July 24, 2024

Chandigarh Headline

True-stories

ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਵਲੋਂ ਸੂਬਾ ਪੱਧਰੀ ਸਿਹਤ ਮੇਲਿਆਂ ਦੀ ਸ਼ੁਰੂਆਤ

1 min read

ਮੋਹਾਲੀ, 18 ਅਪ੍ਰੈਲ, 2022: ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮੁਹਿੰਮ ਤਹਿਤ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਪੰਜਾਬ ਭਰ ਵਿਚ ਲੱਗਣ ਵਾਲੇ ਸਿਹਤ ਮੇਲਿਆਂ ਦਾ ਅੱਜ ਸ਼ੁਭ-ਆਰੰਭ ਕੀਤਾ। ਜ਼ਿਲ੍ਹਾ ਹਸਪਤਾਲ ਵਿਚ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵਿਜੇ ਸਿੰਗਲਾ ਨੇ ਦਸਿਆ ਕਿ ਸੂਬੇ ਵਿਚ 18 ਤੋਂ 22 ਅਪ੍ਰੈਲ ਤਕ 119 ਬਲਾਕ ਪੱਧਰੀ ਸਿਹਤ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ਜਿਥੇ ਲੋਕਾਂ ਖ਼ਾਸਕਰ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਆਰੀ ਤੇ ਵਿਆਪਕ ਸਿਹਤ ਸੇਵਾਵਾਂ ਮੁਹਈਆ ਕਰਾਉਣਾ ਹੈ, ਉਥੇ ਉਨ੍ਹਾਂ ਨੂੰ ਵੱਖ-ਵੱਖ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ, ‘ਸਿਹਤ ਦਾ ਮਾਮਲਾ ਅੱਜ ਚੋਖੇ ਧਿਆਨ ਦੀ ਮੰਗ ਕਰਦਾ ਹੈ। ਸਾਡੀ ਸਰਕਾਰ ਲੋਕਾਂ ਦੀ ਮੁਕੰਮਲ ਤੰਦਰੁਸਤੀ ਯਕੀਨੀ ਕਰਨ ਅਤੇ ਸਿਹਤ ਢਾਂਚੇ ਨੂੰ ਸੁਧਾਰ ਕੇ ਮਿਆਰੀ ਸਿਹਤ ਸਹੂਲਤਾਂ ਦੇਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ।’ ਸਿੰਗਲਾ ਨੇ ਕਿਹਾ ਕਿ ਅਜਿਹੇ ਮੇਲਿਆਂ ਦਾ ਉਦੇਸ਼ ਤਦ ਹੀ ਪੂਰਾ ਹੋਵੇਗਾ ਜਦ ਲੋਕਾਂ ਨੂੰ ਹਸਪਤਾਲ ਵਿਚ ਪੂਂਰੀਆਂ ਦਵਾਈਆਂ, ਲੋੜੀਂਦੇ ਸਾਰੇ ਟੈਸਟ ਅਤੇ ਹੋਰ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਭਰੋਸਾ ਦਿਤਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਚ ਪੱਧਰ ਦੀਆਂ ਸਿਹਤ ਸਹੂਲਤਾਂ ਦਿਤੀਆਂ ਜਾਣਗੀਆਂ।

ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸਿਹਤ ਮੰਤਰੀ ਡਾ. ਸਿੰਗਲਾ ਦਾ ਧਨਵਾਦ ਕਰਦਿਆਂ ਕਿਹਾ ਕਿ ਮੋਹਾਲੀ ਹਲਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਨ੍ਹਾਂ ਮੇਲਿਆਂ ਦਾ ਸੂਬਾ ਪੱਧਰੀ ਆਗਾਜ਼ ਉਨ੍ਹਾਂ ਦੇ ਹਲਕੇ ਤੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਦੋਹਰੀ ਮਾਰ ਝੱਲ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਜਲਦੀ ਜਾਂਚ ਕਰਕੇ, ਸਿਹਤ ਸਿੱਖਿਆ ਪ੍ਰਦਾਨ ਕਰਕੇ, ਸਮੇਂ ਸਿਰ ਰੈਫਰਲ ਅਤੇ ਪ੍ਰਬੰਧਨ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਾਗਰੂਕਤਾ ਦੀ ਘਾਟ ਅਤੇ ਸਿਹਤ ਪ੍ਰਤੀ ਮਾੜੀਆਂ ਆਦਤਾਂ ਕਈ ਬਿਮਾਰੀਆਂ ਦੇ ਮੁੱਖ ਕਾਰਨ ਪਾਏ ਗਏ ਹਨ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਮੇਲੇ ਲੋਕਾਂ ਲਈ ਬੇਹੱਦ ਮੁੱਲਵਾਨ ਸਾਬਤ ਹੋਣਗੇ ਅਤੇ ਸੂਬਾ ਵਾਸੀਆਂ ਨੂੰ ਸਿਹਤ ਪੱਖੋਂ ਹੋਰ ਤੰਦਰੁਸਤ ਬਣਾਉਣ ’ਚ ਵੱਡਮੁੱਲਾ ਯੋਗਦਾਨ ਪਾਉਣਗੇ। ਜ਼ਿਕਰਯੋਗ ਹੈ ਕਿ ਅੱਜ ਮੇਲੇ ਵਿਚ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ ਕਈ ਸਟਾਲ ਲਾਏ ਗਏ ਜਿਨ੍ਹਾਂ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੇ ਆ ਕੇ ਮੌਕੇ ’ਤੇ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਲਿਆ। ਇਸ ਤੋਂ ਇਲਾਵਾ ਹੋਰ ਵਿਭਾਗਾਂ ਨੇ ਵੀ ਆਪੋ ਅਪਣੇ ਸਟਾਲ ਲਗਾਏ। ਇਨ੍ਹਾਂ ਮੇਲਿਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ ਇਲਾਵਾ ਸਰਕਾਰ ਦੇ ਹੋਰ ਕਈ ਵਿਭਾਗ ਜਿਵੇਂ ਖੁਰਾਕ ਅਤੇ ਸਪਲਾਈਜ਼ ਵਿਭਾਗ, ਯੁਵਕ ਮਾਮਲੇ ਅਤੇ ਖੇਡ ਵਿਭਾਗ, ਆਯੂਸ਼ ਵਿਭਾਗ, ਸਕੂਲ ਸਿੱਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਚਾਇਤੀ ਰਾਜ ਸੰਸਥਾ ਅਤੇ ਸ਼ਹਿਰੀ ਵਿਕਾਸ ਵਿਭਾਗ ਹਿੱਸਾ ਲੈ ਰਹੇ ਹਨ। ਇਨ੍ਹਾਂ ਮੇਲਿਆਂ ਵਿਚ ਲੈਬਾਟਰੀ ਸੇਵਾਵਾਂ, ਕੰਸਲਟੇਸ਼ਨ, ਦਵਾਈ ਅਤੇ ਇਲਾਜ, ਰੈਫਰਲ ਆਦਿ ਵੱਖ-ਵੱਖ ਸਹੂਲਤਾਂ ਇੱਕ ਥਾਂ `ਤੇ ਉਪਲਬਧ ਹੋਣਗੀਆਂ।

ਸਮਾਗਮ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਆਈ. ਏ. ਐਸ. ਅਜੋਏ ਸ਼ਰਮਾ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਰਾਹੁਲ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੀ. ਬੀ. ਸਿੰਘ, ਡਾਇਰੈਕਟਰ ਪਰਵਾਰ ਭਲਾਈ ਡਾ. ਓ.ਪੀ. ਗੋਜਰਾ, ਡਿਪਟੀ ਕਮਿਸ਼ਨਰ ਮੋਹਾਲੀ ਅਮਿਤ ਤਲਵਾੜ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸ.ਡੀ.ਐਮ. ਹਰਬੰਸ ਸਿੰਘ, ਡੀ.ਆਈ.ਓ. ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐਚ.ਐਸ. ਚੀਮਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਤੋਂ ਇਲਾਵਾ ਹੋਰ ਕਈ ਸਿਹਤ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..