July 26, 2024

Chandigarh Headline

True-stories

ਪੰਜਾਬ ਪੁਲਿਸ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਹੋਟਲਾਂ/ਸਰਾਵਾਂ ’ਤੇ ਸੂਬਾ ਪੱਧਰੀ ਚੈਕਿੰਗ

1 min read

ਚੰਡੀਗੜ੍ਹ, 2 ਜੁਲਾਈ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਐਤਵਾਰ ਨੂੰ ਸੂਬੇ ਦੇ 28 ਪੁਲਿਸ ਜ਼ਿਲਿ੍ਹਆਂ ਦੀਆਂ ਸੰਵੇਦਨਸ਼ੀਲ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਉਨ੍ਹਾਂ ਦੇ ਆਲੇ-ਦੁਆਲੇ ਹੋਟਲ, ਸਰਾਵਾਂ ’ਤੇ ਆਪ੍ਰੇਸ਼ਨ ‘ਵਿਜਲ-2’ ਦੇ ਨਾਮ ਹੇਠ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਆਪਰੇਸ਼ਨ (ਸੀਏਐਸਓ) ਚਲਾਇਆ।

ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਚਲਾਇਆ ਗਿਆ।

ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਚੈਕਿੰਗ ਕਰਨ ਤੋਂ ਇਲਾਵਾ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਤਲਾਸ਼ੀ ਲਈ ਸੂਬੇ ਦੇ ਡੀ.ਐਸ.ਪੀਜ਼. ਦੀ ਨਿਗਰਾਨੀ ਹੇਠ ਪੂਰਨ ਤਾਲਮੇਲ ਵਾਲੇ 550 ਤੋਂ ਵੱਧ ਮਜ਼ਬੂਤ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਨਾਕੇ ਵੀ ਲਗਾਏ ਗਏ । ਇਸ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ ਆਮ ਲੋਕਾਂ ਦੀ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ।

ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ 7500 ਤੋਂ ਵੱਧ ਪੁਲਿਸ ਕਰਮੀ ਸ਼ਾਮਲ ਸਨ, ਜੋ ਕਿ ਰਾਜ ਭਰ ਵਿੱਚ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਪੂਰੀ ਮੁਸਤੈਦੀ ਨਾਲ ਆਪ੍ਰੇਸ਼ਨ ਨੂੂੰ ਅੰਜਾਮ ਦਿੰਦੇ ਰਹੇ। ਸਾਰੇ ਸੀਪੀਜ਼/ਐਸਐਸਪੀਜ਼ ਨੂੰ ਜ਼ਿਲ੍ਹਾ/ਸ਼ਹਿਰ ਦੇ ਸੀਲਿੰਗ ਪੁਆਇੰਟਾਂ ’ਤੇ ਮਜ਼ਬੂਤ ’ਨਾਕੇ’ ਲਗਾਉਣ ਲਈ ਅਤੇ ਇਸ ਅਪਰੇਸ਼ਨ ਲਈ ਵੱਧ ਤੋਂ ਵੱਧ ਅਧਿਕਾਰੀਆਂ ਅਤੇ ਪੁਲਿਸ ਕਰਮੀਆਂ ਨੂੰ ਜੁਟਾਉਣ ਲਈ ਕਿਹਾ ਗਿਆ ਸੀ। ਇਹ ਆਪਰੇਸ਼ਨ ਰੇਂਜ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਐਸਪੀ) ਦੀ ਨਿਗਰਾਨੀ ਹੇਠ ਚਲਾਇਆ ਗਿਆ।

ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਦੀ ਤਲਾਸ਼ੀ ਲੈਣ ਲਈ ਐਸ.ਪੀ. ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ, ਜਦੋਂ ਕਿ ਸਾਰੇ ਨਾਕਿਆਂ ’ਤੇ ਡੀਐਸਪੀ ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ, “ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਸੀ ਕਿ ਉਹ ਇਸ ਕਾਰਵਾਈ ਦੌਰਾਨ ਕਿਸੇ ਵੀ ਵਿਅਕਤੀ ਦੀ ਤਲਾਸ਼ੀ ਜਾਂ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਲੋਕਾਂ ਨਾਲ ਦੋਸਤਾਨਾ ਅਤੇ ਨਿਮਰਤਾ ਨਾਲ ਪੇਸ਼ ਆਉਣ।’’

ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਆਪਰੇਸ਼ਨ ਦੌਰਾਨ 141 ਰੇਲਵੇ ਸਟੇਸ਼ਨਾਂ ਅਤੇ 219 ਬੱਸ ਸਟੈਂਡਾਂ ਦੇ ਨਾਲ-ਨਾਲ 926 ਹੋਟਲਾਂ, 172 ਸਰਾਵਾਂ ਅਤੇ 166 ਧਰਮਸ਼ਾਲਾਵਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਟੀਮਾਂ ਨੇ 9521 ਦੋ-ਪਹੀਆ ਵਾਹਨਾਂ ਅਤੇ 7122 ਚੌ- ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ।

ਸਪੈਸ਼ਲ ਡੀਜੀਪੀ ਨੇ ਆਪ੍ਰੇਸ਼ਨ ਦੇ ਅੰਜਾਮ ਸਾਂਝੇ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ 1.15 ਕਿਲੋਗ੍ਰਾਮ ਹੈਰੋਇਨ, 37 ਕਿਲੋ ਭੁੱਕੀ, 243 ਲੀਟਰ ਨਾਜਾਇਜ਼ ਸ਼ਰਾਬ, ਛੇ ਪਿਸਤੌਲ/ਰਿਵਾਲਵਰਾਂ ਤੋਂ ਇਲਾਵਾ 7.02 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਕੇ 116 ਐਫ.ਆਈ.ਆਰਜ਼ ਦਰਜ ਕੀਤੀਆਂ ਅਤੇ 141 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। । ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਪੁਲਿਸ ਨੇ ਤਿੰਨ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਦੋਂ ਕਿ 1826 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ।

ਉਨ੍ਹਾਂ ਕਿਹਾ ਕਿ ਅਜਿਹੇ ਆਪ੍ਰੇਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸੂਬੇ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਾਂ ਦਾ ਜੜ੍ਹੋਂ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਬੁਨਿਆਦੀ ਪੁਲਿਸਿੰਗ ਦਾ ਹਿੱਸਾ ਹਨ ਜਿਸ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਰੱਖਣਾ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਤਿਆਰੀ ਕਰਨਾ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਫੀਲਡ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..