ਕਿਤਾਬ ‘ਹਿਸਟਰੀ ਆਫ ਪੰਜਾਬ’ ਵਿੱਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਸਬੰਧੀ ਪੜਤਾਲ ਰਿਪੋਰਟ ਪ੍ਰਾਪਤ ਹੋਣ ਤੇ ਯੋਗ ਕਾਰਵਾਈ ਕੀਤੀ ਜਾਵੇਗੀ: ਪ੍ਰੋ. ਯੋਗਰਾਜ
1 min readਮੋਹਾਲੀ, 28 ਫ਼ਰਵਰੀ, 2022: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਗੇਟ ਤੇ ਪਿਛਲੇ ਕਈ ਦਿਨਾਂ ਤੋਂ ਡਾ. ਐੱਮ. ਐੱਸ ਮਾਨ ਵੱਲੋਂ ਲਿਖੀ ਗਈ ਅਤੇ ਰਾਜ ਪਬਲਿਸ਼ਰ, ਜਲੰਧਰ ਵੱਲੋਂ ਛਾਪੀ ਗਈ ਬਾਰ੍ਹਵੀਂ ਸ਼੍ਰੇਣੀ ਦੀ ਕਿਤਾਬ ‘ਹਿਸਟਰੀ ਆਫ ਪੰਜਾਬ’ ਵਿੱਚ ਸਿੱਖ ਇਤਿਹਾਸ ਦੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿਰੁੱਧ ਬਲਦੇਵ ਸਿੰਘ ਸਿਰਸਾ ਦੀ ਅਗਾਵਾਈ ਹੇਠ ਚੱਲ ਰਹੇ ਧਰਨੇ ਸਬੰਧੀ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੋ. ਯੋਗਰਾਜ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ।
ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੋ. ਯੋਗਰਾਜ ਅਨੁਸਾਰ ਉਨ੍ਹਾਂ ਕੋਲ ਇਸ ਕਿਤਾਬ ਸਬੰਧੀ ਜੋ ਸੂਚਨਾ ਸਾਹਮਣੇ ਆਈ ਹੈ ਅਨੁਸਾਰ, ਇਹ ਕਿਤਾਬ ਸਾਲ 2009 ਤੋਂ ਬਾਜਾਰ ਵਿੱਚ ਵਿਕਰੀ ਕੀਤੀ ਜਾ ਰਹੀ ਹੈ ਜਦੋਂ ਕਿ ਸ਼ਿਕਾਇਤਕਰਤਾ ਵੱਲੋਂ ਇਸ ਦੀ ਸੂਚਨਾ ਫ਼ਰਵਰੀ 2022 ਵਿੱਚ ਦਿੱਤੀ ਗਈ। ਜਿੱਥੋਂ ਤੱਕ ਬੋਰਡ ਦਾ ਸਬੰਧ ਹੈ, ਇਸ ਕਿਤਾਬ ਦੇ ਪ੍ਰਕਾਸ਼ਨ ਜਾਂ ਇਸ ਦੇ ਲੇਖਕ ਦੀ ਨਿਯੁਕਤੀ ਬੋਰਡ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਦਫ਼ਤਰੀ ਰਿਕਾਰਡ ਅਨੁਸਾਰ ਇਹ ਕਿਤਾਬ ਸਾਲ 2009 ਤੋਂ ਸਾਲ 2017 ਤੱਕ ਇੱਕ ਸਬ-ਕਮੇਟੀ ਅਤੇ ਅਕਾਦਮਿਕ ਕੌਂਸਲ ਦੀ ਸਿਫ਼ਾਰਿਸ਼ ਉਪਰੰਤ ਉਸ ਵੇਲੇ ਦੇ ਤਤਕਾਲੀਨ ਚੇਅਰਮੈਨ ਵੱਲੋਂ ਨੋਟੀਫ਼ਾਈ ਕਰਨ ਦੀ ਪ੍ਰਵਾਨਗੀ ਦਿੱਤੀ ਗਈ।
ਪ੍ਰੋ. ਯੋਗਰਾਜ ਵੱਲੋਂ ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 9 ਫ਼ਰਵਰੀ 2022 ਨੂੰ ਪ੍ਰਾਪਤ ਹੋਈ ਦਰਖ਼ਾਸਤ ਤੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਪੜਤਾਲ ਆਈ.