ਪੀ.ਡੀ.ਏ. ਨੇ ਅਣ ਅਧਿਕਾਰਤ ਕਲੋਨੀਆਂ ਢਹਾਈਆਂ
1 min readਪਟਿਆਲਾ, 31 ਮਈ, 2023: ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ.ਡੀ.ਏ.) ਵੱਲੋਂ ਜ਼ਿਲ੍ਹਾ ਨਗਰ ਯੋਜਨਾਕਾਰ (ਰੈਗੂਲੇਟਰੀ) ਦੀ ਅਗਵਾਈ ਵਿੱਚ ਪਿੰਡ ਸੰਧਾਰਸੀ, ਪਿੰਡ ਮੁਗਲਮਾਜਰਾ, ਪਿੰਡ ਲਾਛੜੂ ਖੁਰਦ, ਪਿੰਡ ਬਘੌਰਾ ਤਹਿਸੀਲ ਘਨੌਰ ਤੇ ਜ਼ਿਲ੍ਹਾ ਪਟਿਆਲਾ ਵਿਖੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 ਦੀ ਉਲੰਘਣਾ ਕਰਕੇ ਵਿਕਸਿਤ ਕੀਤੀਆਂ ਗਈਆਂ 4 ਅਣ-ਅਧਿਕਾਰਤ ਕਲੋਨੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ ਪੀ.ਡੀ.ਏ. ਦੇ ਅਧਿਕਾਰੀਆਂ ਵੱਲੋਂ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਕਿ ਪੀ.ਡੀ.ਏ., ਪਟਿਆਲਾ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਕਲੋਨੀ ਦੀ ਉਸਾਰੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਇਹਨਾਂ ਵਿਕਸਤ ਹੋਈਆਂ ਕਲੋਨੀਆਂ ਵਿੱਚ ਆਪਣੀ ਅਹਿਮ ਪੂੰਜੀ ਨੂੰ ਨਿਵੇਸ਼ ਕਰਨ ਤੋਂ ਬਚਾਇਆ ਜਾ ਸਕੇ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਹੋ ਰਹੇ ਗੈਰ-ਯੋਜਨਾਬੱਧ ਵਿਕਾਸ ਨੂੰ ਰੋਕਿਆ ਜਾ ਸਕੇ।
ਇਸ ਦੌਰਾਨ ਪੀ.ਡੀ.ਏ. ਦੇ ਅਧਿਕਾਰੀਆਂ ਵੱਲੋਂ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਪਟਿਆਲਾ ਵਾਸੀ ਭਵਿੱਖ ਵਿੱਚ ਕਿਸੇ ਵੀ ਕਲੋਨੀ ਵਿੱਚ ਮਕਾਨ/ਪਲਾਟ ਦੀ ਖ਼ਰੀਦ ਤੋਂ ਪਹਿਲਾ ਉਸ ਕਲੋਨੀ ਸਬੰਧੀ ਸਰਕਾਰ/ਪੀ.ਡੀ.ਏ. ਪਾਸੋਂ ਪ੍ਰਵਾਨਗੀ ਸਬੰਧੀ ਦਸਤਾਵੇਜ਼ ਚੈੱਕ ਕਰ ਲੈਣ ਜਾਂ ਇਸ ਸਬੰਧੀ ਪੀ.ਡੀ.ਏ. ਦਫ਼ਤਰ ਜਾਣਕਾਰੀ ਪ੍ਰਾਪਤ ਕਰ ਲੈਣ ਤਾਂ ਜੋ ਉਹਨਾਂ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਇਹ ਵੀ ਸੂਚਿਤ ਕੀਤਾ ਗਿਆ ਕਿ ਇਹਨਾਂ ਕਲੋਨੀਆਂ ਤੋਂ ਇਲਾਵਾ ਕੁੱਝ ਹੋਰ ਅਣ-ਅਧਿਕਾਰਤ ਕਲੋਨਾਈਜ਼ਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਇਸ ਸਬੰਧੀ ਕੋਈ ਪੁਖ਼ਤਾ ਜਵਾਬ ਜਾਂ ਦਸਤਾਵੇਜ਼ ਨੋਟਿਸ ਵਿੱਚ ਦਿੱਤੇ ਸਮੇਂ ਦੌਰਾਨ ਪ੍ਰਾਪਤ ਨਹੀਂ ਹੁੰਦੇ ਹਨ ਤਾਂ ਉਹਨਾਂ ਵਿਰੁੱਧ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ।
ਇਸ ਕਾਰਵਾਈ ਦੌਰਾਨ ਉਪ ਮੰਡਲ ਇੰਜੀਨੀਅਰ ਪਾਰਸ ਗਰਗ, ਸਹਾਇਕ ਨਗਰ ਯੋਜਨਾਕਾਰ ਜਗਪ੍ਰੀਤ ਸਿੰਘ, ਉਪ ਮੰਡਲ ਇੰਜੀਨੀਅਰ ਰਾਜੀਵ ਕੁਮਾਰ, ਉਪ ਮੰਡਲ ਇੰਜੀਨੀਅਰ ਗੁਰਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ ਸੰਜੀਵ ਕੁਮਾਰ, ਜੂਨੀਅਰ ਇੰਜੀਨੀਅਰ ਮੁਨੀਸ਼ ਗਰਗ, ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ ਅਮਰਿੰਦਰ ਸਿੰਘ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।