December 12, 2024

Chandigarh Headline

True-stories

ਸ੍ਰੀ ਸਨਾਤਨ ਧਰਮ ਮੰਦਰ ਦੇ ਮਾਮਲੇ ’ਚ ਹਾਈਕੋਰਟ ਨੇ ਮੰਗੀ ਰਿਪੋਰਟ

1 min read

ਮੋਹਾਲੀ, 28 ਜੁਲਾਈ, 2023: ਮੋਹਾਲੀ ਦੇ ਸੈਕਟਰ 70 ਸਥਿਤ ਸ੍ਰੀ ਸੱਤਿਆ ਨਰਾਇਣ ਮੰਦਰ ਦੇ ਮਾਮਲੇ ਵਿੱਚ ਹੁਣ ਮਾਨਯੋਗ ਅਦਾਲਤ ਵੱਲੋਂ ਮੋਹਾਲੀ ਦੇ ਐਸਐਸਪੀ ਤੋਂ ਮੁਕੰਮਲ ਜਾਂਚ ਸਬੰਧੀ ਸਟੇਟਸ ਦੀ ਰਿਪੋਰਟ ਮੰਗੀ ਗਈ ਹੈ। ਇਸ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿੱਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸਨਾਤਨ ਧਰਮ ਵੈਲਫੇਅਰ ਸੁਸਾਇਟੀ ਮਟੌਰ ਦੇ ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਬੰਸਲ, ਜਨਰਲ ਸਕੱਤਰ ਹੰਸ ਰਾਜ ਵਰਮਾ, ਸੰਗਠਨ ਸਕੱਤਰ ਆਸ਼ੂ ਵੈਦ, ਮਹਿਲਾ ਮੰਡਲ ਦੀ ਪ੍ਰਧਾਨ ਨਿਰਮਲਾ ਗਰਗ ਅਤੇ ਸਲਾਹਕਾਰ ਲਵਲੀ ਬੰਸਲ, ਮੀਤ ਪ੍ਰਧਾਨ ਦਰਸ਼ਨ ਕੌਰ, ਸ੍ਰੀਮਤੀ ਪ੍ਰਕਾਸ਼ਵਤੀ, ਸਾਬਕਾ ਪ੍ਰਧਾਨ ਸਿਕੰਦਰ ਸ਼ਰਮਾ, ਲਖਮੀਰ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਦੇ ਜੱਜ ਜਸਟਿਸ ਨੇ ਐਸਐਸਪੀ ਮੋਹਾਲੀ ਨੂੰ ਨੋਟਿਸ ਜਾਰੀ ਕਰਕੇ ਇਸ ਸਮੁੱਚੇ ਮਾਮਲੇ ਦੀ ਹੁਣ ਤੱਕ ਦੀ ਮੁਕੰਮਲ ਜਾਂਚ ਸਬੰਧੀ ਸਟੇਟਸ ਰਿਪੋਰਟ ਮੰਗੀ ਹੈ। ਅਦਾਲਤੀ ਨੋਟਿਸ ਦੀ ਕਾਪੀ ਸੁਣਵਾਈ ਦੌਰਾਨ ਅਦਾਲਤ ਵਿੱਚ ਮੌਜੂਦ ਵਧੀਕ ਏਜੀ ਸਰਕਾਰੀ ਵਕੀਲ ਸੁਭਾਸ਼ ਗੋਦਰਾ ਵੱਲੋਂ ਹਾਸਲ ਕੀਤੀ ਗਈ। ਅਦਾਲਤ ਨੇ ਸਖ਼ਤੀ ਨਾਲ ਕਿਹਾ ਕਿ 25 ਸਤੰਬਰ ਤੱਕ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇ।

