਲੀ ਦੀ ਪਹਿਲਾਂ ਵਾਂਗ ਮੁੜ ਸੇਵਾ ਕਰਨ ਦੀ ਉਮੀਦ ਕਰਦੇ ਹਾਂ। ਉਹਨਾਂ ਅੱਗੇ ਦਸਿਆ ਕਿ ਫਿਲਹਾਲ ਸਾਡਾ ਮੁੱਖ ਦਫ਼ਤਰ 3ਬੀ2 ਵਿਚ ਸਥਿਤ ਹੈ।

ਇਸ ਦੌਰਾਨ ਗਾਇਕ ਇੰਦਰਜੀਤ ਨਿੱਕੂ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂ ਉਸ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੈਨੂੰ ਮੁੜ ਆਪਣੇ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਬਖ਼ਸ਼ਿਆ ਹੈ। ਉਹਨਾਂ ਕਿਹਾ ਕਿ ਮੇਰੇ ਕੋਲ੍ਹ ਆਈਵੀਵਾਈ ਗਰੁੱਪ ਦੀ ਮੈਨੇਜਮੈਂਟ ਦਾ ਧੰਨਵਾਦ ਕਰਨ ਲਈ ਅਲਫਾਜ਼ ਨਹੀਂ ਹਨ, ਜਿਨ੍ਹਾਂ ਨੇ ਮੈਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ।

ਪਿਛਲੇ ਦਿਨੀਂ ਛਪੀਆਂ ਖ਼ਬਰਾਂ ਨਾਲ ਮੁੜ ਚਰਚਾ ਵਿਚ ਆਏ ਇੰਦਰਜੀਤ ਨਿੱਕੂ ਨੂੰ ਮੀਡੀਆ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਮੈਂ ਆਪਣੇ ਸਰੋਤਿਆਂ ਅਤੇ ਆਲੋਚਕਾਂ ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਅਜਿਹੀ ਚਰਚਾ ਛੇੜ ਕੇ ਮੈਨੂੰ ਮੁੜ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਅਤੇ ਪੈਰਾਂ ‘ਤੇ ਖੜ੍ਹਾ ਹੋਣ ਦਾ ਮੌਕਾ ਬਖ਼ਸ਼ਿਆ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਸਰਗਰਮ ਨਾ ਹੋਣ ਸਦਕਾ ਮੇਰੇ ਵਰਗੇ ਹੋਰ ਅਨੇਕਾਂ ਕਲਾਕਾਰਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਅਤੇ ਭੁਗਤ ਵੀ ਰਹੇ ਹਾਂ। ਇਸ ਲਈ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਾਨੂੰ ਸਾਫ਼ ਸੁਥਰੀ ਗਾਇਕੀ ਦੇ ਨਾਲ ਨਾਲ ਸੋਸ਼ਲ ਮੀਡੀਆ ਉਤੇ ਵੀ ਸਰਗਰਮ ਰਹਿਣਾ ਪਵੇਗਾ। ਉਹਨਾਂ ਪੰਜਾਬੀ ਗਾਇਕ ਦਲਜੀਤ ਦੁਸਾਂਝ, ਪਰਮੀਸ਼ ਵਰਮਾ, ਮੀਕਾ, ਅੰਮੀ ਵਿਰਕ, ਗਿੱਪੀ ਗਰੇਵਾਲ, ਰਣਜੀਤ ਬਾਵਾ, ਕੁਲਸ਼ਾਂਨ ਸੰਧੂ, ਕਰਤਾਰ ਚੀਮਾ, ਦੇਸੀ ਕਰਿਊ, ਅਲਫਾਜ਼, ਬਿੱਗ ਬਰਡ, ਪੌਲੀਵੁੱਡ ਤੋਂ ਨੀਰੂ ਬਾਜਵਾ, ਸੋਨਮ ਬਾਜਵਾ, ਹਨੀ ਸਿੰਘ, ਬੱਬੂ ਮਾਨ, ਕਪਿਲ ਸ਼ਰਮਾ, ਅੰਬਰਦੀਪ ਸਮੇਤ ਬਹੁਤ ਸਾਰੀਆਂ ਮਿਊਜ਼ਿਕ ਕੰਪਨੀਆਂ ਦਾ ਔਖੇ ਸਮੇਂ ਵਿਚ ਹੌਸਲਾ ਅਫ਼ਜਾਈ ਕਰਨ ਲਈ ਦਿਲੋਂ ਧੰਨਵਾਦ ਕੀਤਾ।

ਇਸ ਦੌਰਾਨ ਪੰਜਾਬੀ ਗਾਇਕੀ ਅਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਪ੍ਰਫੁਲਿੱਤ ਕਰਨ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਤੋਂ ਜੁੜੀਆਂ ਉਮੀਦਾਂ ਬਾਰੇ ਗੱਲਬਾਤ ਕਰਦਿਆਂ ਇੰਦਰਜੀਤ ਨਿੱਕੂ ਨੇ ਕਿਹਾ ਕਿ ਸ. ਭਗਵੰਤ ਮਾਨ ਸਾਡੇ ਸਮਕਾਲੀ ਕਲਾਕਾਰ ਰਹਿ ਚੁੱਕੇ ਹਨ ਅਤੇ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਦਰਪੇਸ਼ ਮੁਸ਼ਕਿਲਾਂ ਤੋਂ ਭਲੀਭਾਂਤ ਜਾਣੂੰ ਹਨ। ਇਸ ਲਈ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਮਾਂ ਰਹਿਣ ਉਤੇ ਇਸ ਦਾ ਸੁਹਿਰਦ ਹੱਲ ਕਰਨਗੇ ਅਤੇ ਪੰਜਾਬ ਦੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਵੀ ਨਿਪਟਾਰਾ ਕਰਨਗੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..