ਕਿਸਾਨਾਂ ਨੂੰ ਆਪਣੇ ਟਿਊਬਵੈਲਾਂ ਦਾ ਲੋਡ ਵਧਾਉਣ ਲਈ ਸਰਕਾਰ ਨੇ ਦਿੱਤਾ ਵਾਧੂ ਸਮਾਂ: ਈ ਟੀ ਓ
1 min readਅੰਮ੍ਰਿਤਸਰ, 27 ਜੁਲਾਈ, 2022: ‘ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਲਈ ਲਗਾਤਾਰ ਬਿਜਲੀ ਸਪਲਾਈ ਵਿਚ ਸੁਧਾਰਾਂ ਉਤੇ ਕੰਮ ਕਰ ਰਹੀ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਦੇ ਕਿਸਾਨਾਂ ਨੂੰ ਆਪਣੇ ਟਿਊਬਵੈਲਾਂ ਦਾ ਲੋਡ ਵਧਾਉਣ ਲਈ ਵਾਧੂ ਸਮਾਂ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨ 15 ਸਤੰਬਰ ਤੱਕ ਕੇਵਲ 2750 ਰੁਪਏ ਫੀਸ ਪ੍ਰਤੀ ਹਾਰਸ ਪਾਵਰ ਦੇ ਕੇ ਆਪਣਾ ਲੋਡ ਵਧਾ ਸਕਦੇ ਹਨ।’ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ‘ਉਜਵਲ ਭਾਰਤ ਉਜਵਲ ਭਵਿੱਖ’ ਵਿਸ਼ੇ ਉਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਦੱਸਿਆ ਕਿ ਪਹਿਲਾਂ ਇਹ ਫੀਸ 4750 ਰੁਪਏ ਪ੍ਰਤੀ ਹਾਰਸ ਪਾਵਰ ਸੀ, ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2000 ਰੁਪਏ ਪ੍ਰਤੀ ਹਾਰਸ ਪਾਵਰ ਘੱਟ ਕਰ ਦਿੱਤੀ ਹੈ। ਉਨਾਂ ਕਿਹਾ ਕਿ ਇਸ ਨਾਲ ਬਿਜਲੀ ਸਪਲਾਈ ਵਿਚ ਵੱਡੇ ਸੁਧਾਰ ਹੋਣਗੇ, ਕਿਉਂਕਿ ਲੋਡ ਵੱਧ ਹੋਣ ਨਾਲ ਲਾਇਨਾਂ, ਟਰਾਂਸਫਾਰਮਰ ਅਤੇ ਹੋਰ ਸਾਜ਼ੋ ਸਮਾਨ ਵੀ ਉਸ ਸਮਰੱਥਾ ਦੀ ਪੂਰਤੀ ਲਈ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਦੀਨ ਦਿਆਲ ਉਪਾਧਿਆ ਗ੍ਰਾਮੀਣ ਯੋਜਨਾ ਤਹਿਤ ਪਹਿਲਾਂ ਹੀ ਬਿਜਲੀ ਸਪਲਾਈ ਵਿਚ ਸੁਧਾਰ ਉਤੇ 220 ਕਰੋੜ ਰੁਪਏ ਅਤੇ 5000 ਤੋਂ ਵੱਧ ਅਬਾਦੀ ਵਾਲੇ ਕਸਬਿਆਂ ਵਿਚ 360 ਕਰੋੜ ਰੁਪਏ ਖਰਚ ਕੀਤੇ ਹਨ, ਪਰ ਅਜੇ ਇਸ ਵਿਚ ਵੱਡੇ ਸੁਧਾਰ ਦੀ ਸੰਭਾਵਨਾ ਹੈ, ਜੋ ਕਿ ਤੁਹਾਡੇ ਵੱਲੋਂ ਕੀਤੇ ਗਏ ਲੋਡ ਦੇ ਪ੍ਰਗਟਾਵੇ ਨਾਲ ਹੀ ਸਿਰੇ ਚਾੜੀ ਜਾ ਸਕਦੀ ਹੈ। ਉਨਾਂ ਕਿਹਾ ਕਿ ਬਿਜਲੀ ਸੁਧਾਰਾਂ ਲਈ ਇਹ ਵੀ ਜ਼ਰੂਰੀ ਹੈ ਕਿ ਲੋਕ ਕੁੰਡੀ ਲਗਾ ਕੇ ਬਿਜਲੀ ਚੋਰੀ ਨਾ ਕਰਨ। ਉਨਾਂ ਕਿਹਾ ਕਿ ਮਾਨ ਸਰਕਾਰ ਨੇ 600 ਯੂਨਿਟ ਹਰ ਘਰ ਨੂੰ ਮੁਆਫ ਕੀਤੇ ਹਨ, ਜੋ ਕਿ ਹਰ ਘਰ ਦੀ ਲੋੜ ਪੂਰੀ ਕਰ ਸਕਦੇ ਹਨ। ਉਨਾਂ ਕਿਹਾ ਕਿ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਨਿਰੰਤਰ ਬਿਜਲੀ ਮੁਹੱਇਆ ਕਰਵਾਉਣ ਲਈ 2000 ਮੈਗਾਵਾਟ ਬਿਜਲੀ ਦੇ ਸਮਝੌਤੇ ਕੀਤੇ ਹਨ। ਇਸ ਤੋਂ ਇਲਾਵਾ 206 ਮੈਗਾਵਾਟ ਦੀ ਸਮਰੱਥਾ ਵਾਲੇ ਸ਼ਾਹਪੁਰ ਕੰਡੀ ਡੈਮ ਦਾ ਕੰਮ ਜ਼ੋਰਾਂ ਉਤੇ ਹੈ, ਜੋ ਕਿ 2024 ਵਿਚ ਪੂਰਾ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਸਾਡਾ ਕੰਮ ਬਿਜਲੀ ਸਪਲਾਈ ਘਰ-ਘਰ ਦੇਣ ਨਾਲ ਪੂਰਾ ਨਹੀਂ ਹੋ ਜਾਂਦਾ, ਹੁਣ ਬਿਜਲੀ ਸਪਲਾਈ ਵਿਚ ਸੁਧਾਰ ਦੀ ਲੋੜ ਹੈ, ਜੋ ਕਿ ਅਸੀਂ ਕਰ ਰਹੇ ਹਾਂ। ਉਨਾਂ ਕਿਹਾ ਕਿ ਵਿਭਾਗ ਸੂਰਜੀ ਊਰਜਾ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰ ਰਿਹਾ ਹੈ ਅਤੇ ਲੋਕਾਂ ਨੂੰ ਵੀ ਇਸ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖੀ ਸਰਹੱਦੀ ਜ਼ੋਨ ਇੰਜ ਬਾਲ ਕ੍ਰਿਸ਼ਨ, ਐਸ ਈ ਜਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਬੱਚਿਆਂ ਵੱਲੋਂ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ ਰਾਜੀਵ ਪਰਾਸ਼ਰ, ਇੰਜ ਬਲਕਾਰ ਸਿੰਘ, ਡੀ ਐਮ ਪੇਡਾ ਯਸ਼ਪਾਲ ਜੁਆਲ ਅਤੇ ਹੋਰ ਪਤਵੰਤੇ ਹਾਜ਼ਰ ਸਨ।