ਜੇ ਕੋਈ ਸਾਡਾ ਵਿਧਾਇਕ ਜਾਂ ਮੰਤਰੀ ਕਿਸੇ ਵਪਾਰੀ ਤੋਂ ਹਿੱਸਾ ਮੰਗੇਗਾ ਤਾਂ ਖ਼ਬਰ ਮਿਲਦੇ ਹੀ ਕਾਰਵਾਈ ਕਰਾਂਗੇ: ਅਰਵਿੰਦ ਕੇਜਰੀਵਾਲ
ਮੋਹਾਲੀ,16 ਫਰਵਰੀ, 2022: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿਚੋਂ ਇੰਸਪੈਕਟਰੀ ਰਾਜ ਅਤੇ ਰੇਡ ਖਤਮ ਕਰਨ ਦੇ ਨਾਲ ਨਾਲ ਸਿਆਸੀ ਆਗੂਆਂ ਵੱਲੋਂ ਵਸੂਲ ਕੀਤਾ ਜਾਂਦਾ ਹਫ਼ਤਾ ਖ਼ਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚ ਵਪਾਰ, ਉਦਯੋਗ ਅਤੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਸੁਰੱਖਿਆ ਦਾ ਮਹੌਲ ਸਿਰਜਿਆ ਜਾਵੇਗਾ ਤਾਂ ਜੋ ਕਿਸੇ ਵੀ ਵਾਪਾਰੀ ਨੂੰ ਆਪਣੇ ਕਾਰੋਬਾਰ ਵਿੱਚ ਕੋਈ ਮੁਸ਼ਕਲ ਨਾ ਆਵੇ।
ਬੁੱਧਵਾਰ ਨੂੰ ਮੋਹਾਲੀ ਵਿੱਚ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇੇ ਪੰਜਾਬ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨਾਲ ਸੰਬੰਧਿਤ ਕਈ ਐਲਾਨ ਕੀਤੇ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਝੂਠੇ ਪਰਚੇ ਦਰਜ ਕਰਕੇ ਲੋਕਾਂ ਵਿੱਚ ਡਰ ਦਾ ਮਹੌਲ ਪੈਦਾ ਕੀਤਾ। ਆਵਾਜ਼ ਚੁੱਕਣ ਵਾਲੇ ਹਜਾਰਾਂ ਲੋਕਾਂ ਦੇ ਖਿਲਾਫ਼ ਪੁਲੀਸ ਦੀ ਦੁਰਵਰਤੋਂ ਕਰਕੇ ਝੂਠੇ ਪਰਚੇ ਦਰਜ ਕਰਾਏ ਗਏ। ਅਕਾਲੀ ਤੇ ਕਾਂਗਰਸ ਦੇ ਗੁੰਡਾਰਾਜ ਦੇ ਕਾਰਨ ਅੱਜ ਪੰਜਾਬ ਦੇ ਲੋਕ ਡਰੇ ਹੋਏ ਹਨ ਅਤੇ ਖੁੱਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਪਰਚਾ ਰਾਜ ਖ਼ਤਮ ਕਰੇਗੀ। ਸਾਰੇ ਝੂਠੇ ਪਰਚੇ ਰੱਦ ਕਰਕੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਵਾਂਗੇ ਅਤੇ ਡਰ ਰਹਿਤ ਮਹੌਲ ਬਣਾਵਾਂਗੇ।