ਸ੍ਰੀ ਸਨਾਤਨ ਧਰਮ ਵੈਲਫੇਅਰ ਸੁਸਾਇਟੀ ਮਟੌਰ ਦੇ ਮੰਦਰ ਕਮੇਟੀ ਦੇ ਅਹੁੱਦੇਦਾਰਾਂ ਨੇ ਦੱਸਿਆ ਕਿ ਮਿਤੀ 11-02-2023 ਨੂੰ ਸ਼ਾਮ ਵੇਲੇ ਸ਼ਰਾਰਤੀ ਅਨਸਰਾਂ ਵੱਲੋਂ ਦਾਖ਼ਲ ਹੋ ਕੇ ਡਕੈਤੀ ਮਾਰਨ ਦੀ ਨੀਅਤ ਨਾਲ ਜਿੱਥੇ ਪਹਿਲਾਂ ਮੰਦਰ ਕਮੇਟੀ ਦਫ਼ਤਰ ਅਤੇ ਅਲਮਾਰੀਆਂ ਦੇ ਤਾਲੇ ਤੋੜੇ, ਅਕਾਉਂਟ ਦਾ ਸਾਰਾ ਰਿਕਾਰਡ ਅਤੇ ਹੋਰ ਅਹਿਮ ਦਸਤਾਵੇਜ਼ ਖੁਰਦ-ਬੁਰਦ ਕਰਨ, ਮਾੜੀ ਭਾਵਨਾਂ ਨਾਲ ਮੰਦਰ ਕੰਪਲੈਕਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਕੀਤੀ, ਤਾਰਾਂ ਕੱਟੀਆਂ ਅਤੇ ਡੀਵੀਆਰ ਵੀ ਆਪਣੇ ਕਬਜ਼ੇ ਵਿੱਚ ਲੈਣ ਅਤੇ ਮੰਦਰ ਵਿੱਚ ਵੱਖ-ਵੱਖ ਮੂਰਤੀਆਂ ਅੱਗੇ ਪਈਆਂ ਗੋਲਕਾਂ ਚੁੱਕ ਕੇ ਪਾਸੇ ਰੱਖਣ ਅਤੇ ਚੱਲਦੀ ਆਰਤੀ ਦੌਰਾਨ ਮਾਇਕ ਬੰਦ ਕਰਕੇ ਆਰਤੀ ਦੌਰਾਨ ਖਲਲ (ਰੌਲਾ ਰੱਪਾ) ਪਾਉਣ ਸਮੇਤ ਸਾਰੇ ਭਵਨਾਂ ਦੇ ਅੱਗੇ ਦੇਵੀ ਦੇਵਤਿਆਂ ਨੂੰ ਭੋਗ ਲਗਾਉਣ ਵਾਲੇ ਬਰਤਨਾਂ ਰਾਤ ਨੂੰ ਖਾਣਾ ਖਾਣ ਕੇ ਸੁੱਚਤਾ ਭੰਗ ਕਰਕੇ ਸਾਡੀ ਧਾਰਮਿਕ ਭਾਵਨਾਂ ਨੂੰ ਵੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਅਸੀਂ ਤੁਰੰਤ ਪਹਿਲਾਂ 112 ਨੰਬਰ ’ਤੇ ਫੋਨ ਕਰਕੇ ਪੁਲੀਸ ਨੂੰ ਇਤਲਾਹ ਦਿੱਤੀ ਅਤੇ ਨਾਲ ਹੀ ਡੀਸੀ, ਐਸਐਸਪੀ, ਡੀਐਸਪੀ ਅਤੇ ਮਟੌਰ ਥਾਣੇ ਵਿੱਚ ਸ਼ਿਕਾਇਤਾਂ ਦਿੱਤੀਆਂ ਗਈਆਂ ਲੇਕਿਨ ਹੁਣ ਤੱਕ ਉਕਤ ਵਰਤਾਰੇ ਲਈ ਜ਼ਿੰਮੇਵਾਰ ਕਿਸੇ ਸ਼ਖ਼ਸ਼ ਦੇ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸੇਯੋਗ ਵਸਿਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਸਿਆਸੀ ਦਬਾਅ ਕਾਰਨ ਪੁਲੀਸ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਤੋਂ ਭੱਜ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਮੁੱਖ ਮੰਤਰੀ, ਪੰਜਾਬ ਦੇ ਰਾਜਪਾਲ, ਡੀਸੀ, ਐਸਐਸਪੀ ਅਤੇ ਹੋਰ ਸਬੰਧਤ ਅਫ਼ਸਰਾਂ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕੇ ਹਾਂ ਲੇਕਿਨ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਉਲਟਾ ਸਾਨੂੰ ਬਦਮਾਸ਼ੀ ਕਰਨ ਵਾਲੇ ਵਿਅਕਤੀਆਂ ਨਾਲ ਸੁਲਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਜਦੋਂਕਿ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਮਟੌਰ ਮੰਦਰ ਕਮੇਟੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਉੱਚ ਅਦਾਲਤ ਨੇ 10 ਮਾਰਚ 2023 ਨੂੰ ਐਸਐਸਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਇਸ ਮਾਮਲੇ ਵਿੱਚ ਕਾਨੂੰਨ ਮੁਤਾਬਕ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇ, ਪਰ ਹੁਣ ਤੱਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੰਜ ਮਹੀਨੇ ਬਾਅਦ ਹੁਣ ਅਸੀਂ ਦੁਬਾਰਾ ਹਾਈ ਕੋਰਟ ਦੀ ਸ਼ਰਨ ਵਿੱਚ ਗਏ ਅਤੇ ਉਕਤ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ ਤਾਂ ਹਾਈ ਕੋਰਟ ਦੇ ਜੱਜ ਜਸਟਿਸ ਨੇ ਐਸਐਸਪੀ ਨੂੰ ਨਵੇਂ ਸਿਰਿਓ ਨੋਟਿਸ ਜਾਰੀ ਕਰਕੇ ਇਸ ਸਮੁੱਚੇ ਮਾਮਲੇ ਦੀ ਹੁਣ ਤੱਕ ਦੀ ਮੁਕੰਮਲ ਜਾਂਚ ਸਬੰਧੀ ਸਟੇਟਸ ਰਿਪੋਰਟ ਮੰਗੀ ਹੈ। ਅਦਾਲਤੀ ਨੋਟਿਸ ਦੀ ਕਾਪੀ ਸੁਣਵਾਈ ਦੌਰਾਨ ਅਦਾਲਤ ਵਿੱਚ ਮੌਜੂਦ ਵਧੀਕ ਏਜੀ ਸਰਕਾਰੀ ਵਕੀਲ ਸੁਭਾਸ਼ ਗੋਦਰਾ ਵੱਲੋਂ ਹਾਸਲ ਕੀਤੀ ਗਈ। ਅਦਾਲਤ ਨੇ ਸਖ਼ਤੀ ਨਾਲ ਕਿਹਾ ਕਿ 25 ਸਤੰਬਰ 2023 ਤੱਕ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਪੁਲੀਸ ਨੇ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜਦੋਂਕਿ ਘਟਨਾ ਵਾਲੇ ਦਿਨ ਦੇਰ ਸ਼ਾਮ ਨੂੰ ਸ਼ਿਕਾਇਤ ਦੇਣ ਗਏ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵਿਧੀ ਵਿਧਾਨ ਅਨੁਸਾਰ ਨਵੇਂ ਚੁਣੇ ਗਏ ਪ੍ਰਧਾਨ ਸਮੇਤ ਹੋਰਨਾਂ ਕਈ ਮੋਹਤਬਰ ਵਿਅਕਤੀਆਂ (ਜਿਨ੍ਹਾਂ ਵਿੱਚ ਕੁੱਝ ਔਰਤਾਂ ਵੀ ਸ਼ਾਮਲ ਹਨ) ਨੂੰ ਅੱਧੀ ਰਾਤ ਤੱਕ ਥਾਣੇ ਬੈਠਾ ਕੇ ਰੱਖਿਆ। ਮੰਦਰ ਕੰਪਲੈਕਸ ਵਿੱਚ ਬਣੇ ਤਣਾਅ ਪੂਰਨ ਹਾਲਾਤਾਂ ਬਾਰੇ ਲਿਖਤੀ ਰੂਪ ਵਿੱਚ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਭੇਜੀ ਗਈ ਸੀ।

