ਗੱਦਾਰਾਂ ਦੇ ਵਾਰਸਾਂ ਵੱਲੋਂ ਸ਼ਹੀਦਾਂ ਉਤੇ ਉਂਗਲ ਉਠਾਉਣਾ ਮੰਦਭਾਗਾ: ਮੁੱਖ ਮੰਤਰੀ
1 min readਸੁਨਾਮ/ਊਧਮ ਸਿੰਘ ਵਾਲਾ (ਸੰਗਰੂਰ), 1 ਅਗਸਤ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਅੰਗਰਜ਼ਾਂ ਦੇ ਪੱਖ ਵਿੱਚ ਖੜਨ ਵਾਲੇ ਗੱਦਾਰਾਂ ਦੇ ਵਾਰਸ ਹੁਣ ਸ਼ਹੀਦਾਂ ਉਤੇ ਉਂਗਲ ਚੁੱਕ ਰਹੇ ਹਨ।
ਇੱਥੇ ਐਤਵਾਰ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਕਰਵਾਏ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਧਰਤੀ ਲਈ ਮਹਾਨ ਸ਼ਹੀਦਾਂ ਦੇ ਯੋਗਦਾਨ ਉਤੇ ਕਿਸੇ ਨੂੰ ਵੀ ਉਂਗਲ ਚੁੱਕਣ ਦਾ ਕੋਈ ਹੱਕ ਨਹੀਂ ਹੈ। ਉਨਾਂ ਕਿਹਾ ਕਿ ਇਹ ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਜਿਨਾਂ ਸੱਤਾ ਦਾ ਸੁੱਖ ਭੋਗਣ ਲਈ ਸੰਵਿਧਾਨ ਦੀਆਂ ਸਹੁੰਆਂ ਖਾਧੀਆਂ, ਉਹੀ ਸ਼ਹੀਦਾਂ ਦੇ ਮਹਾਨ ਬਲੀਦਾਨ ਉਤੇ ਸਵਾਲ ਚੁੱਕ ਰਹੇ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਜਦੋਂ ਸਾਡੇ ਮਹਾਨ ਕੌਮੀ ਨਾਇਕਾਂ ਤੇ ਸ਼ਹੀਦਾਂ ਨੇ ਅੱਤਿਆਚਾਰੀ ਬਰਤਾਨਵੀ ਸ਼ਾਸਨ ਵਿਰੁੱਧ ਜੰਗ ਛੇੜੀ ਹੋਈ ਸੀ, ਉਦੋਂ ਕੁੱਝ ਗੱਦਾਰ ਇਨਾਂ ਸਾਮਰਾਜੀ ਤਾਕਤਾਂ ਦੇ ਹੱਕ ਵਿੱਚ ਖੜੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨਵੀ ਹਕੂਮਤ ਤੋਂ ਸਨਮਾਨ ਪ੍ਰਾਪਤ ਕਰਨ ਵਾਲੇ ਇਨਾਂ ਲੋਕਾਂ ਨੇ ਹਰੇਕ ਆਜ਼ਾਦੀ ਘੁਲਾਟੀਏ ਤੇ ਸ਼ਹੀਦ ਦੀ ਅੰਤਰ-ਆਤਮਾ ਨੂੰ ਠੇਸ ਪਹੁੰਚਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਗੱਦਾਰਾਂ ਦੇ ਵਾਰਸ ਹੁਣ ਸ਼ਹੀਦਾਂ ਉਤੇ ਉਂਗਲ ਚੁੱਕ ਰਹੇ ਹਨ, ਜੋ ਮੰਦਭਾਗਾ ਹੈ। ਉਨਾਂ ਕਿਹਾ ਕਿ ਸ਼ਹੀਦਾਂ ਉਤੇ ਉਂਗਲ ਚੁੱਕਣਾ ਅਤੇ ਬਰਤਾਨਵੀ ਹਕੂਮਤ ਦੇ ਅੱਤਿਆਚਾਰਾਂ ਦੇ ਕਸੀਦੇ ਪੜਨਾ ਇਕ ਵੱਡਾ ਅਪਰਾਧ ਹੈ ਅਤੇ ਅਜਿਹੇ ਘਿਨਾਉਣੇ ਕਾਰਿਆਂ ਵਿੱਚ ਸ਼ਾਮਲ ਲੋਕ ਨਾਮੁਆਫ਼ੀਯੋਗ ਅਪਰਾਧ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਸ਼ਹੀਦ ਕਿਸੇ ਪਛਾਣ ਦੇ ਮੁਥਾਜ ਨਹੀਂ ਕਿਉਂਕਿ ਲੱਖਾਂ ਲੋਕਾਂ ਨੂੰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਪ੍ਰੇਰਨ ਵਾਸਤੇ ਉਨਾਂ ਦਾ ਨਾਮ ਹੀ ਕਾਫ਼ੀ ਹੈ। ਉਨਾਂ ਕਿਹਾ ਕਿ ਉਨਾਂ ਦੇ ਨਾਮ ਅਤੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਬਾਰੇ ਕੋਈ ਵੀ ਵਿਵਾਦ ਖੜਾ ਕਰਨਾ ਇਤਰਾਜ਼ਯੋਗ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਉਨਾਂ ਦੇ ਸੁਤੰਤਰਤਾ ਦੀ ਲਹਿਰ ਵਿੱਚ ਪਾਏ ਯੋਗਦਾਨ ਉਤੇ ਉਂਗਲ ਚੁੱਕੇ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਪਟਿਆਲਾ ਦੇ ਇਸ ਸ਼ਾਹੀ ਪਰਿਵਾਰ ਦਾ ਇਤਿਹਾਸ ਪੰਜਾਬ ਵਿਰੋਧੀ ਰੁਖ਼ ਅਖਤਿਆਰ ਕਰਨਾ ਰਿਹਾ ਹੈ। ਉਨਾਂ ਕਿਹਾ ਕਿ ਪਟਿਆਲਾ ਦੇ ਰਾਜਿਆਂ ਦੇ ਹੱਥ ਉਨਾਂ ਅਣਗਿਣਤ ਦੇਸ਼ ਭਗਤਾਂ ਦੇ ਖ਼ੂਨ ਨਾਲ ਲਿਬੜੇ ਹੋਏ ਹਨ, ਜਿਨਾਂ ਆਜ਼ਾਦੀ ਦੇ ਅੰਦੋਲਨ ਦੌਰਾਨ ਸ਼ਹੀਦੀਆਂ ਦਿੱਤੀਆਂ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਦੇਸ਼ ਦੀ ਆਜ਼ਾਦੀ ਲੜਨ ਵਾਲੇ ਹੋਰ ਸ਼ਹੀਦਾਂ ਦੇ ਸੰਘਰਸ਼ ਦੌਰਾਨ ਬਰਤਾਨਵੀ ਹਕੂਮਤ ਨਾਲ ਹੱਥ ਮਿਲਾਉਣ ਵਾਲੇ ਇਨਾਂ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਸੁਨਾਮ ਦੀ ਇਸ ਪਵਿੱਤਰ ਧਰਤੀ ’ਤੇ ਆਪਣਾ ਸੀਸ ਝੁਕਾਉਣ ਆਏ ਹਨ, ਜਿੱਥੇ ਇਸ ਧਰਤੀ ਦੇ ਮਹਾਨ ਪੁੱਤਰ ਨੇ ਜਨਮ ਲਿਆ ਸੀ। ਸੁਨਾਮ ਨੂੰ ਆਪਣਾ ਦੂਸਰਾ ਘਰ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਇੱਥੇ ਜਨਮੇ ਅਤੇ ਸਿੱਖਿਆ ਪ੍ਰਾਪਤ ਕੀਤੀ। ਉਨਾਂ ਆਪਣੇ ਦੋਸਤਾਂ ਅਤੇ ਇਲਾਕੇ ਦੇ ਅਧਿਆਪਕਾਂ ਨਾਲ ਆਪਣੀ ਲੰਬੀ ਸਾਂਝ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਉਹ ਬਚਪਨ ਵਿੱਚ ਆਪਣੇ ਪਿਤਾ ਨਾਲ ਇਸ ਸਥਾਨ ’ਤੇ ਅਕਸਰ ਮੱਥਾ ਟੇਕਿਆ ਕਰਦੇ ਸਨ।
ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਦੇ ਇਸ ਸੱਚੇ ਪੁੱਤਰ ਨੇ ਜੱਲਿਆਂਵਾਲਾ ਬਾਗ ਦੇ ਸਾਕੇ ਦੇ ਮੁੱਖ ਦੋਸੀ ਮਾਈਕਲ ਓਡਵਾਇਰ ਨੂੰ ਮਾਰ ਕੇ ਬਹਾਦਰੀ ਦਾ ਸਬੂਤ ਦਿੱਤਾ। ਉਨਾਂ ਕਿਹਾ ਕਿ ਕੌਮੀ ਆਜਾਦੀ ਸੰਗਰਾਮ ਲਈ ਇਸ ਸਪੂਤ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਨੇ ਦੇਸ ਨੂੰ ਬਰਤਾਨਵੀ ਸਾਮਰਾਜਵਾਦ ਦੇ ਜੂਲੇ ਨੂੰ ਉਖਾੜ ਸੁੱਟਣ ਵਿੱਚ ਮਦਦ ਕੀਤੀ। ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਸਹੀਦ ਊਧਮ ਸਿੰਘ, ਸੁਖਦੇਵ, ਰਾਜਗੁਰੂ, ਸਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਮਹਾਨ ਸਹੀਦਾਂ ਵੱਲੋਂ ਭਾਰਤੀ ਆਜਾਦੀ ਦੀ ਲਹਿਰ ਦੌਰਾਨ ਦਿੱਤੀਆਂ ਲਾਸਾਨੀ ਕੁਰਬਾਨੀਆਂ ਨੂੰ ਵੀ ਯਾਦ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਉਹ ਜਦੋਂ ਵੀ ਲੰਡਨ ਜਾਂਦੇ ਸਨ ਤਾਂ ਉਹ ਕੈਕਸਟਨ ਹਾਲ ਵਿੱਚ ਜ਼ਰੂਰ ਜਾਂਦੇ ਸਨ ਜਿੱਥੇ ਸਹੀਦ ਊਧਮ ਸਿੰਘ ਨੇ ਜੱਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਇਹ ਹਾਲ ਸਾਡੇ ਸਾਰਿਆਂ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਨੂੰ ਇਸ ਸਹੀਦ ਦੇ ਬਹਾਦਰੀ ਭਰੇ ਕਾਰਨਾਮੇ ਦੀ ਯਾਦ ਦਿਵਾਉਂਦਾ ਹੈ। ਉਨਾਂ ਕਿਹਾ ਕਿ ਇਹ ਹਾਲ ਸਾਡੀਆਂ ਨੌਜਵਾਨ ਪੀੜੀਆਂ ਲਈ ਜਬਰ, ਜੁਲਮ ਅਤੇ ਬੇਇਨਸਾਫੀ ਵਿਰੁੱਧ ਲੜਨ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।
ਥੋੜੇ ਜਿਹੇ ਸਮੇਂ ਵਿੱਚ ਸੂਬਾ ਸਰਕਾਰ ਵੱਲੋਂ ਹਾਸਲ ਕੀਤੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਇਕ ਵਿਧਾਇਕ, ਇਕ ਪੈਨਸਨ ਬਿੱਲ ਪਾਸ ਕੀਤਾ ਹੈ, 9053 ਏਕੜ ਕੀਮਤੀ ਜਮੀਨ ਨੂੰ ਨਾਜਾਇਜ ਕਬਜ਼ਿਆਂ ਤੋਂ ਮੁਕਤ ਕਰਵਾਇਆ ਹੈ, ਹਰ ਵਰਗ ਨੂੰ 600 ਯੂਨਿਟ ਮੁਫ਼ਤ ਬਿਜਲੀ ਪ੍ਰਤੀ ਬਿਲਿੰਗ ਚੱਕਰ ਮੁਹੱਈਆ ਕਰਵਾਈ ਹੈ, ਜਿਸ ਦੇ ਨਤੀਜੇ ਵਜੋਂ ਕੁੱਲ 74 ਲੱਖ ਵਿੱਚੋਂ 51 ਲੱਖ ਪਰਿਵਾਰਾਂ ਨੂੰ ਸਤੰਬਰ ਵਿੱਚ ਜੀਰੋ ਬਿਜਲੀ ਬਿੱਲ ਅਤੇ 68 ਲੱਖ ਪਰਿਵਾਰਾਂ ਨੂੰ ਜਨਵਰੀ ਵਿੱਚ ਜੀਰੋ ਬਿਜਲੀ ਬਿੱਲ ਆਵੇਗਾ। ਉਨਾਂ ਕਿਹਾ ਕਿ ਆਉਣ ਵਾਲੇ ਆਜਾਦੀ ਦਿਵਸ ’ਤੇ 75 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ ਜਿੱਥੇ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਫਤ ਮਿਲਣਗੀਆਂ। ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਠਾਈਆਂ ਮੰਗਾਂ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਸੁਨਾਮ ਲਈ 22.59 ਕਰੋੜ ਰੁਪਏ ਦੇ ਅਹਿਮ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ, ਜਿਨਾਂ ਵਿੱਚ ਆਈ.ਟੀ.ਆਈ. ਵਿਖੇ ਸਟੇਡੀਅਮ (1.66 ਕਰੋੜ ਰੁਪਏ), ਨਵਾਂ ਸਬ ਤਹਿਸੀਲ ਕੰਪਲੈਕਸ (4.46 ਕਰੋੜ ਰੁਪਏ) ਅਤੇ ਚੀਮਾ ਲਈ ਬੱਸ ਅੱਡਾ (5.07 ਕਰੋੜ ਰੁਪਏ), ਲੌਂਗੋਵਾਲ ਲਈ ਨਵਾਂ ਬੱਸ ਅੱਡਾ (2.54 ਕਰੋੜ ਰੁਪਏ) ਤੇ ਸਟੇਡੀਅਮ (3.58 ਕਰੋੜ ਰੁਪਏ) ਅਤੇ ਸੁਨਾਮ ਲਈ 5.28 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਸਿਸਟਮ ਸ਼ਾਮਲ ਹੈ।
ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਸਹੀਦਾਂ ਨਾਲ ਸਬੰਧਤ ਸਾਮਾਨ ਨੂੰ ਉਨਾਂ ਦੀ ਮਾਤ ਭੂਮੀ ’ਤੇ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾਉਣਗੇ ਅਤੇ ਸਹੀਦਾਂ ਨਾਲ ਜੁੜੀਆਂ ਵਸਤਾਂ ਨੂੰ ਭਾਰਤ ਲਿਆਉਣ ਨੂੰ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਸਹੀਦਾਂ ਦੇ ਜੀਵਨ, ਫਲਸਫੇ ਅਤੇ ਕੁਰਬਾਨੀ ਦੇ ਨਾਲ-ਨਾਲ ਉਨਾਂ ਦਾ ਜੀਵਨ ਨੌਜਵਾਨਾਂ ਨੂੰ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਰਹੇਗਾ।
ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸ਼ਹੀਦਾਂ ਦੇ ਨਕਸ਼ੇ-ਕਦਮ ਉਤੇ ਚੱਲਦਿਆਂ ਸੂਬਾ ਸਰਕਾਰ ਨੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕਈ ਮਿਸਾਲੀ ਕਦਮ ਚੁੱਕੇ ਹਨ।ਉਨਾਂ ਕਿਹਾ ਕਿ ਵਿੱਤੀ ਔਕੜਾਂ ਦੇ ਬਾਵਜੂਦ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ। ਚੀਮਾ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਦਿੱਤੇ ਮਹਾਨ ਬਲੀਦਾਨ ਨੂੰ ਚੇਤੇ ਕੀਤਾ। ਅਮਨ ਅਰੋੜਾ ਨੇ ਕਿਹਾ ਕਿ ਉਹ ਚੰਗੇ ਭਾਗਾਂ ਵਾਲੇ ਹਨ, ਜੋ ਉਨਾਂ ਨੂੰ ਲੋਕਾਂ ਦੇ ਨੁਮਾਇੰਦੇ ਵਜੋਂ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅੰਗਰੇਜ਼ਾਂ ਵਾਂਗ ਲੋਕਾਂ ਨੂੰ ਲੁੱਟਿਆ ਸੀ, ਜਦੋਂ ਕਿ ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਸੱਚੇ ਮਿਸ਼ਨਰੀ ਜਜ਼ਬੇ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਅਮਨ ਅਰੋੜਾ ਨੇ ਮੁੱਖ ਮੰਤਰੀ ਅੱਗੇ ਕਈ ਵਿਕਾਸ ਪ੍ਰਾਜੈਕਟਾਂ ਦੀ ਮੰਗ ਵੀ ਰੱਖੀ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਆਰਾਮਦਾਇਕ ਜੀਵਨ ਬਤੀਤ ਕਰ ਸਕਦੇ ਸਨ ਪਰ ਉਨਾਂ ਦੇਸ਼ ਦੀ ਖ਼ਾਤਰ ਸ਼ਹਾਦਤ ਦਾ ਰਾਹ ਚੁਣਿਆ। ਮੀਤ ਹੇਅਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਦੇਸ਼ ਦੀਆਂ ਆਉਣ ਵਾਲੀਆਂ ਪੀੜੀਆਂ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੀ ਸਮਾਰਕ ਉਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੀ ਯਾਦ ਵਿੱਚ 1.66 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਆਈ.ਟੀ.ਆਈ. ਵਿੱਚ ਬਣ ਰਹੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਵਿਧਾਇਕ ਜਸਵੰਤ ਸਿੰਘ, ਵਰਿੰਦਰ ਗੋਇਲ, ਨਰਿੰਦਰ ਕੌਰ ਤੇ ਕੁਲਵੰਤ ਪੰਡੋਰੀ, ਆਪ ਆਗੂ ਗੁਰਮੇਲ ਘਰਾਚੋਂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ ਵੀ ਹਾਜ਼ਰ ਸਨ।