July 27, 2024

Chandigarh Headline

True-stories

ਜਰਨੈਲ ਸਿੰਘ ਕਤਲ ਮਾਮਲਾ: ਏਜੀਟੀਐਫ ਵੱਲੋਂ ਬੰਬੀਹਾ ਗੈਂਗ ਦਾ ਕਾਰਕੁੰਨ ਗੁਰਵੀਰ ਗੁਰੀ ਗ੍ਰਿਫ਼ਤਾਰ; ਪਿਸਤੌਲ ਬਰਾਮਦ

1 min read

ਚੰਡੀਗੜ੍ਹ, 31 ਮਈ, 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਪਿੰਡ ਸਠਿਆਲਾ ਵਿਖੇ ਹੋਏ ਜਰਨੈਲ ਸਿੰਘ ਦੇ ਕਤਲ ’ਚ ਸ਼ਾਮਲ ਮੁਲਜ਼ਮ ਗੁਰਵੀਰ ਸਿੰਘ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਪੁਲਿਸ ਟੀਮਾਂ ਵੱਲੋਂ ਉਸ ਕੋਲੋਂ 7 ਜਿੰਦਾ ਕਾਰਤੂਸਾਂ ਸਮੇਤ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ।

ਪੰਜਾਬ ਪੁਲਿਸ ਨੇ ਇਹ ਸਫ਼ਲਤਾ ਜਰਨੈਲ ਸਿੰਘ ਦੀ ਹੱਤਿਆ ਪਿੱਛੇ ਬੰਬੀਹਾ ਗੈਂਗ ਦੀ ਭੂਮਿਕਾ ਦਾ ਪਤਾ ਲਗਾਉਣ ਅਤੇ ਕਤਲ ਵਿੱਚ ਸ਼ਾਮਲ ਬੰਬੀਹਾ ਗੈਂਗ ਦੇ 10 ਮੈਂਬਰਾਂ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਇੱਕ ਦਿਨ ਬਾਅਦ ਪ੍ਰਾਪਤ ਹੋਈ। ਦੱਸਣਯੋਗ ਹੈ ਕਿ ਜਰਨੈਲ ਸਿੰਘ ਨੂੰ 24 ਮਈ ਨੂੰ ਚਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਆਈਜੀ ਏਜੀਟੀਐਫ ਸੰਦੀਪ ਗੋਇਲ ਦੀ ਅਗਵਾਈ ਵਿੱਚ ਏਜੀਟੀਐਫ ਦੀ ਟੀਮ ਵੱਲੋਂ ਗੁਰਵੀਰ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਬੰਬੀਹਾ ਗੈਂਗ ਦਾ ਇੱਕ ਸ਼ੂਟਰ ਹੈ ਅਤੇ ਅਪਰਾਧਿਕ ਪਿਛੋਕੜ ਵਾਲਾ ਹੈ ਜਿਸ ਵਿਰੁੱਧ ਕਤਲ, ਇਰਾਦਾ ਕਤਲ, ਲੁੱਟ-ਖੋਹ, ਐਨਡੀਪੀਐਸ ਐਕਟ ਅਤੇ ਅਸਲਾ ਐਕਟ ਦੇ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਭਗੌੜਾ ਵੀ ਕਰਾਰਿਆ ਗਿਆ ਸੀ।

ਇਹ ਆਪ੍ਰੇਸ਼ਨ ਡੀਐਸਪੀ ਰਾਜਨ ਪਰਮਿੰਦਰ ਅਤੇ ਡੀਐਸਪੀ ਬਿਕਰਮ ਬਰਾੜ ਦੀ ਨਿਗਰਾਨੀ ਹੇਠ ਚਲਾਇਆ ਗਿਆ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਗੁਰਵੀਰ ਨੇ ਮਨਪ੍ਰੀਤ ਸਿੰਘ ਉਰਫ ਮੁੰਨ ਜੋ ਮੌਜੂਦਾ ਸਮੇਂ ਪੁਰਤਗਾਲ ਵਿੱਚ ਰਹਿ ਰਿਹਾ ਹੈ ਅਤੇ ਬਲਵਿੰਦਰ ਸਿੰਘ ਉਰਫ਼ ਡੋਨੀ ਨਾਲ ਮਿਲ ਕੇ ਜਰਨੈਲ ਸਿੰਘ ਦੇ ਕਤਲ ਦੀ ਸਾਜਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਗੁਰਵੀਰ ਗੁਰੀ ਨੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਲਈ ਹਥਿਆਰ ਮੁਹੱਈਆ ਕਰਵਾਏ। ਮਨਪ੍ਰੀਤ ਮੁੰਨ ਫਰਾਰ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਘਨਸ਼ਾਮਪੁਰੀਆ ਦਾ ਭਰਾ ਹੈ।

ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਗੁਰਵੀਰ ਗੁਰੀ ਨੇ ਜਰਨੈਲ ਸਿੰਘ ਦੇ ਕਤਲ ਵਿੱਚ ਗਗਨਦੀਪ ਸਿੰਘ ਉਰਫ਼ ਦੱਦੀ, ਜੋਬਨਜੀਤ ਸਿੰਘ ਉਰਫ਼ ਬਿੱਲਾ, ਜੋਬਨ, ਗੁਰਮੇਜ ਸਿੰਘ, ਮਨਜੀਤ ਮਾਹਲ ਅਤੇ ਦੋ ਹੋਰ ਅਣਪਛਾਤੇ ਅਪਰਾਧੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।

ਹੋਰ ਜਾਣਕਾਰੀ ਦਿੰਦਿਆਂ ਏਆਈਜੀ ਏਜੀਟੀਐਫ ਸੰਦੀਪ ਗੋਇਲ ਨੇ ਦੱਸਿਆ ਕਿ ਗੁਰਵੀਰ ਗੁਰੀ ਐਸ.ਏ.ਐਸ.ਨਗਰ ਦੇ ਥਾਣਾ ਸੋਹਾਣਾ ਖੇਤਰ ਵਿੱਚ ਚੈਕਿੰਗ ਨਾਕੇ ’ਤੇ ਤਾਇਨਾਤ ਪੁਲਿਸ ਪਾਰਟੀ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇੱਕ ਹੋਰ ਸਨਸਨੀਖੇਜ਼ ਅਪਰਾਧ ਵਿੱਚ, ਮੁਲਜ਼ਮ ਗੁਰਵੀਰ ਗੁਰੀ ਨੇ ਐਸਬੀਐਸ ਨਗਰ ਵਿੱਚ ਇੱਕ ਡਾਕਟਰ ’ਤੇ ਗੋਲੀਆਂ ਚਲਾਈਆਂ ਸਨ।

ਜ਼ਿਕਰਯੋਗ ਹੈ ਕਿ ਇਸ ਸਬੰਧੀ ਐਫਆਈਆਰ ਨੰਬਰ 6 ਮਿਤੀ 30-05-2023 ਤਹਿਤ ਪੁਲਿਸ ਸਟੇਸ਼ਨ ਪੰਜਾਬ ਸਟੇਟ ਕਰਾਈਮ, ਐਸ.ਏ.ਐਸ.ਨਗਰ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 473 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..