ਮਾਮਲਾ ਜ਼ਿਆਦਾ ਭਖਣ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਕਾਰਨ ਪੁਲੀਸ ਵੱਲੋਂ ਮਹਿਜ਼ ਖਾਨਾਪੂਰਤੀ ਹੀ ਕੀਤੀ ਗਈ। ਹਾਲਾਂਕਿ ਇੱਕ ਥਾਣੇਦਾਰ ਨੇ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ ਦੇਰ ਰਾਤ ਥਾਣਾ ਮੁਖੀ ਗੱਬਰ ਸਿੰਘ ਨੇ ਵੀ ਖ਼ੁਦ ਮੰਦਰ ਵਿੱਚ ਪਹੁੰਚੇ ਅਤੇ ਜਾਇਜ਼ਾ ਲਿਆ ਲੇਕਿਨ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਦੋਂ ਅਸੀਂ (ਸ਼ਿਕਾਇਤ ਕਰਤਾਵਾਂ) ਪੁਲੀਸ ਨੂੰ ਵਾਰ ਵਾਰ ਗੋਲਕਾਂ ਚੁੱਕਣ ਅਤੇ ਮੰਦਰ ਦੇ ਤਾਲੇ ਤੋੜਨ ਅਤੇ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤਾਂ ਥਾਣਾ ਮੁਖੀ ਦਾ ਇਹ ਕਹਿਣਾ ਸੀ ਕਿ ਉੱਥੇ ਕਿਹੜਾ ਕਿਸੇ ਦਾ ਬਲਾਤਕਾਰ ਹੋ ਗਿਆ। ਜਿਹੜਾ ਮੈਂ ਹੁਣੇ ਕਾਰਵਾਈ ਕਰ ਦੇਵਾਂ।

