July 27, 2024

Chandigarh Headline

True-stories

ਅਮਰਨਾਥ ਯਾਤਰਾ 2023: ਸ਼ਰਧਾਲੂਆਂ ਲਈ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ

1 min read

ਚੰਡੀਗੜ੍ਹ/ਪਠਾਨਕੋਟ, 3 ਜੁਲਾਈ, 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੂੰ ਦਿੱਤੇ ਨਿਰਦੇਸ਼ਾਂ ਦੇ ਮੱਦੇਨਜ਼ਰ ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਵਿਸ਼ੇਸ਼ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਸੋਮਵਾਰ ਨੂੰ ਪੁਲਿਸ, ਫੌਜ ,ਸਿਵਲ ਪ੍ਰਸ਼ਾਸਨ ਅਤੇ ਹੋਰ ਸੁਰੱਖਿਆ ਏਜੰਸੀਆਂ ਉਕਤ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਠਾਨਕੋਟ ਵਿਖੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਹ ਮੀਟਿੰਗ ਮੌਜੂਦਾ ਸਮੇਂ ਚੱਲ ਰਹੀ ਅਮਰਨਾਥ ਯਾਤਰਾ ਲਈ ਰਣਨੀਤਕ ਤਿਆਰੀਆਂ ’ਤੇ ਕੇਂਦਰਿਤ ਸੀ। ਮੀਟਿੰਗ ਵਿੱਚ ਪੁਲਿਸ ਤਾਇਨਾਤੀ, ਸੁਰੱਖਿਆ ਉਪਾਅ, ਆਵਾਜਾਈ ਪ੍ਰਬੰਧਨ ਅਤੇ ਆਫ਼ਤ ਪ੍ਰਬੰਧਨ ਵਰਗੇ ਵੱਖ-ਵੱਖ ਪਹਿਲੂ ਵਿਚਾਰੇ ਗਏ।

ਵਿਸ਼ੇਸ਼ ਡੀਜੀਪੀ ਨੇ ਕੈਂਪ ਦੀ ਸੁਰੱਖਿਆ, ਇੱਕ ਸੁਚਾਰੂ ਸੰਚਾਰ ਨੈਟਵਰਕ ਦੀ ਸਥਾਪਨਾ, ਰਾਸ਼ਟਰੀ ਰਾਜਮਾਰਗ ਅਤੇ ਹੋਰ ਮਾਰਗਾਂ ਦੇ ਨਾਲ ਟਰੈਫਿਕ ਨਿਯਮਾਂ ਲਈ ਸੁਚੱਜੀ ਯੋਜਨਾ ਸਮੇਤ ਕਈ ਹੋਰ ਮਸਲਿਆਂ ’ਤੇ ਵੀ ਚਰਚਾ ਕੀਤੀ । ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਪਾਰਕਿੰਗ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਸ਼ੰਭੂ ਬਾਰਡਰ ਤੋਂ ਫਿਲੌਰ, ਫਿਲੌਰ ਤੋਂ ਭੋਗਪੁਰ, ਭੋਗਪੁਰ ਤੋਂ ਪਠਾਨਕੋਟ ਅਤੇ ਪਠਾਨਕੋਟ ਤੋਂ ਲਖਨਪੁਰ ਬੈਰੀਅਰ ਸਮੇਤ ਸਾਰੇ ਚਾਰ ਯਾਤਰਾ ਮਾਰਗਾਂ ’ਤੇ ਸੁਰੱਖਿਆ ਬਲਾਂ ਦੀ ਰਣਨੀਤਕ ਤਾਇਨਾਤੀ ਕਰਨ ਲਈ ਵੀ ਕਿਹਾ।

ਜ਼ਿਕਰਯੋਗ ਹੈ ਕਿ ਸ਼ੰਭੂ ਤੋਂ ਮਾਧੋਪੁਰ ਤੱਕ ਫੈਲੇ ਪੰਜਾਬ ਦੇ ਖਿੱਤੇ ਨੂੰ ਚਾਰ ਸੈਕਟਰਾਂ ਵਿੱਚ ਵੰਡਿਆ ਗਿਆ ਹੈ- ਸ਼ੰਭੂ ਤੋਂ ਫਿਲੌਰ, ਫਿਲੌਰ ਤੋਂ ਭੋਗਪੁਰ, ਭੋਗਪੁਰ ਤੋਂ ਮੁਕੇਰੀਆਂ, ਅਤੇ ਮੁਕੇਰੀਆਂ ਤੋਂ ਮਾਧੋਪੁਰ।

ਅਧਿਕਾਰੀਆਂ, ਸੁਰੱਖਿਆ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਨਜ਼ਦੀਕੀ ਤਾਲਮੇਲ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ, ਵਿਸ਼ੇਸ਼ ਡੀਜੀਪੀ ਨੇ ਯਾਤਰਾ ਦੇ ਸੁਚਾਰੂ ਅਤੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸੁਚੱਜੀ ਯੋਜਨਾਬੰਦੀ ਅਤੇ ਪ੍ਰਭਾਵੀ ਵਿਧੀ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਥਾਵਾਂ ਅਤੇ ਬੇਸ ਕੈਂਪਾਂ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਅਜਿਹੇ ਖੇਤਰਾਂ ’ਤੇ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਕਿਸੇ ਵੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਵਿਆਪਕ ਆਫ਼ਤ ਪ੍ਰਬੰਧਨ ਪ੍ਰਬੰਧਾਂ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ, ਉਨਾਂ ਅੱਗਜ਼ਨੀ ਦੀਆਂ ਘਟਨਾਵਾਂ ਜਾਂ ਹੜ੍ਹਾਂ ਵਰਗੀਆਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸਓਪੀਜ਼) ਨੂੰ ਲਾਗੂ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਬਾਅਦ ਵਿੱਚ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਪੰਜਾਬ ਪੁਲਿਸ ਵੱਲੋਂ ਮਾਧੋਪੁਰ ਬੈਰੀਅਰ ਵਿਖੇ ਸਥਾਪਿਤ ਸੁਵਿਧਾ ਕੇਂਦਰ ਦਾ ਵੀ ਦੌਰਾ ਕੀਤਾ।
ਮੀਟਿੰਗ ਦੌਰਾਨ ਹੋਰ ਪਤਵੰਤਿਆਂ ਸਮੇਤ ਵੱਖ ਵੱਖ ਬ੍ਰਿਗੇਡਾਂ ਦੇ ਕਮਾਂਡਰ, ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਪਠਾਨਕੋਟ, ਐਸਐਸਪੀ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ, ਐਸਐਸਪੀ ਕਠੂਆ, ਐਸਐਸਪੀ ਨੂਰਪੁਰ, ਰਾਅ ਤੋਂ ਸ਼ੈਲੇਸ਼ ਕੁਮਾਰ, ਆਈਬੀ ਤੋਂ ਰਵਿੰਦਰ ਠਾਕੁਰ ਵੀ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..