ਉੱਚ ਕੁਆਲਿਟੀ ਦਾ ਮੱਕੀ ਦਾ ਆਚਾਰ (ਸਾਈਲੇਜ਼) ਮੁਹੱਈਆ ਕਰਵਾਉਣ ਲਈ ਪੰਜਾਬ ਐਗਰੋ ਵੱਲੋਂ ਉਪਰਾਲਾ
1 min readਮੋਹਾਲੀ, 27 ਫ਼ਰਵਰੀ, 2022: ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮ. ਵੱਲੋਂ ਮੱਕੀ ਦੇ ਸਾਈਲੇਜ਼ ਦੀ ਪ੍ਰਮੋਸ਼ਨ ਕਰਨ ਅਤੇ ਸਾਈਲੇਜ਼ ਨੂੰ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਇੱਕ ਗੇਮ ਚੇਂਜਰ ਦੱਸਣ ਲਈ ਮਨਜੀਤ ਸਿੰਘ ਬਰਾੜ (ਆਈ.ਏ.ਐਸ), ਪ੍ਰਬੰਧ ਨਿਰਦੇਸ਼ਕ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ (ਕਾਲਕਟ ਭਵਨ, ਮੋਹਾਲੀ) ਦੇ ਚੇਅਰਮੈਨ ਅਵਤਾਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ (ਆਨਲਾਈਨ ਵੈਬੀਨਾਰ) ਕਰਵਾਇਆ ਗਿਆ।
ਇਸ ਸਮਾਗਮ ਵਿੱਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਤੋਂ ਜਗਤਾਰ ਸਿੰਘ ਮੱਲ੍ਹੀ, ਮਹਾਂ ਪ੍ਰਬੰਧਕ ਅਤੇ ਹਰਿੰਦਰ ਸਿੰਘ, ਕੰਸਲਟੈਂਟ ਅਤੇ ਸਾਈਲੇਜ਼ ਉਦਯੋਗ ਨਾਲ ਜੁੜੇ ਵੱਖ-ਵੱਖ ਨੁਮਾਇੰਦੇ ਜਿਹਨਾਂ ਵਿੱਚ ਪਾਇਨੀਅਰ ਕੰਪਨੀ ਤੋਂ ਸੁਨੀਲ ਅਤਰੀ, ਹਾਲੈਂਡ ਤੋਂ ਪਵਨ ਕੁਮਾਰ ਅਤੇ ਹੋਰ ਖੇਤੀ ਮਾਹਿਰ ਹਾਜ਼ਰ ਸਨ।
ਪੰਜਾਬ ਐਗਰੋ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ (ਇੱਕ ਸਰਕਾਰੀ ਅਦਾਰਾ) ਵੱਲੋਂ ਸਾਲ 2020 ਤੋਂ ਪਸ਼ੂਆਂ ਲਈ ਮੱਕੀ ਦਾ ਆਚਾਰ (ਸਾਈਲੇਜ਼) ਤਿਆਰ ਕਰਨ ਲਈ ਲਾਢੋਵਾਲ, ਲੁਧਿਆਣਾ ਵਿਖੇ ਸਾਈਲੇਜ਼ ਪਲਾਂਟ ਲਗਾਇਆ ਗਿਆ ਹੈ ਜਿਸ ਵਿੱਚ ਜਿਹਨਾਂ ਕਿਸਾਨਾਂ ਤੋਂ ਪੰਜਾਬ ਐਗਰੋ ਦੁਆਰਾ ਮੱਕੀ ਦੀ ਫਸਲ ਖਰੀਦੀ ਜਾਂਦੀ ਹੈ ਉਹਨਾਂ ਕਿਸਾਨਾਂ ਨੂੰ ਵਾਜਿਬ ਭਾਅ ਦਿੱਤਾ ਜਾਂਦਾ ਹੈ ਅਤੇ ਹਾਈਟੈੱਕ ਮਸ਼ੀਨਾ ਰਾਂਹੀ ਉੱਚ ਕੁਆਲਿਟੀ ਦੀ ਮੱਕੀ ਦੇ ਸਾਈਲੇਜ਼ ਦੀਆਂ ਗੱਠਾਂ ਤਿਆਰ ਕਰਕੇ ਡੇਅਰੀ ਫਾਰਮਰਜ਼ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਸਮਾਗਮ ਵਿੱਚ ਹਾਜ਼ਰ ਖੇਤੀ ਮਾਹਿਰਾਂ ਵੱਲੋਂ ਪੰਜਾਬ ਐਗਰੋ ਦੁਆਰਾ ਕਿਸਾਨਾਂ ਨੂੰ ਉੱਚ ਕੁਆਲਿਟੀ ਦਾ ਆਚਾਰ ਮੁਹੱਈਆ ਕਰਵਾਉਣ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਪਸ਼ੂਆਂ ਨੂੰ ਸਾਈਲੇਜ਼ ਪਾਉਣ ਦੇ ਫਾਇਦੇ ਦੱਸੇ ਗਏ ਜੋ ਕਿ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਇੱਕ ਗੇਮ ਚੇਂਜਰ ਵਜੋਂ ਸਾਬਿਤ ਹੋ ਸਕਦਾ ਹੈ।vਸਮਾਗਮ ਦੇ ਅੰਤ ਵਿੱਚ ਚੰਦਰ ਸ਼ੇਖਰ, ਖੇਤਰੀ ਪ੍ਰਬੰਧਕ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਲੁਧਿਆਣਾ ਵੱਲੋਂ ਸਮਾਗਮ ਵਿੱਚ ਹਾਜ਼ਰ ਸਾਰੇ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਐਗਰੋ ਵੱਲੋਂ ਤਰਨਤਾਰਨ ਵਿਖੇ ਇੱਕ ਹੋਰ ਸਾਈਲੇਜ਼ ਪਲਾਂਟ ਲਗਾਇਆ ਜਾ ਰਿਹਾ ਹੈ ਅਤੇ ਲਾਢੋਵਾਲ ਵਿਖੇ ਪਲਾਂਟ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਪੰਜਾਬ ਐਗਰੋ ਆਉਣ ਵਾਲੇ ਸੀਜ਼ਨ ਵਿੱਚ ਕਿਸਾਨਾਂ ਨੂੰ ਉੱਤਮ ਕੁਆਲਿਟੀ ਦੀ ਮੱਕੀ ਦੇ ਸਾਈਲੇਜ਼ (ਆਚਾਰ) ਦੀਆਂ ਗੱਠਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।