ਇਸ ਤਰ੍ਹਾਂ ਐਸਐਚਓ ਨੇ ਸਾਨੂੰ (ਸ਼ਿਕਾਇਤ ਕਰਤਾ ਧਿਰ ਨੂੰ) ਅਗਲੇ ਦਿਨ ਯਾਨੀ 12 ਫਰਵਰੀ 2023 ਨੂੰ ਬਾਅਦ ਦੁਪਹਿਰ ਥਾਣੇ ਆਉਣ ਲਈ ਕਿਹਾ ਗਿਆ। ਜਦੋਂਕਿ ਇਸ ਦਿਨ ਨਵੇਂ ਚੁਣੇ ਗਏ ਪ੍ਰਧਾਨ ਰਾਕੇਸ ਬੰਸਲ ਦੀ ਓਥ ਸਰਮਣੀ ਰੱਖੀ ਗਈ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲੀਸ ਨੂੰ ਲਾਅ ਐਂਡ ਆਰਡਰ ਬਹਾਲ ਰੱਖਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪ੍ਰੰਤੂ ਇਸ ਦੇ ਬਾਵਜੂਦ ਕੁੱਝ ਗੈਰ ਹਿੰਦੂ ਅਤੇ ਸ਼ਰਾਰਤੀ ਅਨਸਰਾਂ ਨੇ ਪੁਲੀਸ ਦੀ ਮੌਜੂਦਗੀ ਵਿੱਚ ਜਾਂ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਲਈਏ ਕਿ ਪੁਲੀਸ ਦੀ ਮਿਲੀਭੁਗਤ ਨਾਲ ਮੰਦਰ ਹਾਲ ਵਿੱਚ ਦਾਖ਼ਲ ਹੋ ਕੇ ਸਾਡੇ ਪ੍ਰੋਗਰਾਮ ਵਿੱਚ ਪੂਰਾ ਖਲਲ ਕੋਸ਼ਿਸ਼ ਕੀਤੀ ਗਈ ਅਤੇ ਅਸੀਂ ਬੜੀ ਮੁਸ਼ਕਲ ਨਾਲ ਆਪਣਾ ਓਥ ਸਰਮਣੀ (ਸਹੁੰ ਸਮਾਗਮ) ਪ੍ਰੋਗਰਾਮ ਨੇਪਰੇ ਚਾੜ੍ਹਿਆ। ਇਸ ਪ੍ਰੋਗਰਾਮ ਦੀ ਸਬੂਤ ਵਜੋਂ ਸਾਡੇ ਵੱਲੋਂ ਵੀਡੀਓ ਗਰਾਫ਼ੀ ਅਤੇ ਫੋਟੋਗਰਾਫ਼ੀ ਵੀ ਕਰਵਾਈ ਗਈ।

