ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਰੂਰਲ ਮੈਡੀਕਲ ਅਫਸਰਾਂ ਨਾਲ ਮੀਟਿੰਗ
ਮੋਹਾਲੀ, 29 ਮਾਰਚ, 2022: ਅੱਜ ਹਿਮਾਂਸੂ਼ ਅਗਰਵਾਲ, ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਏ.ਐਸ. ਨਗਰ ਵੱਲੋਂ ਜਿ਼ਲ੍ਹਾ ਪ੍ਰੀਸ਼ਦ ਅਧੀਨ ਚੱਲ ਰਹੀਆਂ ਸਬਸਿਡਰੀ ਹੈਲਥ ਸੈਂਟਰਾਂ ਵਿਚ ਕੰਮ ਕਰਦੇ ਰੂਰਲ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਹਿਮਾਂਸੂ਼ ਅਗਰਵਾਲ ਨੇ ਕਿਹਾ ਕਿ ਮੀਟਿੰਗ ਵਿਚ ਕੋਵਿਡ ਵੈਕਸੀਨੇਸ਼ਨ ਸਬੰਧੀ ਪ੍ਰਗਤੀ ਵਾਚੀ ਗਈ ਅਤੇ ਪਾਇਆ ਗਿਆ ਕਿ ਜਿ਼ਲ੍ਹੇ ਦੇ ਰੂਰਲ ਮੈਡੀਕਲ ਅਫਸਰਾਂ ਵੱਲੋਂ ਉਨ੍ਹਾਂ ਨੂੰ ਅਲਾਟ ਕੀਤੇ ਟੀਚਿਆਂ ਅਨੁਸਾਰ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ ਅਤੇ ਉਨ੍ਹਾਂ ਵੱਲੋਂ ਸਿਹਤ ਵਿਭਾਗ ਨੂੰ ਦਿੱਤੇ ਸਹਿਯੋਗ ਸਦਕਾ ਕੋਵਿਡ ਵੈਕਸੀਨੇਸ਼ਨ ਦੇ ਅੰਕੜਿਆਂ ਵਿਚ ਜਿ਼ਲ੍ਹਾ ਐਸ.ਏ.ਐਸ. ਨਗਰ ਨੇ ਪੂਰੇ ਪੰਜਾਬ ਭਰ ਵਿਚੋਂ 100 % ਵੈਕਸੀਨੇਸ਼ਨ ਦਾ ਟੀਚਾ ਹਾਸਲ ਕੀਤਾ ਹੈ।
ਇਸ ਸਮੇਂ ਦੌਰਾਨ ਜਿ਼ਲ੍ਹੇ ਵਿਚੋਂ ਸਭ ਤੋਂ ਵੱਧ ਵੈਕਸੀਨੇਸ਼ਨ ਕਰਨ ਵਾਲੇ ਡਾ. ਸੰਗੀਤਪਾਲ ਕੌਰ, ਡਾ. ਮੀਨੂੰ, ਡਾ. ਜ਼ਸਵਿੰਦਰ ਕੌਰ ਪਾਲੀ, ਡਾ. ਰਮਨਪ੍ਰੀਤ ਸਿੰਘ ਚਾਵਲਾ, ਡਾ. ਪੂਜਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਇਸ ਸ਼ਲਾਘਾਯੋਗ ਉਪਰਾਲੇ ਲਈ ਸਮੂਹ ਰੂਰਲ ਮੈਡੀਕਲ ਅਫਸਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਪੇਂਡੂ ਸਿਹਤ ਸੇਵਾਵਾਂ ਅਤੇ ਸਰਕਾਰ ਵੱਲੋਂ ਦਿੱਤੇ ਹੋਰ ਟੀਚਿਆਂ ਨੂੰ ਪੂਰਾ ਕਰਨ ਲਈ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ ਗਿਆ।