December 1, 2024

Chandigarh Headline

True-stories

ਮਜ਼ਦੂਰ ਦਿਵਸ ਮੌਕੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਮਾਰੀਆਂ ਧਾਹਾਂ

1 min read

ਮੋਹਾਲੀ, 1 ਮਈ, 2022: ਅੱਜ ਜਿਥੇ ਪੂਰੇ ਵਿਸ਼ਵ ਵਿਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਕਰੀਬ 13000 ਕੱਚੇ ਅਧਿਆਪਕ ਬੰਧੂਆਂ ਮਜ਼ਦੂਰਾਂ ਨਾਲੋਂ ਵੀ ਬਦਤਰ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਿੰਦਰ ਸਿੰਘ ਮਰਵਾਹਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਪੱਡਾ ਨੇ ਕਿਹਾ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਡੇ ਨਾਲ ਪਹਿਲੀ ਕੈਬਨਿਟ ਮੀਟਿੰਗ ਵਿਚ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਮੀਟਿੰਗ ਕਰਨ ਲਈ ਸਮਾਂ ਨਹੀਂ ਦਿੱਤਾ। ਭਗਵੰਤ ਮਾਨ ਦੇ ਅੰਦਰ ਬੈਠੇ ਕਲਾਕਾਰ ਨੇ ਸਿਰਫ਼ ਸਾਡਾ ਮਜ਼ਾਕ ਹੀ ਬਣਾਇਆ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਪ੍ਰੋਵਾਈਡਰ ਅਧਿਆਪਕ ਜਥੇਬੰਦੀ ਵਲੋਂ ਪਹਿਲੀ ਵਾਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਸੰਗਰੂਰ ਵਿਚ ਸਵਾਗਤੀ ਮਾਰਚ ਕੀਤਾ ਸੀ, ਕਿਉਕਿ ਉਹਨਾਂ ਵਲੋਂ ਸਾਡੀਆਂ ਨਿਗੂਣੀਆਂ ਤਨਖ਼ਾਹਾਂ ਦਿੱਲੀ ਦੇ ਪੈਟਰਨ ’ਤੇ 6000 ਤੋਂ ਵਧਾ ਕੇ 36000 ਰੁਪਏ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਜੇਕਰ 15 ਦਿਨਾਂ ਦੇ ਵਿਚ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।

ਉਹਨਾਂ ਅੱਗੇ ਕਿਹਾ ਕਿ ਮਾਨ ਸਰਕਾਰ ਵੀ ਬਾਕੀ ਸਰਕਾਰਾਂ ਵਾਂਗ ਲਾਰੇ ਲਾਉਣ ਦੀ ਨੀਤੀ ’ਤੇ ਹੀ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ। ਉਹਨਾਂ ਕਿਹਾ ਕਿ ਸਾਡੇ ਸਾਥੀ ਸਵੇਰੇ ਸਕੂਲ ਜਾਂਦੇ ਹਨ ਅਤੇ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਕੇ ਅਤੇ ਘਰਾਂ ਵਿਚ ਹੋਰ ਮਜ਼ਦੂਰੀ ਕਰਕੇ ਆਪਣੀ ਜ਼ਿੰਦਗੀ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ। ਜ਼ਿੰਦਗੀ ਤੋਂ ਤੰਗ ਆ ਕੇ ਸਾਡੇ 8-9 ਅਧਿਆਪਕ ਆਤਮ ਹੱਤਿਆ ਕਰ ਚੁੱਕੇ ਹਨ, 250 ਦੇ ਕਰੀਬ ਸੇਵਾਮੁਕਤ ਹੋ ਚੁੱਕੇ ਹਨ, ਘਰ ਦਾ ਗੁਜ਼ਾਰਾ ਨਾ ਹੋਣ ਦੀ ਸੂਰਤ ਵਿਚ 150 ਦੇ ਕਰੀਬ ਅਸਤੀਫ਼ਾ ਦੇ ਚੁੱਕੇ ਹਨ, ਜਦੋਂਕਿ 50 ਫੀਸਦੀ ਦੇ ਕਰੀਬ 2 ਸਾਲ ਤੱਕ ਸੇਵਾਮੁਕਤੀ ਦੀ ਉਮਰ ਤੱਕ ਪਹੁੰਚ ਜਾਣਗੇ।

