April 24, 2024

Chandigarh Headline

True-stories

ਉਸਾਰੀ ਕਾਮੇ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਨੇੜਲੇ ਸੇਵਾ ਕੇਂਦਰਾਂ ’ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ: ਐਸ ਡੀ ਐਮ ਸਰਬਜੀਤ ਕੌਰ

1 min read

ਐੱਸ.ਏ.ਐੱਸ. ਨਗਰ, 28 ਜੂਨ, 2023: ਸਬ ਡਵੀਜ਼ਨ ਮੈਜਿਸਟ੍ਰੇਟ, ਮੋਹਾਲੀ, ਸਰਬਜੀਤ ਕੌਰ ਨੇ ਅੱਜ ਕਿਰਤ ਵਿਭਾਗ ਨਾਲ ਮੀਟਿੰਗ ਕਰਕੇ, ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ (ਆਰ.ਈ.ਸੀ.ਐਸ.) ਐਕਟ, 1996 ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਆਸ਼ਰਿਤ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ।

ਐਸ ਡੀ ਐਮ ਵਲੋਂ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਰਾਜ ਮਿਸਤਰੀ, ਇੱਟਾਂ/ਸੀਮੈਂਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਮਾਰਬਲ/ਟਾਇਲਾਂ ਲਗਾਉਣ ਵਾਲੇ, ਪੇਂਟਰ, ਪੀ.ਓ.ਪੀ. ਵਾਲੇ, (ਬਿਜਲੀ ਦੀਆਂ ਤਾਰਾਂ ਪਾਉਣਾ ਅਤੇ ਫਿਟਿੰਗ, ਵੈਲਡਰ, ਸੀਵਰਮੈਨ, ਕਲੈਰੀਕਲ (ਕੰਸਟਰਕਸ਼ਨ ਸਾਈਟ ’ਤੇ ਕੰਮ ਕਰਦੇ), ਕਿਸੇ ਵੀ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜ੍ਹਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ ਵੰਡ, ਸਿੰਚਾਈ, ਪਾਣੀਆਂ ਦੀ ਵੰਡ ਜਾਂ ਨਿਕਾਸੀ, ਟੈਲੀਫੋਨ ਤਾਰ, ਰੇਡੀਓ, ਰੇਲਵੇ, ਹਵਾਈ ਅੱਡੇ ਆਦਿ ਦੀ ਉਸਾਰੀ/ਮੁਰੰਮਤ, ਰੱਖ-ਰਖਾਅ ਜਾਂ ਢਾਹੁਣ ਦੇ ਕੰਮ ਲਈ ਕੁਸ਼ਲ, ਅਰਧ-ਕੁਸ਼ਲ ਕਾਰੀਗਰ ਜਾਂ ਸੁਪਰਵਾਇਜਰ ਦੇ ਤੌਰ ’ਤੇ ਤਨਖਾਹ ਜਾਂ ਮਿਹਨਤਾਨਾ ਲੈਕੇ ਕੰਮ ਕਰਦੇ ਹਨ ਤਾਂ ਉਹ ਉਸਾਰੀ ਕਿਰਤੀ ਅਖਵਾਉਦੇ ਹਨ। ਇਸ ਤੋ ਇਲਾਵਾ ਭੱਠਿਆ ਦੀ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਮਨਰੇਗਾ ਵਰਕਰ (ਜਿਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਘੱਟੋ-ਘੱਟ 90 ਦਿਨ ਉਸਾਰੀ ਨਾਲ ਸਬੰਧਤ ਕੰਮ ਕੀਤਾ ਹੋਵੇ) ਵੀ ਉਸਾਰੀ ਕਿਰਤੀ ਅਖਵਾਉਂਦੇ। ਉਨ੍ਹਾਂ ਉਪਰੋਕਤ ਸ੍ਰੇਣੀਆਂ ਨਾਲ ਸਬੰਧਤ ਉਸਾਰੀ ਕਿਰਤੀਆਂ ਨੂੰ ਸਰਕਾਰ ਪਾਸੋਂ ਮਿਲਦੇ ਲਾਭ ਦੇ ਹੱਕਦਾਰ ਬਣਨ ਲਈ ਆਪਣੀ ਰਜਿਸਟ੍ਰੇਸ਼ਨ ਤੁਰੰਤ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਕਰਵਾਉਣ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਬੈਂਕ ਪਾਸਬੁੱਕ, ਪਰਿਵਾਰ ਦੇ ਆਧਾਰ ਕਾਰਡ (ਮਾਤਾ-ਪਿਤਾ, ਪਤੀ ਜਾਂ ਪਤਨੀ ਅਤੇ ਬੱਚੇ, ਜਨਮ ਮਿਤੀ ਦਾ ਸਬੂਤ (ਪੈਨ ਕਾਰਡ/ਵੋਟਰ ਕਾਰਡ ਅਤੇ ਜਨਮ ਸਰਟੀਫਿਕੇਟ ਆਦਿ), ਫਾਰਮ ਨੰਬਰ 27 (ਸਵੈ ਘੋਸ਼ਣਾ ਪੱਤਰ) ਅਤੇ ਫਾਰਮ ਨੰਬਰ 29 (ਨੋਮਿਨੀ ਫਾਰਮ) ਨਾਲ ਲਿਜਾਏ ਜਾਣ।

ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਵਜੋਂ ਰਜਿਸਟਰ ਹੋਣ ’ਤੇ ਪਹਿਲੀ ਤੋਂ ਪੰਜਵੀਂ ਤੱਕ ਲੜਕਿਆਂ ਲਈ 3000 ਰੁਪਏ, ਲੜਕੀਆਂ ਲਈ 4000 ਰੁਪਏ, ਛੇਵੀਂ ਤੋਂ ਅੱਠਵੀਂ ਤੱਕ ਲੜਕਿਆਂ ਲਈ 5 ਹਜ਼ਾਰ ਰੁਪਏ, ਲੜਕੀਆਂ ਲਈ 7 ਹਜ਼ਾਰ ਰੁਪਏ, ਨੌਵੀਂ ਤੋਂ ਦਸਵੀਂ ਤੱਕ ਲੜਕਿਆਂ ਲਈ 10 ਹਜ਼ਾਰ ਰੁਪਏ, ਲੜਕੀਆਂ ਲਈ 13000 ਰੁਪਏ ਅਤੇ ਗਿਆਰਵੀਂ ਤੋਂ ਬਾਰ੍ਹਵੀਂ ਲੜਕਿਆਂ ਲਈ 20 ਹਜ਼ਾਰ ਰੁਪਏ, ਲੜਕੀਆਂ ਲਈ 25 ਹਜ਼ਾਰ ਰੁਪਏ ਦਾ ਵਜੀਫ਼ਾ ਮਿਲਦਾ ਹੈ। ਉਕਤ ਤੋਂ ਇਲਾਵਾ ਕਾਲਜ ਵਿਦਿਆਰਥੀ ਲਈ ਹਰ ਤਰ੍ਹਾਂ ਦੀ ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ), ਆਈ.ਟੀ.ਆਈ./ਪਾਲੀਟੈਕਨਿਕ ਵਿੱਚ ਤਕਨੀਕੀ ਅਤੇ ਹੋਰ ਪੇਸ਼ੇਵਰ ਪੜ੍ਹਾਈ ਜਿਵੇਂ ਕਿ ਏ.ਐਨ.ਐਮ/ਜੀ.ਐਨ.ਐਮ ਲਈ ਲੜਕਿਆਂ ਲਈ 25,000/- ਰੁਪਏ (ਜੇਕਰ ਹੋਸਟਲ ਵਿੱਚ ਵਿੱਚ ਰਹਿੰਦਾ ਹੈ ਤਾਂ ਕੁੱਲ 40,000/- ਰੁਪਏ) ਅਤੇ ਲੜਕੀਆਂ ਲਈ 30,000/- ਰੁਪਏ (ਜੇਕਰ ਹੋਸਟਲ ਵਿੱਚ ਵਿੱਚ ਹੈ ਤਾਂ ਕੁੱਲ 45,000/- ਰੁਪਏ) ਦਾ ਵਿਦਿਅਕ ਵਜੀਫ਼ਾ ਮਿਲਦਾ ਹੈ। ਮੈਡੀਕਲ/ਇੰਜੀਨੀਅਰਿੰਗ (ਹਰ ਤਰ੍ਹਾਂ ਦੀ ਮੈਡੀਕਲ/ਇੰਜੀਨੀਅਰਿੰਗ ਡਿਗਰੀ ਪੜ੍ਹਾਈ) ਲਈ ਲੜਕਿਆਂ ਲਈ 40,000/- ਰੁਪਏ (ਜੇਕਰ ਹੋਸਟਲ ਵਿੱਚ ਵਿੱਚ ਰਹਿੰਦਾ ਹੈ ਤਾਂ ਕੁੱਲ 60,000/- ਰੁਪਏ) ਅਤੇ ਲੜਕੀਆਂ ਲਈ 50,000/- ਰੁਪਏ (ਜੇਕਰ ਹੋਸਟਲ ਵਿੱਚ ਹੈ ਤਾਂ ਕੁੱਲ 70,000/- ਰੁਪਏ), ਦਾ ਵਜੀਫ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਐਨਕ (ਨਜ਼ਰ) ਲਈ 800 ਰੁਪਏ, ਦੰਦ ਲਗਵਾਉਣ ਵਾਸਤੇ 5000 ਰੁਪਏ ਅਤੇ ਕੰਨ ਵਾਸਤੇ ਸੁਣਨ ਯੰਤਰ ਲਗਵਾਉਣ ਵਾਸਤੇ 6000 ਰੁਪਏ ਦੀ ਸਹਾਇਤਾ ਮਿਲਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਤੋਂ ਇਲਾਵਾ ਰਜਿਸਟ੍ਰਡ ਉਸਾਰੀ ਕਿਰਤੀ ਦੀ ਲੜਕੀ ਦੀ ਸ਼ਾਦੀ ਲਈ ਸ਼ਗਨ ਰਾਸ਼ੀ, ਯਾਤਰਾ ਲਈ ਦੋ ਸਾਲ ’ਚ ਇੱਕ ਵਾਰ ਸਫ਼ਰ ਸਹੂਲਤ, ਕੁਦਰਤੀ ਮੌਤ ਹੋਣ ’ਤੇ 2 ਲੱਖ ਅਤੇ ਸੜ੍ਹਕ ਹਾਦਸੇ ’ਚ ਮੌਤ ਹੋਣ ’ਤੇ 4 ਲੱਖ, ਅੰਸ਼ਿਕ ਅਪੰਗਤਾ ਦੀ ਸੂਰਤ ’ਚ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਂਦਾ ਹੈ।

