July 27, 2024

Chandigarh Headline

True-stories

ਮੁੱਖ ਮੰਤਰੀ ਭਗਵੰਤ ਮਾਨ ਦਾ ਚੇਨਈ ਅਤੇ ਹੈਦਰਾਬਾਦ ਦੌਰਾ ਸਨਅਤੀ ਵਿਕਾਸ ਨੂੰ ਹੋਰ ਤੇਜ਼ ਕਰਨ ‘ਚ ਹੋਵੇਗਾ ਸਹਾਈ: ਜਿੰਪਾ

1 min read

ਚੰਡੀਗੜ੍ਹ, 24 ਦਸੰਬਰ, 2022 : ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਚੇਨਈ ਅਤੇ ਹੈਦਰਾਬਾਦ ਦਾ ਕੀਤਾ ਦੌਰਾ ਸੂਬੇ ਲਈ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਉੱਚ ਅਫਸਰਾਂ ਦੇ ਵਫਦ ਸਮੇਤ ਵੱਡੇ ਉਦਯੋਗਪਤੀਆਂ ਨਾਲ ਨਿੱਜੀ ਪੱਧਰ ‘ਤੇ ਕੀਤੀਆਂ ਮੀਟਿੰਗਾਂ ਨਾਲ ਪੰਜਾਬ ਨੂੰ ਭਵਿੱਖ ਵਿਚ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਜ਼ਬੂਤ ਅਤੇ ਈਮਾਨਦਾਰ ਸਰਕਾਰ ਹੋਣ ਕਰਕੇ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਅਤੇ ਸਭ ਤੋਂ ਵਧੀਆ ਪਸੰਦ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ 23-24 ਫਰਵਰੀ ਨੂੰ ਐਸ.ਏ.ਐਸ., ਨਗਰ, ਮੁਹਾਲੀ ਵਿਖੇ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਦੌਰਾਨ ਪੰਜਾਬ ਵਿਚ ਵੱਡਾ ਨਿਵੇਸ਼ ਆਉਣ ਦੀਆਂ ਸੰਭਾਵਨਾਵਾਂ ਹਨ ਕਿਉਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਉਦਯੋਗਿਕ ਹੱਬ ਵਜੋਂ ਉਭਾਰਨ ਦਾ ਦ੍ਰਿੜ੍ਹ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਪੱਧਰ `ਤੇ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਥਾਹ ਮੌਕਿਆਂ ਦੀ ਧਰਤੀ ਹੈ ਅਤੇ ਨਿਵੇਸ਼ ਤੇ ਕਾਰੋਬਾਰ ਦੇ ਵਿਸਤਾਰ ਲਈ ਇਹ ਸਭ ਤੋਂ ਅਨੁਕੂਲ ਸੂਬਾ ਹੈ।

ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦੇਸ਼ ਦੀਆਂ ਵੱਡੀਆਂ ਉਦਯੋਗਿਕ ਥਾਂਵਾਂ ਦਾ ਦੌਰਾ ਜਿੱਥੇ ਇਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰੇਗਾ, ਉੱਥੇ ਦੂਜੇ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਵੀ ਖੋਲ੍ਹੇਗਾ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਵਾਲੇ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਅਨੁਕੂਲ ਮਾਹੌਲ ਦੇਣ ਦਾ ਭਰੋਸਾ ਦਿੱਤਾ ਹੈ। ਜਿੰਪਾ ਨੇ ਆਸ ਪ੍ਰਗਟਾਈ ਹੈ ਕਿ ਮੁੱਖ ਮੰਤਰੀ ਦਾ ਇਹ ਦੌਰਾ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..