September 9, 2024

Chandigarh Headline

True-stories

ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਿਰੁੱਧ ਸਿੱਖਿਆ ਬੋਰਡ ਅੱਗੇ ਧਰਨਾ 7 ਫਰਵਰੀ ਨੂੰ

ਮੋਹਾਲੀ, 5 ਫਰਵਰੀ, 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋ 10+2 ਦੇ ਬੱਚਿਆਂ ਨੂੰ ਪੰਜਾਬ ਦੇ ਸਕੂਲਾਂ ਵਿਚ ਇਕ ਪ੍ਰਾਈਵੇਟ ਲੇਖਕ ਵਲੋਂ ਲਿਖੇ ਖਰੜੇ ਨੂੰ ਸਰਕਾਰ ਵਲੋਂ ਦਿਤੀ ਪ੍ਰਵਾਨਗੀ ਦੇ ਆਧਾਰ ਉਤੇ ਪੜਾਈ ਜਾ ਰਹੀ ਹੈ, ਜਿਸ ਵਿਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਇਕ ਡੂੰਘੀ ਸਾਜਿਸ਼ ਦੇ ਤਹਿਤ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਬਲਦੇਵ ਸਿੰਘ ਸਿਰਸਾ ਨੇ ਸਬੂਤ ਵਜੋਂ ਮਾਰਕੀਟ ਵਿਚੋਂ ਖੁੱਲ੍ਹੇਆਮ ਵਿਕ ਰਹੀਆਂ ਅਜਿਹੀਆਂ ਕਿਤਾਬਾਂ ਪੇਸ਼ ਕਰਦਿਆਂ ਕਿਹਾ ਕਿ ਅੱਜ ਵੀ ਇਹ ਕਿਤਾਬਾਂ ਧੜੱਲੇ ਨਾਲ ਮਾਰਕੀਟ ਵਿਚ ਵਿੱਕ ਰਹੀਆਂ ਹਨ। ਜੇਕਰ ਇਹ ਕਿਤਾਬਾਂ ਪ੍ਰਵਾਨਿਤ ਨਹੀਂ ਹਨ ਤਾਂ ਪਬਲਿਸ਼ਰ ਵਿਰੁਧ ਮਾਮਲਾ ਦਰਜ ਕੀਤਾ ਜਾਵੇ। ਉਹਨਾਂ ਦਸਿਆ ਕਿ ਇਨ੍ਹਾਂ ਕਿਤਾਬਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਕਿ ਉਹਨਾਂ ਨੇ ਕਿਸੇ ਵੀ ਹਿੰਦੂ ਰੀਤੀ ਰਿਵਾਜ਼ ਦਾ ਵਿਰੋਧ ਨਹੀਂ ਕੀਤਾ, ਨਾ ਹੀ ਕੋਈ ਨਵੀਂ ਸੰਸਥਾ ਚਲਾਈ, ਨਾ ਹੀ ਕਿਸੇ ਵੱਖਰੇ ਧਰਮ ਦੀ ਸਥਾਪਨਾ ਕੀਤੀ ਹੈ ਅਤੇ ਨਾ ਹੀ ਉਹਨਾਂ ਦੇ ਅਤੇ ਹਿੰਦੂ ਮੱਤ ਦੇ ਵਿਚਾਰਾਂ ਵਿਚ ਕੋਈ ਅੰਤਰ ਹੈ। ਲੇਖਕ ਵਲੋਂ ਸਿੱਟਾ ਕੱਢਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਧਰਮ ਦੇ ਹੀ ਪ੍ਰਚਾਰਕ ਸਨ।