ਅਹੁਦੇਦਾਰਾਂ ਵੱਲੋਂ ਕਿਹਾ ਗਿਆ ਕਿ ਪੁਲੀਸ ਨੇ ਸਾਨੂੰ ਥਾਣੇ ਸੱਦ ਕੇ ਕਿਹਾ ਕਿ ਜੇ ਤੁਸੀਂ ਸੁੱਖੀ ਸਾਂਦੀ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਸਮਝੌਤਾ ਕਰਨਾ ਪਵੇਗਾ। ਇਸ ਤਰ੍ਹਾਂ ਪੁਲੀਸ ਨੇ ਸਾਡੇ ’ਤੇ ਜ਼ਬਰਦਸਤੀ ਆਪਣਾ ਸਮਝੌਤਾ ਥੌਪਿਆ ਗਿਆ। ਥਾਣੇਦਾਰ ਲਖਵਿੰਦਰ ਭੱਟੀ ਨੇ ਆਪਣੇ ਹੱਥੀਂ ਸਾਦੇ ਕਾਗਜ ’ਤੇ ਸਮਝੌਤਾ ਲਿਖਿਆ ਜਦੋਂਕਿ ਉਹ ਇਸ ਕੇਸ ਦਾ ਜਾਂਚ ਅਧਿਕਾਰੀ ਹੀ ਨਹੀਂ ਸੀ।

ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਕਾਰਨ ਜਿੱਥੇ ਪੁਲੀਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ, ਉੱਥੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹਨ। ਸਾਨੂੰ ਸ਼ਰੇਆਮ ਲਲਕਾਰੇ ਮਾਰ ਕੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਮੰਦਰ ਵਿੱਚ ਗੋਲਕਾਂ ਪਾਸੇ ਕਰਕੇ ਉੱਥੇ ਟੀਨ ਦੇ ਪੀਪਿਆਂ ਉੱਤੇ ਦਾਨ ਪੱਤਰ ਲਿਖ ਕੇ ਰੱਖ ਦਿੱਤੇ ਗਏ। ਇਸ ਸਬੰਧੀ ਤੁਰੰਤ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਹੁਣ ਅਸੀਂ ਮੰਦਰ ਵਿੱਚ 31 ਜੁਲਾਈ ਤੋਂ 6 ਅਗਸਤ ਭਗਵਤ ਕਥਾ ਕਰਵਾਈ ਜਾਣੀ ਹੈ ਲੇਕਿਨ ਹੁਣ ਵੀ ਕੁੱਝ ਵਿਅਕਤੀਆਂ ਜੋ ਖ਼ੁਦ ਨੂੰ ਮੰਦਰ ਕਮੇਟੀ ਦੇ ਨੁਮਾਇੰਦੇ ਦੱਸ ਰਹੇ ਹਨ ਉਨ੍ਹਾਂ ਵੱਲੋਂ ਸਾਡੇ ਬਰਾਬਰ ਆਪਣਾ ਪ੍ਰੋਗਰਾਮ ਉਲੀਕ ਦਿੱਤਾ ਹੈ। ਇਸ ਤਰ੍ਹਾਂ ਇਨ੍ਹਾਂ ਬੰਦਿਆਂ ਨੇ ਸਿਆਸੀ ਸਹਿ ਅਤੇ ਪੁਲੀਸ ਦੀ ਮਿਲੀਭੁਗਤ ਨਾਲ ਮਹਾਂਸ਼ਿਵਰਾਤਰੀ ਦੇ ਮੌਕੇ ਵੀ ਵੱਖਰਾ ਪ੍ਰੋਗਰਾਮ ਉਲੀਕ ਲਿਆ ਸੀ। ਕਹਿਣ ਤੋਂ ਭਾਵ ਇਹ ਬੰਦੇ ਹਰੇਕ ਵਾਰ ਸਾਰੇ ਪ੍ਰੋਗਰਾਮ ਵਿੱਚ ਖੱਖਲ ਪਾਉਣ ਦੀ ਨੀਅਤ ਨਾਲ ਆਪਣਾ ਪ੍ਰੋਗਰਾਮ ਰੱਖ ਲੈਂਦੇ ਹਨ। ਪੰਜਾਬ ਸਰਕਾਰ ਅਤੇ ਪੁਲੀਸ ਦੀ ਲਾਪਰਵਾਹੀ ਕਾਰਨ ਉੱਥੇ ਕੋਈ ਵੱਡਾ ਦੁਖਾਂਤ ਵਾਪਰਨ ਦਾ ਖ਼ਦਸ਼ਾ ਹੈ। ਅਹੁਦੇਦਾਰਾਂ ਨੇ ਮੁੱਖ ਮੰਤਰੀ ਅਤੇ ਡੀਪੀਪੀ ਨੂੰ ਅਪੀਲ ਕੀਤੀ ਕਿ ਸਾਨੂੰ ਵਿਰੋਧ ਪ੍ਰਦਰਸ਼ਨ ਕਰਨ ਅਤੇ ਸੜਕਾਂ ’ਤੇ ਆਉਣ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਉਕਤ ਕਾਰਵਾਈਆਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਨਹੀਂ ਤਾਂ ਅਸੀਂ ਮੁਹਾਲੀ ਤੋਂ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵੱਲ ਰੋਸ ਮਾਰਚ ਕਰਾਂਗੇ, ਉੱਥੇ ਧਰਨਾ ਮੁਜ਼ਾਹਰਾ ਕਰਾਂਗੇ ਅਤੇ ਜੇਕਰ ਫਿਰ ਵੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਮੁੱਖ ਮੰਤਰੀ ਦੀ ਕੋਠੀ ਅੱਗੇ ਮਰਨ ਵਰਤ ਸ਼ੁਰੂ ਕਰਾਂਗੇ।

ਦੂਜੇ ਪਾਸੇ ਜਦੋਂ ਇਸ ਸਬੰਧੀ ਦੂਜੀ ਧਿਰ ਦੇ ਗੁਰਬਖਸ਼ ਸਿੰਘ ਬਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਝੂਠੇ, ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ 2019 ਤੋਂ ਇਹ ਕਮੇਟੀ ਉਤੇ ਕਬਜ਼ ਹਨ, ਜੋ ਚੋਣ ਵੀ ਨਹੀਂ ਕਰਵਾ ਰਹੇ। ਜਦੋਂ ਚੋਣ ਕਰਾਉਣ ਲਈ ਕਿਹਾ ਤਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਦੋਸ਼ ਇਹ ਲਗਾ ਰਹੇ ਹਨ ਇਸ ਸਬੰਧੀ ਪੁਲਿਸ ਵੱਲੋਂ 2 ਵਾਰ ਜਾਂਚ ਕੀਤੀ ਗਈ ਹੈ, ਜਿਸ ਵਿੱਚ ਸੱਚ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਕਿਹਾ ਅਸਲ ਵਿੱਚ ਅਸੀਂ ਹੁਣ 4 ਅਗਸਤ ਤੱਕ ਚੱਲਣ ਵਾਲੀ ਭਗਵੰਤ ਕਥਾ ਪ੍ਰੋਗਰਾਮ ਕਰਵਾ ਰਹੇ ਹਨ, ਜਿਸ ਵਿੱਚ ਇਹ ਖਲਲ ਪਾਉਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵੱਲੋਂ ਕੋਈ ਹਿਸਾਬ ਕਿਤਾਬ ਵੀ ਨਹੀਂ ਦਿੱਤਾ ਜਾ ਰਿਹਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..