ਵਰਿੰਦਰ ਭਾਟੀਆ ਵੱਲੋਂ ਪਰੀਖਿਆ ਸਬੰਧੀ ਇੰਤਜ਼ਾਮਾਂ ਦੀ ਚੈਕਿੰਗ ਲਈ ਸਕੂਲ ਦਾ ਅਚਨਚੇਤ ਦੌਰਾ
1 min read
ਮੋਹਾਲੀ, 5 ਮਾਰਚ, 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ਨੀਵਾਰ ਨੂੰ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆ ਦੀ ਟਰਮ-1 ਦੀ ਮੁੜ ਪਰੀਖਿਆ ਦੇ ਪਹਿਲੇ ਦਿਨ ਪੰਜਵੀਂ ਸ੍ਰੇਣੀ ਦੇ ਪੰਜਾਬੀ, ਹਿੰਦੀ, ਉਰਦ, ਵਾਤਾਵਰਨ ਸਿੱਖਿਆ ‘ਤੇ ਅੱਠਵੀਂ ਸ਼੍ਰੇਣੀ ਦੇ ਪੰਜਾਬੀ, ਹਿੰਦੀ, ਉਰਦੂ ਦੇ ਨਾਲ-ਨਾਲ ਗਣਿਤ ਵਿਸ਼ਿਆਂ ਦੀ ਪਰੀਖਿਆ ਕਰਵਾਈ ਗਈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਕਮ ਸਕੱਤਰ ਵਰਿੰਦਰ ਭਾਟੀਆ ਵੱਲੋਂ ਮੁੜ ਪਰੀਖਿਆ ਦੇ ਪਹਿਲੇ ਦਿਨ ਪਰੀਖਿਆ ਸਬੰਧੀ ਇੰਤਜ਼ਾਮਾਂ ਦੀ ਚੈਕਿੰਗ ਲਈ ਅੰਮ੍ਰਿਤਸਰ ਸ਼ਹਿਰ ਦੇ ਸਰਕਾਰੀ ਸਾਰਾਗੜ੍ਹੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਟਾਉਨ ਹਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਵਰਿੰਦਰ ਭਾਟੀਆ ਦੇ ਨਾਲ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ ਕੁਮਾਰ ਵੀ ਮੌਜੂਦ ਸਨ।
ਵਾਈਸ ਚੇਅਰਮੈਨ ਕਮ ਸਕੱਤਰ ਵਰਿੰਦਰ ਭਾਟੀਆ ਨੇ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਬੋਰਡ ਵੱਲੋਂ ਲਈਆ ਜਾਣ ਵਾਲੀਆਂ ਪਰੀਖਿਆਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਧਾਰ ਕੀਤੇ ਜਾਣਗੇ ਅਤੇ ਪਰੀਖਿਆਵਾਂ ਦੌਰਾਨ ਨਕਲ ਨੂੰ ਠੱਲ੍ਹ ਪਾਉਣ ਲਈ ਵੀ ਸਖ਼ਤ ਕਦਮ ਚੁੱਕੇ ਜਾਣਗੇ। ਗੌਰਤਲਬ ਹੈ ਕਿ ਸਿੱਖਿਆ ਬੋਰਡ ਵੱਲੋਂ ਇਨ੍ਹਾਂ ਪਰੀਖਿਆਵਾਂ ਵਿੱਚ ਓ.ਐੱਮ.ਆਰ. ਸ਼ੀਟਾਂ ਦਾ ਇਸਤੇਮਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਪਰੀਖਿਆਰਥੀਆਂ ਨੂੰ ਭਵਿੱਖ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਭਾਟੀਆ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਪਰੀਖਿਆਵਾਂ ਦੌਰਾਨ ਸਿੱਖਿਆ ਬੋਰਡ ਵੱਲੋਂ ਸਥਾਪਤ ਕੀਤੇ ਪਰੀਖਿਆ ਕੇਂਦਰਾਂ ਵਿੱਚ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਇੰਨ-ਬਿੰਨ੍ਹ ਪਾਲਣਾ ਕਰਨ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।