ਡੀਜੀਪੀ ਪੰਜਾਬ ਵੱਲੋਂ ਲੋਕਾਂ ਨੂੰ ਸੂਬੇ ਵਿੱਚ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਪੁਲਿਸ ਨਾਲ ਇਕਜੁੱਟ ਹੋਣ ਦੀ ਅਪੀਲ
1 min readਚੰਡੀਗੜ੍ਹ, 11 ਅਪ੍ਰੈਲ, 2022: ਨਵ-ਗਠਿਤ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਦੇ ਹਰਕਤ ਵਿੱਚ ਆਉਂਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਸੂਬੇ ਦੇ ਲੋਕਾਂ ਨੂੰ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਲਈ ਪੁਲਿਸ ਬਲ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਏਜੀਟੀਐਫ ਦਾ ਗਠਨ ਕੀਤਾ ਗਿਆ ਤਾਂ ਜੋ ਖੁਫੀਆ ਜਾਣਕਾਰੀ ਦੀ ਵਰਤੋਂ ਕਰਕੇ ਅਤੇ ਪੰਜਾਬ ਪੁਲਿਸ ਦੀਆਂ ਖੇਤਰੀ ਯੂਨਿਟਾਂ ਦੇ ਤਾਲਮੇਲ ਨਾਲ ਗੈਂਗਸਟਰਾਂ ਵਿਰੁੱਧ ਕਾਰਵਾਈ ਹੋਰ ਤੇਜ਼ ਕੀਤੀ ਜਾ ਸਕੇ। ਏਜੀਟੀਐਫ ਸਿੱਧੇ ਤੌਰ ‘ਤੇ ਡੀਜੀਪੀ ਪੰਜਾਬ ਦੀ ਨਿਗਰਾਨੀ ਹੇਠ ਕੰਮ ਕਰੇਗੀ।
ਆਪਣੀ ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਵੀ.ਕੇ. ਭਾਵਰਾ ਨੇ ਕਿਹਾ ਕਿ ਸੂਬੇ ਵਿੱਚ ਗੈਂਗਸਟਰਾਂ ਨਾਲ ਸਬੰਧਤ ਕਤਲਾਂ ਵਿੱਚ ਵਾਧਾ ਹੋਣ ਬਾਰੇ ਹਾਲ ਹੀ ਵਿੱਚ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ ਪਰ ਅਸਲ ਵਿੱਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਕਤਲਾਂ ਦੇ ਰੁਝਾਨ ਵਿੱਚ ਕਮੀ ਆਈ ਹੈ। ਇਸ ਮੌਕੇ ਡੀਜੀਪੀ ਦੇ ਨਾਲ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਏਡੀਜੀਪੀ ਪ੍ਰਮੋਦ ਬਾਨ, ਜੋ ਕਿ ਏਜੀਟੀਐਫ ਦੇ ਮੁਖੀ ਹਨ, ਵੀ ਮੌਜੂਦ ਸਨ।
ਅਪਰਾਧ ਸਬੰਧੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਇਸ ਸਾਲ ਲਗਭਗ 100 ਦਿਨਾਂ ਵਿੱਚ 158 ਕਤਲ ਹੋਏ ਹਨ, ਜਿਸ ਨਾਲ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੀ ਹੈ, ਜਦੋਂ ਕਿ ਪਿਛਲੇ ਸਾਲਾਂ ਦੌਰਾਨ, ਕਤਲਾਂ ਦੀ ਗਿਣਤੀ ਸਾਲ 2021 ਅਤੇ ਸਾਲ 2020 ਵਿੱਚ ਕ੍ਰਮਵਾਰ 724 ਅਤੇ 757 ਸੀ ਜਿਸ ਨਾਲ ਸਾਲ 2021 ਅਤੇ ਸਾਲ 2020 ਲਈ ਔਸਤਨ ਮਹੀਨਾਵਾਰ ਕਤਲਾਂ ਦੀ ਗਿਣਤੀ ਕ੍ਰਮਵਾਰ 60 ਅਤੇ 65 ਰਹੀ ਹੈ।
