ਮੋਹਾਲੀ ਹਵਾਈ ਅੱਡੇ ਤੇ ਪਹੁੰਚਣ ਲਈ ਚੰਡੀਗੜ੍ਹ ਤੋਂ ਬਣੇਗੀ ਨਵੀਂ ਸੜਕ
ਚੰਡੀਗੜ੍ਹ, 27 ਜੁਲਾਈ, 2022: ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚੰਡੀਗੜ੍ਹ ਤੋਂ ਆਉਣ ਲਈ ਇੱਕ ਨਵੀਂ ਸੜਕ ਬਨਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਹ ਸੜਕ ਬਣਨ ਨਾਲ ਚੰਡੀਗੜ੍ਹ ਤੋਂ ਮੋਹਾਲੀ ਹਵਾਈ ਅੱਡੇ ਦੀ ਦੂਰੀ 8 ਕਿੱਲੋਮੀਟਰ ਤੱਕ ਘੱਟ ਸਕਦੀ ਹੈ।
ਬੀਤੇ ਦਿਨ ਚੰਡੀਗੜ੍ਹ, ਪੰਜਾਬ, ਹਰਿਆਣਾ, ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਅਥਾਰਿਟੀ ਲਿਮਟਿਡ ਅਤੇ ਭਾਰਤੀ ਫ਼ੌਜ ਦੀ ਸਾਂਝੀ ਮੀਟਿੰਗ ਹੋਈ ਜਿਸ ਵਿਚ ਚੰਡੀਗੜ੍ਹ ਵਾਲੇ ਪਾਸੇ ਤੋਂ ਆਉਣ ਲਈ ਦੋ ਰੂਟ ਬਣਾਉਣ ਦੀ ਤਜਵੀਜ਼ ਫਾਈਨਲ ਕੀਤੀ ਗਈ ਹੈ ਜਿਸ ਵਿਚੋਂ ਇਕ ਪ੍ਰਵਾਨ ਚੜ੍ਹੇਗੀ। ਨਵੀਂ ਸੜਕ ਸੈਕਟਰ 43 ਦੇ ਬੱਸ ਸਟੈਂਡ ਵਾਲੇ ਪਾਸੇ ਤੋਂ ਸੈਕਟਰ 47 ਅਤੇ 48 ਚੌਂਕ ਦੇ ਟੀ ਪੁਆਇੰਟ ਚੁਰਾਹੇ ਤੋਂ ਬਣਾਉਣ ਦੀ ਤਜਵੀਜ਼ ਹੈ। ਦੂਜੀ ਤਜਵੀਜ਼ ਹਵਾਈ ਅੱਡੇ ਦੀ ਚਾਰਦੀਵਾਰੀ ਦੇ ਨਾਲ ਨਾਲ ਸੜਕ ਬਣਾਉਣ ਦੀ ਹੈ। ਦੋਵਾਂ ਵਿਚੋਂ ਕੋਈ ਵੀ ਤਜਵੀਜ਼ ਪ੍ਰਵਾਨ ਚੜ੍ਹਨ ਨਾਲ ਚੰਡੀਗੜ੍ਹ ਵਾਲੇ ਪਾਸੇ ਤੋਂ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ਲਈ ਦੂਰੀ ਕਰੀਬ 8 ਕਿੱਲੋਮੀਟਰ ਘੱਟ ਹੋ ਸਕਦੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਕ ਸੁਰੰਗ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਸੀ ਜੋ ਕੇਂਦਰ ਸਰਕਾਰ ਨੇ ਰੱਦ ਕਰ ਦਿੱਤੀ ਸੀ।