ਮੋਹਾਲੀ ਪ੍ਰੈਸ ਕਲੱਬ ਦਾ 19ਵਾਂ “ਧੀਆਂ ਦਾ ਲੋਹੜੀ” ਮੇਲਾ ਇੱਕ ਵਾਰ ਫੇਰ ਯਾਦਗਾਰੀ ਹੋ ਨਿਬੜਿਆ
ਮੋਹਾਲੀ, 10 ਜਨਵਰੀ, 2026: ਪੱਤਰਕਾਰਾਂ ਦੀ ਸਿਰਮੌਰ ਸੰਸਥਾ ਮੋਹਾਲੀ ਪ੍ਰੈਸ ਕਲੱਬ ਵੱਲੋਂ ਸਥਾਨਕ ਪਾਲਕੀ ਰਿਜੌਰਟ ਵਿਖੇ ਕਰਵਾਇਆ ਗਿਆ 19ਵਾਂ ‘ਧੀਆਂ ਦੀ ਲੋਹੜੀ’ ਸੱਭਿਆਚਾਰਕ ਮੇਲਾ ਇੱਕ ਵਾਰ ਫੇਰ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਅਪਣੀ ਕਲਾ ਦੇ ਜੌਹਰ ਦਿਖਾਉਦਿਆਂ ਵਿਲੱਖਣ ਤੇ ਅਮਿਟ ਛਾਪ ਛੱਡੀ। ਮੇਲੇ ਦੇ ਮੁੱਖ ਮਹਿਮਾਨ ਵਜੋਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ ਜਦਕਿ ਮੇਲੇ ਦੀ ਪ੍ਰਧਾਨਗੀ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਭ ਤੋਂ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੀਆਂ ਬੱਚੀਆਂ ਸਮਰਿਤੀ ਵਰਮਾ, ਮਨਪ੍ਰੀਤ ਕੌਰ, ਮਾਨਸੀ ਜੋਸ਼ੀ, ਮਹਿਕ, ਮਹਿਕ ਸ਼ਰਮਾ, ਜਸ਼ਨਦੀਪ ਕੌਰ, ਮਾਨਸੀ, ਸਾਰਿਕਾ ਗੁਪਤਾ ਅਤੇ ਸਿਮਰਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਲੱਬ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ, ਕਲੱਬ ਵਲੋਂ ਕੀਤਾ ਗਿਆ ਬਹੁਤ ਵੱਡਾ ਉਪਰਾਲਾ ਹੈ, ਜਿਸ ਲਈ ਮੈਂ ਸਮੂਹ ਕਲੱਬ ਮੈਂਬਰਾਨ ਨੂੰ ਵਧਾਈ ਦਿੰਦਾ ਹੈ। ਉਹਨਾਂ ਸਮਾਜ ਵਿੱਚ ਧੀਆਂ ਪ੍ਰਤੀ ਬਦਲ ਰਹੀ ਸੋਚ ਦੀ ਸਰਾਹਨਾ ਕੀਤੀ। ਉਹਨਾਂ ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਧੀਆਂ, ਸਾਡੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਸਾਨੂੰ ਵੀ ਆਪਣੀਆਂ ਧੀਆਂ ਨੂੰ ਬਿਹਤਰ ਸਿੱਖਿਆ ਦੇ ਕੇ ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਈ ਖੇਤਰਾਂ ਵਿੱਚ ਸਾਡੀਆਂ ਹੋਣਹਾਰ ਲੜਕੀਆਂ, ਮਰਦਾਂ ਨਾਲੋਂ ਵੀ ਅੱਗੇ ਨਿਕਲ ਗਈਆਂ ਹਨ। ਉਨ੍ਹਾਂ ਕਿਹਾ ਕਿ ਮਰਦ ਨੂੰ ਔਰਤ ਪ੍ਰਤੀ ਅਪਣੀ ਸੋਚ ਬਦਲਣ ਦੀ ਲੋੜ ਹੈ।