ਆਪ ਅਤੇ ਕੁਲਵੰਤ ਸਿੰਘ ਦਾ ਹਾਂ ਪੱਕਾ ਸਿਪਾਹੀ : ਸੰਨੀ ਬਾਵਾ
1 min readਮੋਹਾਲੀ, 6 ਫ਼ਰਵਰੀ, 2022: ਮੁਹਾਲੀ ਹਲਕੇ ਦੇ ਲੋਕਾਂ ਨੂੰ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਉਸਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਮੈਂ ਹਮੇਸ਼ਾਂ ਆਪ ਦਾ ਪੱਕਾ ਸਿਪਾਹੀ ਰਿਹਾ ਹਾਂ ਅਤੇ ਕੁਲਵੰਤ ਸਿੰਘ ਦੇ ਚੋਣ ਪ੍ਰਚਾਰ ਵਿੱਚ ਦਿਨ ਰਾਤ ਕੰਮ ਕਰ ਰਿਹਾ ਹਾਂ ।ਇਹ ਗੱਲ ਸੰਨੀ ਬਾਵਾ- ਮੈਂਬਰ ਪੰਜਾਬ ਸਟੇਟ ਕ੍ਰਿਸਚੀਅਨ ਵੈਲਫੇਅਰ ਬੋਰਡ -ਪੰਜਾਬ ਸਰਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ।
ਸੰਨੀ ਬਾਵਾ ਆਪ ਦੇ ਮੁੱਖ ਦਫ਼ਤਰ ਸੈਕਟਰ -79 ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ ।
ਇਸ ਮੌਕੇ ਤੇ ਸੰਨੀ ਬਾਵਾ ਦੇ ਨਾਲ ਆਪ ਨੇਤਾ ਡਾ. ਸਨੀ ਆਹਲੂਵਾਲੀਆ, ਪ੍ਰਭਜੋਤ ਕੌਰ, ਸਟੇਟ ਐਵਾਰਡੀ- ਫੂਲਰਾਜ ਸਿੰਘ ਵੀ ਹਾਜ਼ਰ ਸਨ । ਸ੍ਰੀ ਬਾਵਾ ਨੇ ਕਿਹਾ ਕਿ ਮੋਹਾਲੀ ਦੇ ਵਿੱਚ ਕੁਲਵੰਤ ਸਿੰਘ ਅਤੇ ਪੂਰੇ ਪੰਜਾਬ ਵਿੱਚ ਆਪ ਦੇ ਹੱਕ ਵਿੱਚ ਹਨੇਰੀ ਝੁੱਲ ਗਈ ਹੈ ਅਤੇ ਇਸ ਗੱਲ ਤੋਂ ਤੰਗ ਬਲਬੀਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਤਰਫੋਂ ਮੁਹਾਲੀ ਹਲਕੇ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾ ਰਿਹਾ ਹੈ । ਪ੍ਰੰਤੂ ਮੁਹਾਲੀ ਹਲਕੇ ਦੇ ਲੋਕੀਂ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਹਨ , ਅਤੇ ਉਹ ਬਲਬੀਰ ਸਿੰਘ ਸਿੱਧੂ ਪਰਿਵਾਰ ਦੀ ਤਰਫ਼ੋਂ ਫੈਲਾਈਆਂ ਇਨ੍ਹਾਂ ਅਫ਼ਵਾਹਾਂ ਦਾ 20 ਤਾਰੀਖ ਨੂੰ ਜਵਾਬ ਦੇਣਗੇ । ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕ੍ਰਿਸਚੀਅਨ ਵੈਲਫੇਅਰ ਬੋਰਡ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਨੇਤਾ -ਸੰਨੀ ਬਾਵਾ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਬਕਾਇਦਾ ਆਪ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਸ ਤੋਂ ਬਾਅਦ ਸੰਨੀ ਬਾਵਾ ਬਾਰੇ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਸੀ ਕਿ ਉਹਨਾਂ ਫਿਰ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ ਹੈ ਪ੍ਰੰਤੂ ਅੱਜ ਉਨ੍ਹਾਂ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਵਿੱਚ ਵਾਪਸ ਨਹੀਂ ਗਏ ਹਨ ਅਤੇ ਆਮ ਆਦਮੀ ਪਾਰਟੀ, ਕੁਲਵੰਤ ਸਿੰਘ ਦੇ ਹੀ ਪੱਕੇ ਸਿਪਾਹੀ ਹਨ ਅਤੇ ਹਰ ਹੁਕਮ ਦੀ ਪਾਲਣਾ ਕਰਨ ਲਈ ਪਾਬੰਦ ਹਨ ।