ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਪੈਟਰੋਲ ਪੰਪ ਦਾ ਉਦਘਾਟਨ
ਫਿਰੋਜ਼ਪੁਰ, 13 ਜੁਲਾਈ, 2023: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਪੈਟਰੋਲ ਪੰਪਾਂ ਤੋਂ ਹੋਣ ਵਾਲੀ ਆਮਦਨ ਨਾਲ ਪੰਜਾਬ ਦੀਆ ਜੇਲ੍ਹਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਕੈਦੀਆਂ ਨੂੰ ਸਿੱਖਿਆ ਅਤੇ ਕੁੱਝ ਹੋਰ ਜ਼ਰੂਰੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਪੰਜਾਬ ਦੇ ਬਿਜਲੀ ਅਤੇ ਪੀ.ਡਬਲਯੂ.ਡੀ. ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਬਣੇ ਪੈਟਰੋਲ ਪੰਪ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਜੇਲ੍ਹ ਵਿਕਾਸ ਬੋਰਡ ਤਹਿਤ ਇੰਡੀਅਨ ਆਇਲ ਕੰਪਨੀ ਨਾਲ ਮੈਮਰੰਡਮ ਸਾਈਨ ਕੀਤਾ ਗਿਆ ਸੀ, ਜਿਸ ਤਹਿਤ ਪੰਜਾਬ ਵਿੱਚ ਕੁੱਲ 12 ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਲਗਾਏ ਜਾਣੇ ਹਨ। ਜਿਸ ਵਿੱਚੋਂ ਰੋਪੜ, ਹੁਸ਼ਿਆਰਪੁਰ, ਲੁਧਿਆਣਾ ਅਤੇ ਫਿਰੋਜ਼ਪੁਰ ਵਿੱਚ ਪੈਟਰੋਲ ਪੰਪ ਤਿਆਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਅਪਗ੍ਰੇਡ ਕਰਨ, ਕੈਦੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਜਾਂ ਉਨ੍ਹਾਂ ਨੂੰ ਕੋਈ ਹੋਰ ਸਹੂਲਤਾਂ ਦੇਣ ਦੇ ਮਕਸਦ ਨਾਲ ਇਹ ਪੈਟਰੋਲ ਪੰਪ ਖੋਲੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੈਟਰੋਲ ਪੰਪਾਂ ਨੂੰ ਪ੍ਰਾਈਵੇਟ ਵਿਅਕਤੀਆਂ ਤੋਂ ਇਲਾਵਾ ਕੈਦੀਆਂ ਵੱਲੋਂ ਵੀ ਓਪਰੇਟ ਕੀਤਾ ਜਾਵੇਗਾ। ਇਸ ਨਾਲ ਜਿੱਥੇ ਵਿਭਾਗ ਦੀ ਕਮਾਈ ਵਿੱਚ ਵਾਧਾ ਹੋਵੇਗਾ ਉੱਥੇ ਹੀ ਕੈਦੀਆਂ ਨੂੰ ਕੰਮ ਕਰਨ ਦੀ ਪ੍ਰੇਰਨਾ ਮਿਲੇਗੀ, ਤਾਂ ਜੋ ਉਹ ਆਪਣੀ ਰਿਹਾਈ ਉਪਰੰਤ ਬਾਹਰ ਜਾ ਕੇ ਇੱਕ ਚੰਗਾ ਨਾਗਰਿਕ ਬਣ ਕੇ ਕੋਈ ਵਧੀਆ ਕੰਮ ਕਰ ਸਕਣ ਅਤੇ ਮੁੱਖ ਧਾਰਾ ਨਾਲ ਜੁੜਣ।
ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਕੈਦੀਆਂ ਨੂੰ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ ਅਤੇ ਉਹ ਬਾਹਰ ਆ ਕੇ ਸਮਾਜ ਵਿੱਚ ਚੰਗਾ ਨਾਗਰਿਕ ਬਣ ਕੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਕੰਮ ਕਰਨ ਦਾ ਇਹ ਇੱਕ ਵਧੀਆ ਸਾਧਨ ਹੈ ਇੱਥੇ ਉਹ ਆਮ ਲੋਕਾਂ ਨੂੰ ਦੇਖਣਗੇ, ਮਿਲਣਗੇ ਜਿਸ ਨਾਲ ਉਨ੍ਹਾਂ ਦੀ ਮਾਨਸਿਕਤਾ ਹੋਰ ਤਬਦੀਲ ਹੋਏਗੀ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਹਰੇਕ ਕੈਦੀ ਜੋ ਜੇਲ ਵਿੱਚ ਹੈ ਬਾਹਰ ਆ ਕੇ ਸਮਾਜ ਵਿੱਚ ਚੰਗਾ ਨਾਗਰਿਕ ਬਣੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਸੁਧਾਰ ਲਈ ਵੀ ਹੋਰ ਕੰਮ ਕੀਤੇ ਜਾਣਗੇ ਅਤੇ ਸਾਨੂੰ ਉਮੀਦ ਹੈ ਕਿ ਇਹ ਜੋ ਪਹਿਲਕਦਮੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਲਾਹੇਵੰਦ ਸਾਬਿਤ ਹੋਏਗੀ।