ਐਨਜੀਟੀ ਦੀ ਨਿਗਰਾਨ ਕਮੇਟੀ ਨੇ ਐਸਏਐਸ ਨਗਰ ਲਈ ਜ਼ਿਲ੍ਹਾ ਵਾਤਾਵਰਣ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ
1 min readਐਸਏਐਸ ਨਗਰ, 30 ਮਈ, 2022: ਜਸਟਿਸ (ਸੇਵਾਮੁਕਤ) ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀ ਨਿਗਰਾਨ ਕਮੇਟੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਵਾਤਾਵਰਣ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਕੀਤੀ।
ਐਨਜੀਟੀ ਨਿਗਰਾਨ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਐਸ.ਸੀ.ਅਗਰਵਾਲ ਆਈ.ਏ.ਐਸ., ਸਾਬਕਾ ਮੁੱਖ ਸਕੱਤਰ, ਪੰਜਾਬ, ਡਾ: ਬਾਬੂ ਰਾਮ, ਤਕਨੀਕੀ ਮੈਂਬਰ ਸ਼ਾਮਲ ਸਨ।
ਮੀਟਿੰਗ ਵਿੱਚ ਭਾਗ ਲੈਣ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਅਮਿਤ ਤਲਵਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ, ਅਮਰਦੀਪ ਸਿੰਘ ਗੁਜਰਾਲ ਪੀ.ਸੀ.ਐਸ., ਏ.ਡੀ.ਸੀ.(ਡੀ), ਪੂਜਾ ਐਸ ਗਰੇਵਾਲ ਪੀਸੀਐਸ, ਏਡੀਸੀ (ਯੂਡੀ), ਨਵਜੋਤ ਕੌਰ ਪੀ.ਸੀ.ਐਸ., ਕਮਿਸ਼ਨਰ, ਐਮ.ਸੀ., ਐਸ.ਏ.ਐਸ.ਨਗਰ ਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਮੀਟਿੰਗ ਦੌਰਾਨ ਐਸ.ਏ.ਐਸ.ਨਗਰ ਲਈ ਜਿਲ੍ਹਾ ਵਾਤਾਵਰਣ ਯੋਜਨਾ ਵਿੱਚ ਦਰਸਾਏ ਗਏ ਵੱਖ-ਵੱਖ ਵਾਤਾਵਰਣ ਪਹਿਲੂਆਂ ਜਿਵੇਂ ਕਿ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਘਰੇਲੂ ਪੱਧਰ ‘ਤੇ ਸਬੰਧਤ ਗਤੀਵਿਧੀਆਂ ਦੀ ਪਾਲਣਾ ਕਰਨ ਸਬੰਧੀ ਸਾਰੇ ਹਿੱਸੇਦਾਰ ਵਿਭਾਗਾਂ ਵੱਲੋਂ ਕੀਤੀ ਗਈ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਕੂੜਾ ਪ੍ਰਬੰਧਨ, ਹਵਾ ਗੁਣਵੱਤਾ ਸੁਧਾਰ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ, ਪਲਾਸਟਿਕ ਵੇਸਟ ਮੈਨੇਜਮੈਂਟ, ਸੀ ਐਂਡ ਡੀ ਵੇਸਟ, ਲੀਗੇਸੀ ਵੇਸਟ ਆਦਿ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਐਨਜੀਟੀ ਨਿਗਰਾਨ ਕਮੇਟੀ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਬੰਧਤ ਵਿਭਾਗਾਂ ਨਾਲ ਜ਼ਿਲ੍ਹੇ ਦੇ ਵਾਤਾਵਰਨ ਨੂੰ ਸੁਧਾਰਨ ਲਈ ਸੁਝਾਅ ਸਾਂਝੇ ਕੀਤੇ ਗਏ।
ਐਨਜੀਟੀ ਨਿਗਰਾਨ ਕਮੇਟੀ ਨੇ ਸਬੰਧਤ ਵਿਭਾਗਾਂ ਦੁਆਰਾ ਕੀਤੀ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਐਸ.ਏ.ਐਸ.ਨਗਰ ਲਈ ਜਿਲ੍ਹਾ ਵਾਤਾਵਰਣ ਯੋਜਨਾ ਵਿੱਚ ਦਰਸਾਏ ਅਨੁਸਾਰ ਨਿਰਧਾਰਤ ਸਮਾਂ ਸੀਮਾਵਾਂ ਨੂੰ ਪੂਰਾ ਕਰਨ ਲਈ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਐਨਜੀਟੀ ਨਿਗਰਾਨ ਕਮੇਟੀ ਨੇ ਉਹਨਾਂ ਗਤੀਵਿਧੀਆਂ ਲਈ ਕੁਝ ਸਮਾਂ-ਸੀਮਾਵਾਂ ਨੂੰ ਵੀ ਸੋਧਿਆ ਹੈ ਜਿਨ੍ਹਾਂ ‘ਤੇ ਕੁਝ ਕਾਰਨਾਂ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ ਜਾਂ ਫਿਰ ਉਹ ਜਾਰੀ ਹਨ।