ਪੀ. ਐੱਸ ਮਲੋਹਤਰਾ ਪੜਤਾਲ ਅਫ਼ਸਰ ਨੂੰ ਦਰਖ਼ਾਸਤ ਵਿੱਚ ਦਰਜ ਤੱਥਾਂ ਦੀ ਸਮੂਹ ਪੱਖਾਂ ਤੋਂ ਪੜਚੋਲ ਕਰਨ ਹਿਤ ਸੌਂਪ ਦਿੱਤੀ ਗਈ ਜੋ ਕਿ ਅਜੇ ਕਾਰਵਾਈ ਅਧੀਨ ਹੈ। ਪੜਤਾਲੀਆ ਅਫ਼ਸਰ ਨੂੰ ਇਹ ਨਿਰਦੇਸ਼ ਕੀਤੇ ਗਏ ਹਨ ਕਿ ਪੜਤਾਲ ਰਿਪੋਰਟ ਹਰ ਹਾਲਤ ਵਿੱਚ 5 ਮਾਰਚ ਤੱਕ ਪੇਸ਼ ਕੀਤੀ ਜਾਵੇ। ਪੜਤਾਲ ਰਿਪੋਰਟ ਪ੍ਰਾਪਤ ਹੋਣ ਤੇ ਇਸ ਸਬੰਧੀ ਬੋਰਡ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹਰ ਯੋਗ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਐਸਾ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਸ ਸਬੰਧੀ ਪੰਜਾਬ ਸਰਕਾਰ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇ ਜਾਂ ਇਸ ਸਬੰਧੀ ਕਾਰਵਾਈ ਕਰਨਾ ਕਿਸੇ ਹੋਰ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੋਵੇ ਤਾਂ ਇਸ ਤੇ ਵੀ ਫ਼ੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਵੀ ਦੱਸਿਆ ਗਿਆ ਕਿ ਡਾ. ਮਨਜੀਤ ਸਿੰਘ ਸੋਢੀ ਵੱਲੋਂ ਲਿਖੀ ਅਤੇ ਮਲਹੋਤਰਾ ਬੁੱਕ ਡਿੱਪੂ, ਜਲੰਧਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਹੋਰ ਕਿਤਾਬ ਜਿਸ ਨੂੰ ਸਿੱਖਿਆ ਬੋਰਡ ਵੱਲੋਂ ਸਾਲ 2007 ਤੋਂ 2017 ਤੱਕ ਹਰ ਸਾਲ ਪ੍ਰਕਾਸ਼ਿਤ ਕਰਨ ਦੀ ਸਵਿਕ੍ਰਿਤੀ ਦਿੱਤੀ ਗਈ, ਸਬੰਧੀ ਬਲਦੇਵ ਸਿੰਘ ਸਿਰਸਾ ਵੱਲੋਂ ਦਿੱਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੜਤਾਲ ਕਰਵਾਈ ਗਈ। ਪੜਤਾਲ ਰਿਪੋਰਟ ਪ੍ਰਾਪਤ ਹੋਣ ਤੇ ਸਿੱਖਿਆ ਬੋਰਡ ਦੇ 16 ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਜਿੱਥੋਂ ਤੱਕ ਇਸ ਕਿਤਾਬ ਵਿੱਚ ਸ਼ਿਕਾਇਤਕਰਤਾ ਅਨੁਸਾਰ ਤੱਥਾਂ ਨੂੰ ਤੋੜ-ਮਰੋੜ ਕੇੇ ਪੇਸ਼ ਕਰਨ ਦਾ ਦੋੋਸ਼ ਹੈ, ਇਸ ਸਬੰਧੀ ਸਾਹਿਤਕਾਰਾਂ ਤੇ ਵਿਦਵਾਨਾਂ ਦੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਘੋਖ ਹਿਤ ਸਾਰਾ ਮਾਮਲਾ ਪਹਿਲਾਂ ਹੀ ਉਨ੍ਹਾਂ ਨੂੰ ਰੈਫ਼ਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਦੀ ਨਿਰੰਤਰਤਾ ਵਿੱਚ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਕਤੂਬਰ, 2017 ਵਿੱਚ ਉਸ ਵੇਲੇ ਦੇ ਚੇਅਰਮੈੇਨ ਕ੍ਰਿਸ਼ਨ ਕੁਮਾਰ ਆਈ.ਏ.ਐੱਸ ਵੱਲੋਂ ਪ੍ਰਾਈਵੇਟ ਪਬਲਿਸ਼ਰਾਂ ਵੱਲੋਂ ਛਾਪੀਆਂ ਜਾ ਰਹੀਆਂ ਕਿਤਾਬਾਂ ਅਤੇ ਸਿੱਖਿਆ ਬੋਰਡ ਵੱਲੋਂ ਇਨ੍ਹਾਂ ਨੂੰ ਦਿੱਤੀ ਜਾ ਰਹੀ ਸਵਿਕ੍ਰਿਤੀ ਦੀ ਪ੍ਰੀਕਿਰਿਆ ਨੂੰ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ ਜਿਸ ਤੋਂ ਬਾਅਦ ਕੋਈ ਵੀ ਕਿਤਾਬ ਸਿੱਖਿਆ ਬੋਰਡ ਵੱਲੋਂ ਨੋਟੀਫ਼ਾਈ ਨਹੀਂ ਕੀਤੀ ਗਈ।