ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲਦਾਰ ਅਤੇ ਰਜਿਸਟਰਾਰ ਦਫ਼ਤਰਾਂ ਦਾ ਨਿਰੀਖਣ
1 min read
ਮੋਹਾਲੀ, 21 ਮਾਰਚ, 2022: ਸਰਕਾਰੀ ਦਫ਼ਤਰਾਂ ਵਿਚ ਸੇਵਾ ਦੇ ਅਧਿਕਾਰ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੱਲੋਂ ਅੱਜ ਸਥਾਨਕ ਜਿਲ੍ਹਾ ਕੰਪਲੈਕਸ ਐਸ ਏ ਐਸ ਨਗਰ ਵਿਖੇ ਸਥਿਤ ਤਹਿਸੀਲਦਾਰ ਅਤੇ ਰਜਿਸਟਰਾਰ ਦਫ਼ਤਰ ਦਾ ਨਿਰੀਖਣ ਕੀਤਾ ਗਿਆ ।
ਡਿਪਟੀ ਕਮਿਸ਼ਨਰ ਨੇ ਸਟਾਫ਼ ਤੋਂ ਸਾਰੀਆਂ ਰਸੀਦਾਂ ਦਾ ਵੇਰਵਾ, ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਬਕਾਇਆ ਪਏ ਕੇਸਾਂ, ਸਮੇਂ-ਸਮੇਂ ’ਤੇ ਹੁੰਦੇ ਇੰਦਰਾਜ਼ਾਂ, ਇਕੱਤਰ ਕੀਤੀਆਂ ਫੀਸਾਂ ਅਤੇ ਹੋਰ ਖਰਚਿਆਂ ਦਾ ਡੂੰਘਾਈ ਨਾਲ ਵੇਰਵਾ ਲਿਆ। ਉਨ੍ਹਾਂ ਸਾਰੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਲੋਕ ਹਿੱਤ ਦੇ ਕੰਮਾਂ ਨੂੰ ਪਹਿਲ ਦੇਣ। ਉਨ੍ਹਾਂ ਵਸੀਕੇ ਨਾਲੋ ਨਾਲ ਨਿਪਟਾਉਣ ’ਤੇ ਜ਼ੋਰ ਦਿੰਦਿਆਂ ਹਦਾਇਤ ਕੀਤੀ ਕਿ ਰਜਿਸਟਰੀ ਸਿਰਫ਼ ਖਰੀਦਦਾਰ ਨੂੰ ਹੀ ਦਿੱਤੀ ਜਾਵੇ। ਇਸ ਦੇ ਨਾਲ ਹੀ ਖ਼ਰੀਦਣ ਤੇ ਵੇਚਣ ਵਾਲੇ ਦਾ ਮੋਬਾਇਲ ਨੰਬਰ ਰਜਿਸਟਰੀ ਉਪਰ ਦਰਜ ਕੀਤਾ ਜਾਵੇ l
ਉਨ੍ਹਾਂ ਸਾਰੀਆਂ ਸੇਵਾਵਾਂ ਨੂੰ ਮੁਹੱਈਆ ਕਰਾਉਣ ਲਈ ਤੈਅ ਸਮਾਂ ਸਾਰਨੀ ਅਤੇ ਫੀਸਾਂ ਦਾ ਵੇਰਵਾ ਨੋਟਿਸ ਬੋਰਡ ’ਤੇ ਲਗਾਉਣ ਬਾਰੇ ਵੀ ਕਿਹਾ। ਡਿਪਟੀ ਕਮਿਸ਼ਨਰ ਵੱਲੋਂ ਕੀਤੇ ਗਏ ਵਸੀਕਿਆਂ ਵਿਚ ਦਰਜ ਮੋਬਾਈਲ ਨੰਬਰਾਂ ਅਨੁਸਾਰ ਦੋ ਤਿੰਨ ਵਿਅਕਤੀਆਂ ਨੂੰ ਮੋਬਾਇਲ ਤੇ ਸੰਪਰਕ ਕਰ ਕੇ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਵਸੀਕੇ ਦੀ ਕਾਪੀ ਮਿੱਥੇ ਸਮੇਂ ਵਿੱਚ ਮਿਲ ਗਈ ਸੀ ਤਾਂ ਸਬੰਧਤ ਵਿਅਕਤੀਆਂ ਵੱਲੋਂ ਇਹ ਦੱਸਿਆ ਗਿਆ ਕਿ ਉਨ੍ਹਾਂ ਨੂੰ ਵਸੀਕੇ ਦੀ ਕਾਪੀ ਮਿਥੇ ਸਮੇਂ ਵਿੱਚ ਮਿਲ ਗਈ ਸੀ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ l
ਈਸ਼ਾ ਕਾਲੀਆ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਕਿਸੇ ਏਜੰਟ ਜਾਂ ਤੀਜੇ ਵਿਅਕਤੀ ਦਾ ਸਹਿਯੋਗ ਨਾ ਲੈਣ, ਸਗੋਂ ਆਪਣੀਆਂ ਫਾਈਲਾਂ ਖੁਦ ਜਮ੍ਹਾਂ ਕਰਾਉਣ। ਇਸ ਮੌਕੇ ਉਨ੍ਹਾਂ ਨਾਲ ਹੋਰ ਸਟਾਫ਼ ਵੀ ਹਾਜ਼ਰ ਸੀ।