ਵਿਧਾਨ ਸਭਾ ਹਲਕਾ ਮੋਹਾਲੀ ਦੇ ਕੁੱਲ 271 ਪੋਲਿੰਗ ਬੂਥਾਂ ਲਈ 20 ਰਾਊਂਡ ਵਿੱਚ ਹੋਵੇਗੀ ਗਿਣਤੀ
1 min readਮੋਹਾਲੀ, 9 ਮਾਰਚ, 2022: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਈਸ਼ਾ ਕਾਲੀਆ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ ਨਗਰ ਵਿਖੇ ਭਲਕੇ ਹੋਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਸਬੰਧੀ ਜ਼ਿਲ੍ਹਾ ਐਸ.ਏ.ਐਸ ਨਗਰ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਮਿਤੀ 10 ਮਾਰਚ ਨੂੰ ਵਿਧਾਨ ਸਭਾ ਹਲਕਾ-052 ਖਰੜ੍ਹ ਦੀ ਰਤਨ ਪ੍ਰੋਫੈਸ਼ਨਲ ਕਾਲਜ (ਬੇਸਮੈਂਟ), ਸੈਕਟਰ 78, ਸੋਹਾਣਾ, ਵਿਧਾਨ ਸਭਾ ਹਲਕਾ 053-ਐਸ.ਏ.ਐਸ ਨਗਰ ਦੀ ਸਪੋਰਟਸ ਕੰਪਲੈਕਸ, ਸੈਕਟਰ 78, ਅਤੇ ਵਿਧਾਨ ਸਭਾ ਹਲਕਾ 112- ਡੇਰਾਬੱਸੀ ਦੀ ਰਤਨ ਪ੍ਰੋਫੈਸ਼ਨਲ ਕਾਲਜ ਤੀਜੀ ਮੰਜ਼ਿਲ, ਸੈਕਟਰ 78 ਸੋਹਾਣਾ, ਐਸ.ਏ.ਐਸ ਨਗਰ ਵਿਖੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਵਿਖੇ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਸਟ੍ਰਾਂਗ ਰੂਮ ਅਬਜਰਵਰਾਂ ਅਤੇ ਉਮੀਦਵਾਰ/ਚੋਣ ਏਜੰਟਾਂ ਦੀ ਹਾਜ਼ਰੀ ਵਿੱਚ 10 ਮਾਰਚ ਨੂੰ ਖੋਲੇ ਜਾਣਗੇ ਅਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ।
ਮੀਡੀਆ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਸਨਮੁੱਖ ਵੋਟਾਂ ਦੀ ਗਿਣਤੀ ਲਈ ਹਰ ਇੱਕ ਵਿਧਾਨ ਸਭਾ ਹਲਕੇ ਲਈ ਕੁੱਲ 2 ਕਾਊਟਿੰਗ ਹਾਲ ਅਤੇ 16 ਟੇਬਲ ਸੈਟ ਕੀਤੇ ਜਾਣੇ ਹਨ, ਉਨ੍ਹਾਂ ਕਿਹਾ ਹਰ ਟੇਬਲ ਲਈ ਕਾਊਟਿੰਗ ਏਜੰਟ ਨਿਯੁਕਤ ਕੀਤਾ ਜਾਏਗਾ ਅਤੇ ਇਹਨਾਂ ਏਜੰਟਾਂ ਨੂੰ ਸਬੰਧਤ ਰਿਟਰਨਿੰਗ ਅਫਸਰ ਪੱਧਰ ‘ਤੇ ਸਨਾਖਤੀ ਕਾਰਡ ਜਾਰੀ ਕੀਤੇ ਜਾਣਗੇ। ਕਾਊਂਟਿੰਗ ਏਜੰਟ ਨੂੰ ਆਪਣੇ ਟੇਬਲ ਤੋਂ ਇਲਾਵਾ ਕਿਸੇ ਹੋਰ ਟੇਬਲ ਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਲਈ ਸਮੂਹ ਕਾਊਂਟਿੰਗ ਏਜੰਟਾਂ ਨੂੰ ਉਕਤ ਅਨੁਸਾਰ ਅਨੁਸ਼ਾਸਨ ਵਿੱਚ ਰਹਿਣ ਲਈ ਪਾਬੰਦ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵੱਖ-ਵੱਖ ਰਾਊਂਡ ਵਿੱਚ ਕੀਤੀ ਜਾਵੇਗੀ, ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ 052- ਖਰੜ੍ਹ ਦੇ ਕੁੱਲ 316 ਪੋਲਿੰਗ ਬੂਥਾਂ ਲਈ 23 ਰਾਊਂਡ ਵਿੱਚ ਗਿਣਤੀ ਕੀਤੀ ਜਾਵੇਗੀ, 053- ਐਸ.ਏ.