ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰ.ਟੀ.ਏਜ਼. ਨੂੰ ਨਾਜਾਇਜ਼ ਬੱਸਾਂ ਰੋਕਣ ਲਈ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ
1 min readਚੰਡੀਗੜ੍ਹ, 29 ਮਾਰਚ, 2022: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਰਿਜਨਲ ਟਰਾਂਸਪੋਰਟ ਅਥਾਰਿਟੀਜ਼ (ਆਰ.ਟੀ.ਏ.) ਦੇ ਸਮੂਹ ਸਕੱਤਰਾਂ ਨਾਲ ਹੰਗਾਮੀ ਮੀਟਿੰਗ ਕਰਦਿਆਂ ਸੂਬੇ ਵਿੱਚ ਨਾਜਾਇਜ਼ ਚਲ ਰਹੀਆਂ ਬੱਸਾਂ ਨੂੰ ਰੋਕਣ ਸਬੰਧੀ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਡਿਫ਼ਾਲਟਰ ਅਤੇ ਨਾਜਾਇਜ਼ ਚਲਦੀਆਂ ਬੱਸਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ, ਉਥੇ ਸਮੂਹ ਛੋਟੇ-ਵੱਡੇ ਬੱਸ ਆਪ੍ਰੇਟਰਾਂ ਨੂੰ ਟਾਈਮ ਟੇਬਲ ਵਿੱਚ ਤਰਕਸੰਗਤ ਤੇ ਢੁਕਵਾਂ ਸਮਾਂ ਦਿੱਤਾ ਜਾਵੇ ਅਤੇ ਟਾਈਮ ਟੇਬਲ ਵਿੱਚ ਕਿਸੇ ਨਾਲ ਵਿਤਕਰਾ ਨਾ ਕੀਤਾ ਜਾਵੇ।
ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੂਹ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਬੱਸਾਂ ਦੇ ਨਾਜਾਇਜ਼ ਆਪ੍ਰੇਸ਼ਨ ਨੂੰ ਰੋਕਣ ਸਬੰਧੀ ਸਕੱਤਰ ਆਰ.ਟੀ.ਏ., ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਚੈਕਿੰਗ ਮੁਹਿੰਮ ਵਿੱਢਣਗੇ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਅਧਿਕਾਰੀ ਇਹ ਵੀ ਯਕੀਨੀ ਬਣਾਉਣਗੇ ਕਿ ਬੱਸ ਅੱਡੇ ਤੋਂ ਕੋਈ ਵੀ ਨਾਜਾਇਜ਼ ਬੱਸ ਨਹੀਂ ਚੱਲੇਗੀ। ਜੇ ਕੋਈ ਅਜਿਹੀ ਬੱਸ ਚਲਦੀ ਪਾਈ ਜਾਂਦੀ ਹੈ ਤਾਂ ਉਸ ਬਾਰੇ ਤੁਰੰਤ ਸਬੰਧਤ ਆਰ.ਟੀ.ਏ. ਨੂੰ ਸੂਚਿਤ ਕੀਤਾ ਜਾਵੇ।
ਬੱਸ ਅੱਡਿਆਂ ਤੋਂ ਬਾਹਰ ਨਾਜਾਇਜ਼ ਚਲ ਰਹੀਆਂ ਕਨਟ੍ਰੈਕਟ ਕੈਰਿਜ ਬੱਸਾਂ ਅਤੇ ਦੂਜੀਆਂ ਬੱਸਾਂ ਵਿਰੁੱਧ ਕਾਰਵਾਈ ਯਕੀਨੀ ਬਣਾਉਣ ਦੇ ਸਖ਼ਤ ਆਦੇਸ਼ ਦਿੰਦਿਆਂ ਭੁੱਲਰ ਨੇ ਕਿਹਾ ਕਿ ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਕੂਲੀ ਬੱਸਾਂ ਦੇ ਆਪ੍ਰੇਟਰਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸੇਫ਼ ਸਕੂਲ ਵਾਹਨ ਸਕੀਮ ਵਿੱਚ ਦਰਸਾਏ ਉਪਬੰਧਾਂ ਨੂੰ ਹੂਬਹੂ ਲਾਗੂ ਕੀਤਾ ਜਾਵੇ।
ਟਾਈਮ ਟੇਬਲ ਵਿੱਚ ਸਭ ਨੂੰ ਢੁਕਵਾਂ ਸਮਾਂ ਦੇਣ ਦੀ ਗੱਲ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਨਿਰਦੇਸ਼ ਦਿੱਤੇ, “ਭਾਵੇਂ ਕੋਈ ਵੱਡਾ ਬੱਸ ਆਪ੍ਰੇਟਰ ਹੈ ਜਾਂ ਛੋਟਾ, ਸਾਰਿਆਂ ਨੂੰ ਟਾਈਮ ਟੇਬਲ ਵਿੱਚ ਤਰਕਸੰਗਤ ਤੇ ਢੁਕਵਾਂ ਸਮਾਂ ਦਿੱਤਾ ਜਾਵੇ।” ਉਨ੍ਹਾਂ ਕਿਹਾ ਕਿ ਟਾਈਮ ਟੇਬਲ ਲਾਗੂ ਕਰਨ ਸਮੇਂ ਕਿਸੇ ਵੀ ਕਿਸਮ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਬਲਿਕ ਦੇ ਹਿੱਤਾਂ ਲਈ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਸ ਵਿੱਚ ਤਾਲਮੇਲ ਰੱਖਣ ਅਤੇ ਦਫ਼ਤਰੀ ਸਮੇਂ ਦੌਰਾਨ ਦਫ਼ਤਰ ਵਿੱਚ ਹਾਜ਼ਰ ਰਹਿ ਕੇ ਪਬਲਿਕ ਦੇ ਕੰਮਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਸਿੱਧੂ, ਡਾਇਰੈਕਟਰ ਸਟੇਟ ਟਰਾਂਸਪੋਰਟ ਅਮਨਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਪਟਿਆਲਾ ਪਵਨਦੀਪ ਕੌਰ ਸਣੇ ਸਮੂਹ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਮੌਜੂਦ ਸਨ।