ਬਲਦੇਵ ਸਿੰਘ ਸਿਰਸਾ ਨੇ ਅੱਗੇ ਕਿਹਾ ਕਿ ਇਸੇ ਕਿਤਾਬ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਬੰਧੀ ਪੰਨਾ 113 ਉਤੇ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਾਰਮਿਕ ਕਾਰਨਾਂ ਕਰਕੇ ਸ਼ਹੀਦ ਨਹੀਂ ਸੀ ਕੀਤਾ ਗਿਆ ਸਗੋਂ ਉਹ ਇਕ ਰਾਜਨੀਤਕ ਵਿਦਰੋਹੀ ਸਨ।

ਸਿਰਸਾ ਨੇ ਪ੍ਰੈਸ ਨੂੰ ਦਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਇਸ ਕਿਤਾਬ ਵਿਚ ਬਹੁਤ ਘਟੀਆ ਦਰਜੇ ਦੀ ਸ਼ਬਦਾਵਲੀ ਲਿਖੀ ਗਈ ਹੈ, ਜਿਵੇਂ ਕਿ ਬੰਦਾ ਸਿਘ ਬਹਾਦਰ ਨੂੰ ਮਜ਼ਲੂਮਾਂ ਦਾ ਖ਼ੂਨ ਚੂਸਣ ਵਾਲਾ, ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਇਕ ਰਾਖ਼ਸ਼ਿਸ਼ ਦੱਸਿਆ ਹੈ।

ਉਹਨਾਂ ਦਸਿਆ ਕਿ ਇਸ ਸਬੰਧੀ ਮੈਂ ਸਿੱਖਿਆ ਬੋਰਡ, ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਨੇਕਾਂ ਸ਼ਿਕਾਇਤਾਂ ਕੀਤੀਆਂ ਪਰ ਇਹਨਾਂ ਵਲੋਂ ਦੋਸ਼ੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਹੁਣ ਅਸੀਂ ਮਿਤੀ 7 ਫਰਵਰੀ 2022 ਨੂੰ ਸਵੇਰੇ 11.00 ਵਜੇ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਤੋਂ ਚੱਲ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਦਫ਼ਤਰ ਅੱਗੇ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਗੁਰਿੰਦਰ ਸਿੰਘ ਭੰਗੂ,ਬੀਕੇਯੂ (ਖੋਸਾ)। ਗੁਰਨਾਮ ਸਿੰਘ ਜੱਸੜਾ, ਕੁਲਵਿੰਦਰ ਸਿੰਘ ਪੰਜੋਲਾ ਆਦਿ ਹਾਜਰ ਸਨ।

ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨਾਲ ਸੰਪਰਕ ਕਰਨ ਉਤੇ ਉਹਨਾਂ ਕਿਹਾ ਕਿ ਸਿਖਿਆ ਬੋਰਡ ਵਲੋਂ ਅਜਿਹੀ ਕੋਈ ਕਿਤਾਬ ਪ੍ਰਵਾਨ ਨਹੀਂ ਕੀਤੀ ਗਈ। ਸਿਰਸਾ ਜੀ ਵਲੋਂ ਜੋ ਗਲਤੀਆਂ ਸਿੱਖਿਆ ਬੋਰਡ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਹਨ, ਉਸ ਸਬੰਧੀ ਕਮੇਟੀ ਨੇ ਜੋ ਸਿਫ਼ਾਰਸ਼ਾਂ ਕੀਤੀਆਂ ਹਨ, ਉਹ ਵਿਚਾਰ ਅਧੀਨ ਹਨ। ਜੇਕਰ ਕੋਈ ਲੇਖਕ ਆਪਣੇ ਪੱਧਰ ਉਤੇ ਕਿਤਾਬ ਵੇਚਦਾ ਹੈ, ਤਾਂ ਉਹ ਖੁਦ ਜ਼ਿੰਮੇਵਾਰ ਹੈ। ਜਿਸ ਕਮੇਟੀ ਵਲੋਂ ਕਿਤਾਬ ਲਈ ਸ਼ਿਫਾਰਸ਼ਾਂ ਕੀਤੀਆਂ ਸਨ, ਉਸ ਕਮੇਟੀ ਵਿਰੁਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..