November 2, 2024

Chandigarh Headline

True-stories

ਨਸ਼ਿਆਂ ਵਿਰੁੱਧ ਜੰਗ: ਇੱਕ ਮਹੀਨੇ ਵਿੱਚ ਫੜੇ ਗਏ 2205 ਨਸ਼ਾ ਤਸਕਰਾਂ ਵਿੱਚੋਂ 260 ਵੱਡੀਆਂ ਮੱਛੀਆਂ; 49 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ

1 min read

ਚੰਡੀਗੜ੍ਹ, 1 ਅਗਸਤ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਨੂੰ ਲਗਭਗ ਇੱਕ ਮਹੀਨਾ ਪੂਰਾ ਹੋਣ ਦੇ ਨਾਲ ਪੰਜਾਬ ਪੁਲਿਸ ਨੇ 5 ਜੁਲਾਈ, 2022 ਤੋਂ ਹੁਣ ਤੱਕ 260 ਵੱਡੀਆਂ ਮੱਛੀਆਂ ਸਮੇਤ 2205 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਮੇਂ ਦੌਰਾਨ ਪੁਲਿਸ ਵੱਲੋਂ ਕੁੱਲ 1730 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 145 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ।

ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਪਿਛਲੇ ਮਹੀਨੇ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ‘ਚੋਂ 48.95 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਪਿਛਲੇ ਮਹੀਨੇ 99 ਭਗੌੜਿਆਂ ਅਤੇ ਐਨਡੀਪੀਐਸ ਕੇਸਾਂ ਵਿੱਚ ਲੋੜੀਂਦੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਬਾਰੇ ਮਹੀਨਾਵਾਰ ਅਪਡੇਟਸ ਦਿੰਦਿਆਂ, ਆਈਜੀਪੀ ਨੇ ਕਿਹਾ ਕਿ ਪੁਲਿਸ ਨੇ 30 ਕਿਲੋਗ੍ਰਾਮ ਹੈਰੋਇਨ, 75 ਕਿਲੋਗ੍ਰਾਮ ਅਫੀਮ, 69 ਕਿਲੋਗ੍ਰਾਮ ਗਾਂਜਾ ਅਤੇ 185 ਕੁਇੰਟਲ ਭੁੱਕੀ ਬਰਾਮਦ ਕੀਤੀ ਹੈ ਅਤੇ ਇਸ ਤੋਂ ਇਲਾਵਾ ਸੂਬੇ ਭਰ ਵਿੱਚ ਫਾਰਮਾ ਓਪੀਓਡਜ਼ ਦੀਆਂ 12.56 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ ‘ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 329 ਐਫਆਈਆਰ ਦਰਜ ਕਰਦਿਆਂ 453 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 8.4 ਕਿਲੋ ਹੈਰੋਇਨ, 10 ਕਿਲੋ ਅਫੀਮ, 2 ਕਿਲੋ ਗਾਂਜਾ ਅਤੇ 21 ਕੁਇੰਟਲ ਭੁੱਕੀ ਬਰਾਮਦ ਕਰਨ ਤੋਂ ਇਲਾਵਾ 10.46 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਾਰੇ ਪੁਲਿਸ ਜ਼ਿਲ੍ਹਿਆਂ ਦੀ ਹਫਤਾਵਾਰੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਅਤੇ ਡਰੱਗ ਮਨੀ ਦੀ ਬਰਾਮਦਗੀ, ਕੇਸ ਦਰਜ ਕਰਨ, ਨਸ਼ਿਆਂ ਦੇ ਤਸਕਰਾਂ ਅਤੇ ਭਗੌੜੇ ਅਪਰਾਧੀਆਂ ਦੀਆਂ ਗ੍ਰਿਫਤਾਰੀਆਂ ਦੇ ਆਧਾਰ ‘ਤੇ ਤਿੰਨ ਚੋਟੀ ਦੇ ਜ਼ਿਲ੍ਹਿਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹਨਾਂ ਤਿੰਨੋਂ ਸਿਖਰਲੇ ਜ਼ਿਲ੍ਹਿਆਂ ਨੂੰ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਵਰਦੀ ਵਿੱਚ ਕਿਸੇ ਵੀ ਕਾਲੀ ਭੇਡ ਨੂੰ ਬਰਦਾਸ਼ਤ ਨਾ ਕਰਨ ਲਈ ਪਹਿਲਾਂ ਹੀ ਸਪੱਸ਼ਟ ਨਿਰਦੇਸ਼ ਦਿੱਤੇ ਜਾਣ ਦੇ ਨਾਲ, ਆਈਜੀਪੀ ਨੇ ਕਿਹਾ ਕਿ ਗਲਤ ਕਾਰਵਾਈਆਂ ਵਿੱਚ ਸ਼ਾਮਲ ਪਾਏ ਜਾਣ ਉਪਰੰਤ ਇੱਕ ਡੀਐਸਪੀ ਸਮੇਤ ਛੇ ਅਜਿਹੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਡੀਜੀਪੀ ਵੱਲੋਂ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਅਤੇ ਨਸ਼ਾ ਵੇਚਣ/ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਨਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..