ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਮੈਗਾ ਹੈਲਥ ਚੈਕਅੱਪ ਕੈਂਪ ਦੌਰਾਨ 300 ਤੋਂ ਵੱਧ ਵਿਅਕਤੀਆਂ ਦੀ ਜਾਂਚ
1 min readਮੋਹਾਲੀ, 26 ਫ਼ਰਵਰੀ, 2022: ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਆਯੋਜਿਤ ਇੱਕ ਮੁਫਤ ਮੈਗਾ ਹੈਲਥ ਚੈਕਅੱਪ ਕੈਂਪ ਦੌਰਾਨ ਵੱਖ ਵੱਖ ਬਿਮਾਰੀਆਂ ਨਾਲ ਸਬੰਧਤ 300 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਗਈ।
ਇਹ ਹੈਲਥ ਚੈਕਅੱਪ ਕੈਂਪ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਪ੍ਰਮੋਟਰ ਗੁਰਵਿੰਦਰ ਸਿੰਘ ਬਾਹਰਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਪ੍ਰਮੋਟਰ ਗੁਰਵਿੰਦਰ ਸਿੰਘ ਬਾਹਰਾ, ਜੋ ਕਿ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਦੱਸਿਆ ਕਿ ਹਸਪਤਾਲ ਵੱਲੋਂ ਇਹ ਹੈਲਥ ਚੈਕਅੱਪ ਕੈਂਪ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਇਲਾਕੇ ਦੇ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਲਗਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਡਾਕਟਰੀ ਸਲਾਹ ਤੋਂ ਇਲਾਵਾ ਸੀਟੀ,ਅਲਟ੍ਰਾਸਾਊਂਡ ,ਐਕਸ-ਰੇ,ਦਵਾਈਆਂ ਵਰਗੀਆਂ ਸਹੂਲਤਾਂ ਮੁਫਤ ਉਪਲੱਬਧ ਕਰਵਾਈਆਂ ਗਈਆਂ। ਇਸ ਦੇ ਨਾਲ ਨਾਲ ਕਾਰਡੀਓਲੋਜੀ (ਦਿਲ ਦੀਆਂ ਬਿਮਾਰੀਆਂ),ਆਰਥੋਪੈਡਿਕ ਅਤੇ ਜੁਆਇੰਟ ਰਿਪਲੇਸਮੈਂਟ (ਹੱਡੀਆਂ ਅਤੇ ਜੋੜਾਂ ਸਬੰਧੀ), ਮੈਡੀਕਲ ਓਨਕੋਲੋਜੀ, ਓਬਸਟੈਟਰਿਕਸ ਅਤੇ ਗਾਇਨੀਕੋਲੋਜੀ(ਔਰਤਾਂ ਦੀਆਂ ਬਿਮਾਰੀਆਂ), ਨੇਫ੍ਰੋਲੋਜੀ ਅਤੇ ਡਾਇਲਸਿਸ (ਕਿਡਨੀ ਦੀਆਂ ਬਿਮਾਰੀਆਂ ਸਬੰਧੀ), ਪੀਡੀਆਟਿ੍ਰਕਸ ਅਤੇ ਐਨਆਈਸੀਯੂ (ਬੱਚਿਆਂ ਦੇ ਰੋਗਾਂ ਸਬੰਧੀ), ਡੈਂਟਿਸਟਰੀ (ਦੰਦਾਂ ਦੇ ਰੋਗਾਂ ਸਬੰਧੀ), ਪਲਮੀਨੋਲੋਜੀ, ਗੈਸਟਰੋਐਂਟਰੋਲਾਜੀ(ਪਾਚਨਤੰਤਰ ਸਬੰਧੀ), ਜਨਰਲ ਮੈਡੀਸਨ, ਈ.ਐਨ.ਟੀ. (ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਸਬੰਧੀ),ਫਿਜ਼ੀਓਥੈਰੇਪੀ, ਮਨੋਰੋਗ, ਕਲੀਨੀਕਲ ਪੋਸ਼ਣ ਅਤੇ ਡਾਇਟੈਟਿਕਸ ਆਦਿ ਸਬੰਧੀ ਸਹੂਲਤਾਂ ਵੀ ਮੁਫਤ ਉਪਲੱਬਧ ਕਰਵਾਈਆਂ ਗਈਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਸਿਹਤ ਸਬੰਧੀ ਡਾਕਟਰੀ ਸਲਾਹ ਦੀ ਜਰੂਰਤ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਇਹ ਮੁਫਤ ਕੈਂਪ ਮਾਰਚ ਮਹੀਨੇ ਦੇ ਹਰ ਸ਼ਨੀਵਾਰ ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਸ. ਬਾਹਰਾ ਨੇ ਕਿਹਾ ਕਿ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵੱਲੋਂ ਇਲਾਕੇ ਦੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਇਹ ਇੱਕ ਨਿਵੇਕਲਾ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਵਿਸ਼ੇਸ਼ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਤਾਂ ਜੋ ਉਨ੍ਹਾਂ ਨੂੰ ਇਲਾਜ ਲਈ ਦੂਰ-ਦੁਰਾਡੇ ਜਾਣ ਦੀ ਜਰੂਰਤ ਨਾ ਪਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫੈਸੀਲਿਟੀ ਡਾਇਰੈਕਟਰ ਸੁਨੀਲ ਧਰ, ਮਾਰਕਿਟਿੰਗ ਹੈਡ ਸੁਰਿੰਦਰ ਸ਼ਰਮਾ,ਬਾਹਰਾ ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਹੋਰ ਅਧਿਕਾਰੀ ਆਦਿ ਵੀ ਮੌਜੂਦ ਸਨ।