ਉਪਰੰਤ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਮੋਹਾਲੀ ਪ੍ਰੈਸ ਕਲੱਬ ਦਾ ਸੋਵੀਨਾਰ ਰਲੀਜ਼ ਕੀਤਾ ਗਿਆ। ਇਸ ਦੌਰਾਨ ਮੰਤਰੀ ਸਾਹਿਬ ਨੇ ਮੋਹਾਲੀ ਪ੍ਰੈੱਸ ਕਲੱਬ ਨੂੰ 2 ਲੱਖ ਰੁਪਏ ਸਰਕਾਰੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਿਧਾਇਕ ਕੁਲਵੰਤ ਸਿੰਘ ਵਲੋਂ ਨਵਜੰਮੀ ਬੱਚੀ ਹਰਨਿਵਾਜ਼ਪ੍ਰੀਤ ਕੌਰ ਪੁੱਤਰੀ ਹਰਿੰਦਰ ਹਰ ਦਾ ਸਨਮਾਨਤ ਕੀਤਾ ਗਿਆ ਅਤੇ ਮੋਹਾਲੀ ਪ੍ਰੈਸ ਕਲੱਬ ਦਾ ਨਵੇਂ ਸਾਲ 2026 ਦਾ ਕੈਲੰਡਰ ਰਲੀਜ਼ ਕੀਤਾ ਗਿਆ। ਉਹਨਾਂ ਇਸ ਮੌਕੇ ਬੋਲਦਿਆਂ ਮੋਹਾਲੀ ਪ੍ਰੈੱਸ ਕਲੱਬ ਦੀ ਪੂਰੀ ਟੀਮ ਨੂੰ ਇਸ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਲਗਾਤਾਰ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਖੜ੍ਹ ਕੇ ਕੰਮ ਕਰ ਰਹੀਆਂ ਹਨ। ਇਸ ਮੌਕੇ ਸ. ਕੁਲਵੰਤ ਸਿੰਘ ਨੇ ਸਮੂਹ ਪੱਤਰਕਾਰ ਭਾਈਚਾਰੇ ਅੱਗੇ ਆਪਣਾ ਵਾਅਦਾ ਦੁਹਰਾਉ਼ਦਿਆਂ ਕਿਹਾ ਕਿ ਉਹ ਯਕੀਨਨ ਲੰਮੇ ਸਮੇਂ ਤੋਂ ਲਟਕਦੀ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਨ ਦੀ ਮੰਗ ਪੂਰੀ ਕਰਨਗੇ।
ਇਸ ਤੋਂ ਪਹਿਲਾਂ ਮੋਹਾਲੀ ਪ੍ਰੈੱਸ ਕਲੱਬ ਵਲੋਂ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਸਮੂਹ ਗਵਰਨਿੰਗ ਬਾਡੀ ਮੈਂਬਰਾਂ ਵਲੋਂ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਲੀਆ, ਵਿਧਾਇਕ ਕੁਲਵੰਤ ਸਿੰਘ, ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨ ਪ੍ਰਭਜੋਤ ਕੌਰ ਅਤੇ ਬਨਿੰਦਰ ਬਨੀ ਦਾ ਮੇਲੇ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਲੋਹੜੀ ਬਾਲਣ ਦੀ ਰਸਮ ਵਿਧਾਇਕ ਕੁਲਵੰਤ ਸਿੰਘ ਅਤੇ ਚੇਅਰਮੈਨ ਪ੍ਰਭਜੋਤ ਕੌਰ ਵਲੋਂ ਨਿਭਾਈ ਗਈ। ਇਸ ਮੌਕੇ ਸਮੂਹ ਗਵਰਨਿੰਗ ਬਾਡੀ ਵਲੋਂ ਮੇਲੇ ਵਿਚ ਪਹੁੰਚਣ ਵਾਲੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਪ੍ਰੋਗਰਾਮ ਦਾ ਸ਼ੁਰੂਆਤ ਚਰਚਿਤ ਗਾਇਕ ਹਰਿੰਦਰ ਹਰ ਦੇ ਧਾਰਮਿਕ ਗੀਤ ਨਾਲ ਹੋਈ। ਉਹਨਾਂ ਤੋਂ ਬਾਅਦ ਯੁਵਰਾਜ ਕਾਹਲੋਂ, ਗਾਇਕਾ ਸੁਲਤਾਨਾ ਸਿਓਲ, ਗਾਇਕ ਬਲਦੇਵ ਕਾਕੜੀ ਅਤੇ ਗੁਰਜਾਨ ਨੇ ਵੀ ਆਪਣੀ ਗਾਾਇਕੀ ਨਾਲ ਖ਼ੂਬ ਰੰਗ ਬੰਨ੍ਹਿਆ। ਅਖ਼ੀਰ ਵਿਚ ਪੰਜਾਬੀ ਗਾਇਕੀ ਦੇ ਥੰਮ੍ਹ ਮੰਨੇ ਜਾਂਦੇ ਉੱਘੇ ਗਾਇਕ ਹਰਜੀਤ ਹਰਮਨ ਨੇ ਆਪਣੀ ਹਾਜ਼ਰੀ ‘ਮਿੱਤਰਾਂ ਦਾ ਨਾਂ ਚੱਲਦਾ’ ਅਤੇ ਆਪਣੇ ਹੋਰ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ, ਜਦਕਿ ਸੀਨੀਅਰ ਗਾਇਕ ਰੂਮੀ ਰੰਜਨ, ਨੇ ਆਪਣੇ ਮਨਮੋਹਕ ਸੁਰਾਂ ਨਾਲ ਸਮਾਗਮ ਨੂੰ ਮਨੋਰੰਜਨ ਦੀ ਇੱਕ ਨਵੀਂ ਉਚਾਈ ਤੱਕ ਲੈ ਗਿਆ। ਅਖ਼ੀਰ ਵਿਚ ਹਰਜੀਤ ਹਰਮਨ ਨੇ ਬੋਲੀਆਂ ਪਾ ਕੇ ਮੋਹਾਲੀ ਪ੍ਰੈਸ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸਟੇਜ਼ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਇਕਬਾਲ ਸਿੰਘ ਗੁੰਨੋਮਾਜਰਾ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੇਲੇ ਵਿਚ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ ਅਤੇ ਸਭ ਨੇ ਲੋਕ ਸੰਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਦਿਆਂ ਧੀਆਂ ਦੇ ਲੋਹੜੀ ਮੇਲੇ ਨੂੰ ਯਾਦਗਾਰਹ ਬਣਾ ਦਿੱਤਾ।
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਤੋਂ ਇਲਾਵਾ ਜਨ. ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਕੈਸ਼ੀਅਰ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਨੀਲਮ ਠਾਕੁਰ, ਜੁਆਇੰਟ ਸਕੱਤਰ ਵਿਜੈ ਕੁਮਾਰ ਅਤੇ ਡਾ. ਰਵਿੰਦਰ ਕੌਰ ਤੋਂ ਇਲਾਵਾ ਰਾਜਿੰਦਰ ਸਿੰਘ ਤੱਗੜ, ਜਸਵੀਰ ਸਿੰਘ ਗੋਸਲ, ਪਾਲ ਸਿੰਘ ਕੰਸਾਲਾ, ਨਾਹਰ ਸਿੰਘ ਧਾਲੀਵਾਲ, ਹਰਿੰਦਰਪਾਲ ਸਿੰਘ ਹੈਰੀ, ਅਮਨਦੀਪ ਸਿੰਘ ਗਿੱਲ, ਰਾਜ ਕੁਮਾਰ ਅਰੋੜਾ, ਜਸਵਿੰਦਰ ਰੂਪਾਲ, ਮੰਗਤ ਸਿੰਘ ਸੈਦਪੁਰ, ਅਮਰਦੀਪ ਸਿੰਘ ਸੈਣੀ, ਅਮਰਪਾਲ ਸਿੰਘ ਨੂਰਪੁਰੀ, ਸੰਜੀਵ ਸ਼ਰਮਾ, ਦਲਵਿੰਦਰ ਸਿੰਘ ਸੈਣੀ, ਹਰਮਿੰਦਰ ਨਾਗਪਾਲ, ਰਿਤੀਸ਼ ਕੁਮਾਰ ਨਾਹਰ, ਕੁਲਵੰਤ ਗਿੱਲ, ਕੁਲਵਿੰਦਰ ਸਿੰਘ ਬਾਵਾ, ਸੰਦੀਪ ਬਿੰਦਰਾ, ਰਾਜੀਵ ਸੱਚਦੇਵਾ, ਗੁਰਜੀਤ ਸਿੰਘ, ਗੁਰਨਾਮ ਸਾਗਰ, ਸੁਖਵਿੰਦਰ ਸਿੰਘ, ਜਗਮੋਹਨ ਸਿੰਘ, ਰਾਜੀਵ ਵਸ਼ਿਸ਼ਟ, ਮਾਇਆ ਰਾਮ, ਨਰਿੰਦਰ ਕੁਮਾਰ, ਰਵਿੰਦਰ ਕੁਮਾਰ, ਤਰਲੋਚਨ ਸਿੰਘ, ਬਲਜੀਤ ਮਰਵਾਹਾ, ਕ੍ਰਿਸ਼ਨ ਕੁਮਾਰ ਅਗਰਵਾਲ, ਐਚ.ਐਸ. ਭੱਟੀ, ਰਾਕੇਸ਼ ਹਮਪਾਲ, ਸੁਖਵਿੰਦਰ ਸ਼ਾਨ, ਕੁਲਵੰਤ ਕੋਟਲੀ, ਸਨਾ ਮੈਂਹਦੀ, ਜੰਗ ਸਿੰਘ, ਮੈਨੇਜਰ ਜਗਦੀਸ਼ ਸ਼ਾਰਧਾ, ਹੈਡ ਕੁੱਕ ਨਰਿੰਦਰ ਰਾਣਾ ਆਦਿ ਹਾਜ਼ਰ ਸਨ।