ਰਜਿਸਟ੍ਰਡ ਉਸਾਰੀ ਕਿਰਤੀ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਉਸਦੇ ਦਾਹ-ਸੰਸਕਾਰ ਅਤੇ ਕਿ੍ਰਆ-ਕ੍ਰਮ ਦੇ ਖਰਚੇ ਲਈ ਵਿੱਤੀ ਸਹਾਇਤਾ, ਉਸਾਰੀ ਕਿਰਤੀ ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਆਮ ਸਾਧਾਰਨ ਸਰਜਰੀ ਲਈ ਵਿੱਤੀ ਸਹਾਇਤਾ, ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ, ਇਸਤਰੀ ਲਾਭਪਾਤਰੀਆਂ ਲਈ ਜਣੇਪਾ ਸਕੀਮ (ਲਾਭਪਾਤਰੀ ਦੇ ਘਰ ਨਵ-ਜਨਮੇ ਬੱਚੇ ਲਈ), ਪੰਜੀਕਿ੍ਰਤ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗ ਜਾਂ ਦਿਵਿਆਂਗ ਬੱਚਿਆਂ ਦੀ ਸਾਂਭ-ਸੰਭਾਲ ਵਾਸਤੇ 20,000/- ਰੁਪਏ ਪ੍ਰਤੀ ਸਲਾਨਾ ਵਿੱਤੀ ਸਹਾਇਤਾ, ਪੰਜੀਕਿ੍ਰਤ ਉਸਾਰੀ ਕਿਰਤੀਆਂ ਦੇ ਘਰ ਨਵ ਜਨਮੀ ਬੇਟੀ ਲਈ ਬਾਲੜੀ ਤੋਹਫਾ ਸਕੀਮ ਤਹਿਤ ‘ਫਿਕਸ ਡਿਪੋਜ਼ਿਟ’ਅਤੇ ਪੰਜੀਕਿ੍ਰਤ ਉਸਾਰੀ ਕਿਰਤੀਆਂ ਦੀ ਉਮਰ 60 ਸਾਲ ਪੂਰੀ ਹੋਣ ਉਪਰੰਤ ਪੈਨਸ਼ਨ ਸਕੀਮ (ਕੰਡੀਸ਼ਨ ਦੇ ਹਿਸਾਬ ਨਾਲ) ਜਿਹੇ ਹੋਰ ਲਾਭ ਵੀ ਸ਼ਾਮਿਲ ਹਨ।

ਐਸ ਡੀ ਐਮ ਸਰਬਜੀਤ ਕੌਰ ਅਨੁਸਾਰ ਇਨ੍ਹਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਸਹਾਇਕ ਕਿਰਤ ਕਮਿਸ਼ਨਰ/ਕਿਰਤ ਤੇ ਸੁਲਾਹ ਅਫਸਰ/ ਲੇਬਰ ਇਨੰਫੋਰਸਮੈਂਟ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਮੀਟਿੰਗ ਵਿੱਚ ਹਰਪ੍ਰੀਤ ਸਿੰਘ, ਸਹਾਇਕ ਕਿਰਤ ਕਮਿਸ਼ਨਰ, ਜਸਵਿੰਦਰ ਸਿੰਘ, ਐਸ.ਡੀ.ਓ, ਪੰਜਾਬ ਮੰਡੀ ਬੋਰਡ, ਰਾਜਿੰਦਰ ਕੁਮਾਰ, ਸੈਨੀਟੇਸ਼ਨ ਵਿਭਾਗ, ਖੁਸ਼ਵੰਤ ਬੀਰ ਸਿੰਘ, ਪੀ.ਡਬਲਿਯੂ.ਡੀ., ਦਲਬੀਰ ਕੌਰ, ਏ.ਪੀ.ਆਰ.ਓ, ਚਰਨਜੀਤ ਸਿੰਘ, ਸੁਪਰਡੰਟ, ਮਿਉਂਸੀਪਲ ਕਾਰਪੋਰੇਸ਼ਨ, ਸੰਜੀਵ ਕੁਮਾਰ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਤੇ ਪਦਮਜੀਤ ਸਿੰਘ, ਲੇਬਰ ਇੰਨਫੋਰਸਮੇਂਟ ਅਫਸਰ, ਗ੍ਰੇਡ-1 ਸ਼ਾਮਿਲ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..