September 8, 2024

Chandigarh Headline

True-stories

ਸਰਕਾਰ ਵੱਲੋਂ ਗਠਿਤ ਕੀਤੀਆਂ ਕਮੇਟੀਆਂ ਨੇ ਜ਼ੀਰਾ ਫੈਕਟਰੀ ਸਣੇ ਕਈ ਪਿੰਡਾਂ ਦਾ ਕੀਤਾ ਦੌਰਾ

1 min read

ਜ਼ੀਰਾ/ਫਿਰੋਜ਼ਪੁਰ, 24 ਦਸੰਬਰ, 2022: ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫੈਕਟਰੀ(ਮਾਲਬੋਰੋਜ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ) ਦੇ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਕਮੇਟੀਆਂ ਵਿਚ ਪਾਣੀ ਦੇ ਪ੍ਰਦੂਸ਼ਣ ਦੀ ਜਾਂਚ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ, ਮਿੱਟੀ ਅਤੇ ਫਸਲਾਂ ਦੀ ਜਾਂਚ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਿੰਡਾਂ ਵਿਚ ਕੈਂਸਰ, ਹੈਪੈਟਾਈਟਸ ਬੀ ਆਦਿ ਬਿਮਾਰੀਆਂ ਦੇ ਵੱਧ ਰਹੇ ਕੇਸਾਂ ਦੀ ਜਾਂਚ ਲਈ ਸਿਹਤ ਵਿਭਾਗ ਅਤੇ ਪਸ਼ੂਆਂ ਵਿਚ ਬਿਮਾਰੀਆਂ ਆਦਿ ਦੀ ਜਾਂਚ ਲਈ ਗੜਵਾਸੂ (ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ) ਯੂਨੀਵਰਸਿਟੀ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਇਹ ਜਾਣਕਾਰੀ ਐਸਡੀਐਮ ਜ਼ੀਰਾ ਗਗਨਦੀਪ ਸਿੰਘ ਨੇ ਦਿੱਤੀ।

ਐਸਡੀਐਮ ਗਗਨਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਗਠਿਤ ਕਮੇਟੀਆਂ ਵੱਲੋਂ ਅੱਜ ਜ਼ੀਰਾ ਵਿਖੇ ਸਥਿਤ ਸ਼ਰਾਬ ਫੈਕਟਰੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿਸ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜਿਸ ਵਿਚ ਚੇਅਰਮੈਨ ਆਦਰਸ਼ਪਾਲ ਵਿੱਜ, ਸੈਕਟਰੀ ਕਰੁਨੇਸ਼ ਗਰਗ, ਐਸ.ਈ ਹਰਬੀਰ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਲ ਸਨ ਵੱਲੋਂ ਫੈਕਟਰੀ ਅੰਦਰ ਸਥਿਤ ਬੋਰਵੈਲ ਅਤੇ ਪੀਜੋਮੀਟਰ ਦੇ ਪਾਣੀ ਦੇ ਸੈਂਪਲ ਲਏ ਗਏ ਅਤੇ ਪਿੰਡਾਂ ਵਿਚ ਜਾ ਕੇ ਵੀ ਪਾਣੀ ਦੇ ਸੈਂਪਲ ਇੱਕਠੇ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਪੂਰੀ ਫੈਕਟਰੀ ਦਾ ਦੌਰਾ ਕੀਤਾ ਅਤੇ ਫੈਕਟਰੀ ਦੇ ਵੱਖ ਵੱਖ ਕੰਪੋਨੈਂਟ ਦੀ ਜਾਂਚ ਕੀਤੀ ਅਤੇ ਫੈਕਟਰੀ ਦੇ ਅਧਿਕਾਰੀਆਂ ਤੋਂ ਫੈਕਟਰੀ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ।

ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀ ਜਿਸ ਵਿਚ ਡਾ.ਰਾਕੇਸ਼ ਕੱਕੜ (ਏਮਜ), ਡਾ. ਪੀਵੀਐਮ ਲੱਕਛਮੀ (ਪੀਜੀਆਈ), ਡਾ. ਰਾਵਿੰਦਰ ਖਾਇਵਲ (ਪੀਜੀਆਈ), ਡਾ. ਗਗਨਦੀਪ ਸਿੰਘ (ਸਿਹਤ ਵਿਭਾਗ ਪੰਜਾਬ) ਸ਼ਾਮਲ ਹਨ ਦੀਆਂ ਟੀਮਾਂ ਵੱਲੋਂ ਪਿੰਡਾਂ ਵਿਚ ਜਾ ਕੇ ਜਿੱਥੇ ਕਿਸੇ ਘਰ ਵਿਚ ਕੋਈ ਕੈਂਸਰ ਦੀ ਬੀਮਾਰੀ ਜਾ ਕੋਈ ਹੋਰ ਬੀਮਾਰੀ ਨਾਲ ਪੀੜਿਤ ਸੀ ਜਾਂ ਹੈ ਬਾਰੇ ਜਾਣਕਾਰੀ ਲਈ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਜਾਂਚ ਲਈ ਡਾਟਾ ਇੱਕਤਰਿਤ ਕੀਤਾ। ਇਸ ਦੇ ਨਾਲ ਹੀ ਵੈਟਰਨਰੀ ਯੂਨੀਵਰਸਿਟੀ ਤੋਂ ਆਏ ਡਾ. ਐਸ.ਐਸ ਰੰਧਾਵਾ ਅਤੇ ਡਾ. ਜਸਬੀਰ ਬੇਦੀ ਵੱਲੋਂ ਪਿੰਡਾਂ ਵਿਚ ਪਸ਼ੂਆਂ ਨੂੰ ਹੋ ਰਹੀਆਂ ਬਿਮਾਰੀਆਂ ਬਾਰੇ ਜਾਂਚ ਪੜਤਾਲ ਕੀਤੀ ਅਤੇ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਟੀਮਾਂ ਵੱਲੋਂ ਅਗਲੇ ਕੁੱਝ ਦਿਨ ਲਗਾਤਾਰ ਪਿੰਡਾਂ ਵਿਚ ਦੌਰਾ ਕੀਤਾ ਜਾਵੇਗਾ ਅਤੇ ਲੋਕਾ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਨਾਲ ਹੀ ਹੋਰ ਵੀ ਲੋੜੀਂਦੇ ਸੈਂਪਲ ਲਏ ਜਾਣਗੇ। ਉਨ੍ਹਾ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਵੀ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਫਸਲਾਂ ਅਤੇ ਭੂਮੀ ਆਦਿ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀ ਜਾਣਕਾਰੀ ਇੱਕਠੀ ਹੋਣ ਉਪਰੰਤ ਕੰਪਾਇਲ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਵੱਲੋਂ ਧਰਨੇ ਵਾਲੀ ਥਾਂ ਤੇ ਲੱਗੇ ਪੰਡਾਲ ਵਿਚ ਆਗੂਆਂ ਨੂੰ ਕਮੇਟੀ ਵਿਚ ਆਪਣੇ ਮੈਂਬਰ ਦੇਣ ਲਈ ਮੁਨਿਆਦੀ ਵੀ ਕਾਰਵਾਈ ਗਈ ਪਰ ਧਰਨਾਕਰੀਆਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਠਿਤ ਕੀਤੀਆਂ ਕਮੇਟੀਆਂ ਦੇ ਮੈਂਬਰਾਂ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ।ਉਨ੍ਹਾਂ ਇਲਾਕਾ ਨਿਵਾਸੀਆਂ , ਪੰਚਾਇਤਾਂ , ਮੋਰਚਾ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਕਮੇਟੀਆਂ ਨਾਲ ਸਹਿਯੋਗ ਕਰਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..