ਐਸ ਨਗਰ ਦੇ ਕੁੱਲ 271 ਪੋਲਿੰਗ ਬੂਥਾਂ ਲਈ 20 ਰਾਊਂਡ ਵਿੱਚ ਗਿਣਤੀ ਕੀਤੀ ਜਾਵੇਗੀ ਅਤੇ 112- ਡੇਰਾਬੱਸੀ ਦੇ ਕੁੱਲ 320 ਪੋਲਿੰਗ ਬੂਥਾਂ ਲਈ 23 ਰਾਊਂਡ ਵਿੱਚ ਗਿਣਤੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿਸੇ ਵੀ ਕਾਊਟਿੰਗ ਸੈਂਟਰ ਵਿਖੇ ਮੋਬਾਇਲ ਫੋਨ, ਪੈਨ, ਪੈਨਸਲ ਕਿਸੇ ਵੀ ਤਰ੍ਹਾਂ ਦਾ ਅਸਲਾ ਜਾਂ ਕੋਈ ਨਸ਼ੀਲਾ ਪਦਾਰਥ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ । ਸਨਖਾਤੀ ਕਾਰਡ ਤੋਂ ਬਿਨਾ ਕਾਉਂਟਿੰਗ ਸੈਂਟਰ ਵਿਖੇ ਦਾਖਲਾ ਨਹੀਂ ਮਿਲੇਗਾ। ਇਸ ਮੌਕੇ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੀ ਸਮੁੱਚੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਐਸ.ਐਸ.ਪੀ ਹਰਜੀਤ ਸਿੰਘ ਨੇ ਕਿਹਾ ਪੁਲਿਸ ਵੱਲੋ ਸਰੁੱਖਿਆ ਲਈ ਪੂਰਨ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਾਂਊਟਿੰਗ ਸੈਟਰਾਂ ਤੇ 2-2 ਐਸ.ਪੀ ਤਾਇਨਾਤ ਕੀਤੇ ਗਏ ਅਤੇ ਬਾਹਰ ਪੁਲਿਸ ਫੋਰਸ ਲਾਈ ਗਈ ਹੈ। ਉਨ੍ਹਾਂ ਦੱਸਿਆ ਮੀਡੀਆ ਕਰਮੀ ਸਿਰਫ ਉਸੇ ਹਲਕੇ ਦੇ ਕਾਊਂਟਿੰਗ ਸੈਟਰ ਤੇ ਦਾਖਲ ਹੋ ਸਕਦਾ ਹੈ ਜਿਥੋ ਦਾ ਉਸ ਦੇ ਇਲੈਕਸ਼ਨ ਕਮਿਸ਼ਨ ਵੱਲੋ ਜਾਰੀ ਕਾਰਡ ਤੇ ਲਿਖਿਆ ਹੋਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਾਊਂਟਿੰਗ ਸੈਂਟਰਾ ਦੇ ਇੱਕ ਕਿਲੋਮੀਟਰ ਘੇਰੇ ਅੰਦਰ ਸਿਰਫ ਪੈਦਲ ਜਾਣ ਦੀ ਹੀ ਆਗਿਆ ਹੋਵੇਗੀ । ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾ ਕਿਹਾ ਕਾਊਂਟਿੰਗ ਸੈਂਟਰਾ ਅੰਦਰ ਪੈੱਨ, ਪੈਨਸਿਲ ਆਦਿ ਤੇ ਕਿਸੇ ਵੀ ਤਰ੍ਹਾਂ ਦੀ ਤਿੱਖੀ ਚੀਜ਼ ਲੈ ਕੇ ਜਾਣ ਦੀ ਆਗਿਆ ਨਹੀ ਹੋਵੇਗੀ । ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਡਰੋਨ ਨਾਲ ਵੀਡੀਓ ਗ੍ਰਾਫੀ ਕਰਨ ਤੇ ਵੀ ਪਾਬੰਧੀ ਲਗਾਈ ਗਈ ਹੈ। ਉਨ੍ਹਾ ਦੱਸਿਆ ਕਿ ਪੁਲਿਸ ਵੱਲੋ ਕਾਉਂਟਿੰਗ ਸੈਟਰਾਂ ਦੇ 500 ਮੀਟਰ ਅਤੇ 300 ਮੀਟਰ ਦੇ ਘੇਰੇ ਅੰਦਰ ਬੈਰੀਗੇਟਿੰਗ ਕੀਤੀ ਜਾਵੇਗੀ ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ । ਉਨ੍ਹਾ ਕਿਹਾ ਕਿ ਵਿਧਾਨ ਸਭਾ ਚੋਣਾਂ– 2022 ਦੀਆਂ ਵੋਟਾਂ ਦੀ ਗਿਣਤੀ ਇੱਕ ਮਹੱਤਵਪੂਰਨ ਕੰਮ ਹੈ, ਜੋ ਕਿ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਨ੍ਹਾਂ ਸਮੂਹ ਪੱਤਰਕਾਰਾਂ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸਹਿਯੋਗ ਦੇਣ ਦੀ ਅਪੀਲ ਕੀਤੀ ।