ਅਪਰਾਧ ਦੇ ਗ੍ਰਾਫ਼ ਨੂੰ ਹੋਰ ਹੇਠਾਂ ਲਿਆਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਡੀਜੀਪੀ ਨੇ ਕਿਹਾ, “ਪੰਜਾਬ ਪੁਲਿਸ ਸੂਬੇ ਵਿੱਚ ਗੈਂਗਸਟਰ ਸਭਿਆਚਾਰ ਨੂੰ ਖ਼ਤਮ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਕੋਸ਼ਿਸ਼ਾਂ ਜਾਰੀ ਰਹਿਣਗੀਆਂ।”
ਹੋਰ ਵੇਰਵੇ ਦਿੰਦਿਆਂ ਡੀਜੀਪੀ ਵੀ.ਕੇ. ਭਾਵਰਾ ਨੇ ਦੱਸਿਆ ਕਿ 1 ਜਨਵਰੀ, 2022 ਤੋਂ ਸੰਗਠਿਤ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀਆਂ ਵੱਖ-ਵੱਖ ਯੂਨਿਟਾਂ ਨੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ 16 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਵਿੱਚ ਸ਼ਾਮਲ 98 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਹਥਿਆਰਾਂ ਦਾ ਵੱਡੀ ਖੇਪ ਵੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਚਾਰ ਰਾਈਫਲਾਂ ਅਤੇ 68 ਪਿਸਤੌਲ/ਰਿਵਾਲਵਰ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਅਪਰਾਧੀਆਂ ਵੱਲੋਂ ਵਰਤੇ ਜਾਂਦੇ 30 ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਸੂਬੇ ਵਿੱਚ 2022 ਵਿੱਚ 6 ਗੈਂਗਸਟਰ ਅਪਰਾਧਾਂ ਨਾਲ ਸਬੰਧਤ ਕਤਲ ਹੋਏ, ਜਿਹਨਾਂ ਨੂੰ ਪੇਸ਼ੇਵਰ ਢੰਗ ਨਾਲ ਜਾਂਚ ਉਪਰੰਤ ਸੁਲਝਾਇਆ ਗਿਆ ਅਤੇ ਇਹਨਾਂ ਮਾਮਲਿਆਂ ਵਿੱਚ ਸ਼ਾਮਲ ਕੁੱਲ 24 ਦੋਸ਼ੀਆਂ ਨੂੰ 7 ਪਿਸਤੌਲਾਂ, 18 ਕਾਰਤੂਸਾਂ ਅਤੇ 7 ਵਾਹਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਅੰਨ੍ਹੇ ਕਤਲ ਸਨ, ਜਿਨ੍ਹਾਂ ਵਿੱਚ ਦੋਸ਼ੀਆਂ ਦੀ ਪਛਾਣ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਡੀਜੀਪੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸਾਲ 2022 ਦੌਰਾਨ 9 ਕਤਲ ਹੋਏ ਸਨ ਜਿਹਨਾਂ ਨਾਲ ਆਮ ਲੋਕਾਂ ਵਿੱਚ ਸਨਸਨੀ ਫੈਲ ਗਈ ਸੀ, ਦਾ ਗੈਂਗਸਟਰਾਂ ਨਾਲ ਸਬੰਧ ਨਹੀਂ ਪਾਇਆ ਗਿਆ। ਉਹਨਾਂ ਅੱਗੇ ਕਿਹਾ ਕਿ ਇਹਨਾਂ ਮਾਮਲਿਆਂ ਨੂੰ ਵੀ ਸੁਲਝਾ ਲਿਆ ਗਿਆ ਹੈ ਅਤੇ ਇਹਨਾਂ ਵਿੱਚ ਸ਼ਾਮਲ ਜ਼ਿਆਦਾਤਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧਾਂ ਪਿੱਛੇ ਪਰਿਵਾਰਕ/ਵਿਆਹੁਤਾ ਝਗੜਾ, ਰੰਜਿਸ਼ ਜਾਂ ਪੈਸੇ ਦਾ ਝਗੜਾ ਆਦਿ ਮੁੱਖ ਕਾਰਨ ਪਾਏ ਗਏ ਹਨ।
ਪੰਜਾਬ ਪੁਲਿਸ ਦੀ ਸਰਗਰਮ ਪਹੁੰਚ ਅਤੇ ਸਮੇਂ ਸਿਰ ਦਖ਼ਲ ਦੀ ਉਦਾਹਰਣ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਹਾਲ ਹੀ ਵਿੱਚ ਇੱਕ ਇਮੀਗ੍ਰੇਸ਼ਨ ਸਲਾਹਕਾਰ ਦੀ ਹੱਤਿਆ, ਇੱਕ ਵਿਰੋਧੀ ਗੈਂਗ ਮੈਂਬਰ ਦੀ ਹੱਤਿਆ, ਇੱਕ ਵਿਦਿਆਰਥੀ (ਪ੍ਰਮੁੱਖ ਪੇਸ਼ੇਵਰ ਦਾ ਪੁੱਤਰ) ਨੂੰ ਅਗਵਾ ਕਰਨ ਅਤੇ ਇੱਕ ਵਪਾਰੀ ਦੀ ਹੱਤਿਆ ਵਰਗੇ ਗੈਂਗਸਟਰਾਂ ਨਾਲ ਸਬੰਧਤ ਚਾਰ ਗੰਭੀਰ ਅਪਰਾਧਾਂ ਨੂੰ ਰੋਕਣ ਵਿੱਚ ਸਫਲਤਾਪੂਰਵਕ ਕਾਮਯਾਬੀ ਹਾਸਲ ਕੀਤੀ ਹੈ।
ਡੀਜੀਪੀ ਨੇ ਇਹ ਵੀ ਕਿਹਾ ਕਿ ਲਾਇਸੰਸਸ਼ੁਦਾ ਹਥਿਆਰ ਨਿੱਜੀ ਸੁਰੱਖਿਆ ਲਈ ਹੁੰਦੇ ਹਨ ਨਾ ਕਿ ਅਪਰਾਧ ਕਰਨ ਜਾਂ ਨਿੱਜੀ ਰੰਜਿਸ਼ਾਂ ਲਈ। ਉਹਨਾਂ ਕਿਹਾ, “ਮੈਂ ਸਾਰੇ ਅਸਲਾ ਲਾਇਸੈਂਸ ਧਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਹਥਿਆਰਾਂ ਦੀ ਵਰਤੋਂ ਸਿਰਫ ਆਪਣੀ ਸੁਰੱਖਿਆ ਲਈ ਕਰਨ।”
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਏ, ਬੀ ਅਤੇ ਸੀ ਸ਼੍ਰੇਣੀਆਂ ਦੇ 545 ਗੈਂਗਸਟਰਾਂ ਦੀ ਸਫਲਤਾਪੂਰਵਕ ਪਛਾਣ ਕੀਤੀ ਜਾ ਚੁੱਕੀ ਹੈ। ਇਹਨਾਂ ਗੈਂਗਸਟਰਾਂ ਵਿੱਚੋਂ 515 ਗੈਂਗਸਟਰਾਂ ਵਿਰੁੱਧ ਪਹਿਲਾਂ ਹੀ ਪ੍ਰਭਾਵੀ ਕਾਰਵਾਈ ਕਰਕੇ ਵੱਡੀ ਗਿਣਤੀ ਵਿੱਚ ਹਥਿਆਰ, ਵਾਹਨ ਅਤੇ ਸੰਚਾਰ ਉਪਕਰਨ ਬਰਾਮਦ ਕੀਤੇ ਗਏ ਹਨ।