ਇਸ ਦੌਰਾਨ ਸੀ. ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਨੇ ਕਿਹਾ ਕਿ ਭਗਵੰਤ ਮਾਨ ਸਕੂਲਾਂ ਵਿਚ ਗਰੀਬਾਂ ਤੇ ਅਮੀਰਾਂ ਨੂੰ ਬਰਾਬਰ ਕਰਨ ਦੀ ਤਾਂ ਗੱਲ ਕਰਦੇ ਹਨ ਪਰ ਅਧਿਆਪਕਾਂ ਦੀਆਂ ਤਨਖਾਹਾਂ ਵਿਚ 6000 ਤੋਂ 72000 ਰੁ: ਤੱਕ ਦੇ ਪਾੜੇ ਨੂੰ ਪੂਰਨ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਪਹਿਲਾਂ ਅਧਿਆਪਕਾਂ ਵਿਚ ਬਰਾਬਰੀ ਕਰਨ, ਫਿਰ ਹੀ ਬੱਚਿਆਂ ਵਿਚ ਬਰਾਬਰੀ ਦੀ ਗੱਲ ਚੰਗੀ ਲੱਗੇਗੀ। ਵਿਦੇਸ਼ੀਆਂ ਨੂੰ ਨੌਕਰੀ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਪਹਿਲਾਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਸ਼ੋਸ਼ਣ ਦੇ ਸ਼ਿਕਾਰ ਕੱਚੇ ਅਧਿਆਪਕਾਂ ਦੀ ਸਾਰ ਲਵੇ।

ਇਸ ਮੌਕੇ ਗੁਰਮੀਤ ਕੌਰ ਪਟਿਆਲਾ ਤੇ ਹਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਾਡੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ। ਉਹਨਾਂ ਕਿਹਾ ਕਿ ਕੀ ਸਰਕਾਰ ਹੁਣ ਸਾਨੂੰ ਮੁੜ ਟੈਂਕੀਆਂ ’ਤੇ ਚੜਨ ਲਈ ਜਾਂ ਨਹਿਰਾਂ ਵਿਚ ਛਾਲਾਂ ਮਾਰਨ ਜਾਂ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸੁਹਿਰਦ ਹੈ ਤਾਂ ਕੱਲ ਨੂੰ ਕੈਬਨਿਟ ਦੀ ਹੋਣ ਵਾਲ ਮੀਟਿੰਗ ਵਿਚ 35000 ਮੁਲਾਜ਼ਮਾਂ ਨੂੰ ਪੱਕੇ ਕਰਨ ਵਿਚ ਸਾਡਾ ਮਸਲਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਜਾਂ ਫਿਰ ਕੱਚੇ ਅਧਿਆਪਕਾਂ ਦੀ ਤਨਖ਼ਾਹ 36000 ਰੁ: ਕਰਨ ਦਾ ਐਲਾਨ ਕਰੇ ਅਤੇ ਪੱਕੇ ਕਰਨ ਦੀ ਕਾਰਵਾਈ ਲਈ ਭਾਵੇਂ 6 ਮਹੀਨੇ ਦਾ ਸਮਾਂ ਲੈ ਲਵੇ।
ਇਸ ਮੌਕੇ ਉਹਨਾਂ ਦੇ ਨਾਲ ਉਪਰੋਕਤ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ, ਜਗਮੋਹਨ ਸਿੰਘ ਮੋਹਾਲੀ, ਪਵਨਦੀਪ ਸਿੰਘ ਬਰਾੜ, ਨਵਤੇਜ ਸਿੰਘ ਮੋਗਾ, ਕਰਮਵੀਰ ਸਿੰਘ, ਜਗਸੀਰ ਸਿੰਘ ਸੰਧੂ, ਰਿੰਪਲਜੀਤ ਸਿੰਘ, ਇੰਦਰਜੀਤ ਸਿੰਘ ਮਾਨਸਾ, ਜਗਸੀਰ ਸਿੰਘ ਘਾਰੂ ਅਤੇ ਜਗਦੀਪ ਸਿੰਘ ਮੋਹਾਲੀ ਆਦਿ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..