ਵਾਪਾਰੀ ਵਰਗ ਦੀ ਸੁਰੱਖਿਆ ਲਈ ਕੇਜਰੀਵਾਲ ਨੇ ਐਲਾਲ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਵਾਪਾਰੀਆਂ ਤੋਂ ਹਫ਼ਤਾ ਮੰਗਦੇ ਹਨ। ਪੈਸੇ ਦੇਣ ਤੋਂ ਨਾ ਕਰਨ ‘ਤੇ ਛਾਪੇ ਮਰਵਾਉਂਦੇ ਹਨ। ਪੰਜਾਬ ਦੇ ਵਾਪਾਰੀ ਭ੍ਰਿਸ਼ਟ ਆਗੂਆਂ ਅਤੇ ਅਫਸਰਾਂ ਤੋਂ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜੇ ਕੋਈ ਸਾਡਾ ਵਿਧਾਇਕ ਜਾਂ ਮੰਤਰੀ ਕਿਸੇ ਵਪਾਰੀ ਤੋਂ ਹਿੱਸਾ ਮੰਗੇਗਾ ਤਾਂ ਖ਼ਬਰ ਮਿਲਦੇ ਹੀ ਕਾਰਵਾਈ ਕਰਾਂਗੇ। ਆਪ ਸਰਕਾਰ ਵਾਪਾਰੀਆਂ ਦੇ ਨਾਲ ਮਿਲ ਕੇ ਕੰਮ ਕਰੇਗੀ ਅਤੇ ਵਾਪਾਰ ਨੂੰ ਵਧਾਉਣ ਲਈ ਨਵੀਆਂ ਯੋਜਨਾਵਾਂ ਬਣਾਏਗੀ।
ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਾਪਾਰੀਆਂ ਅਤੇ ਆੜਤੀਆਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ। ਜਿਸ ਤਰਾਂ ਦਿੱਲੀ ਦੇ ਵਾਪਾਰੀਆਂ ਦਾ ਦਿਲ ਜਿਤਿਆ, ਉਸੇ ਤਰਾਂ ਪੰਜਾਬ ਦੇ ਵਾਪਾਰੀਆਂ ਦਾ ਦਿਲ ਵੀ ਜਿੱਤਣਗੇ। ਵਾਪਾਰੀਆਂ ਦਾ ਡਰ ਖ਼ਤਮ ਕਰਨ ਲਈ ਇੰਸਪੈਕਟਰੀ ਰਾਜ, ਰੇਡ ਰਾਜ ਅਤੇ ਨਾਜਾਇਜ ਟੈਕਸ ਪੂਰੀ ਤਰਾਂ ਖ਼ਤਮ ਕਰਾਂਗੇ ਅਤੇ ਵਪਾਰ ਲਈ ਚੰਗਾ ਅਤੇ ਸੁਰੱਖਿਅਤ ਮਹੌਲ ਤਿਆਰ ਕਰਾਂਗੇ।
‘ਆਪ’ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੇ ਵਾਪਾਰੀਆਂ, ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਕੋਈ ਆਗੂ ਵਪਾਰੀਆਂ ਤੋਂ ਹਿੱਸਾ ਨਹੀਂ ਮੰਗਾਂਗੇ, ਸਗੋਂ ਉਨਾਂ ਨੂੰ ਸਰਕਾਰ ਵਿੱਚ ਹਿੱਸੇਦਾਰ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਵਪਾਰ ਨੂੰ ਪੁਲਿਸ ਅਤੇ ਰਾਜਨੀਤੀ ਤੋਂ ਪੂਰੀ ਤਰਾਂ ਦੂਰ ਰੱਖਿਆ ਜਾਵੇਗਾ ਅਤੇ ਉਦਯੋਗ, ਵਪਾਰ ਲਈ ਸੁਰੱਖਿਅਤ ਮਹੌਲ ਤਿਆਰ ਕੀਤਾ ਜਾਵੇਗਾ। ਪੰਜਾਬ ਤੋਂ ਬਾਹਰ ਜਾ ਰਹੇ ਵਾਪਾਰੀਆਂ ਨੂੰ ਰੋਕਿਆ ਜਾਵੇਗਾ। ਮਾਨ ਨੇ ਕਿਹਾ ਕਿ ਵਪਾਰ ਵਧਣ ਨਾਲ ਸਰਕਾਰ ਦੀ ਆਮਦਨ ਵਧੇਗੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਵਧਣਗੇ।