April 24, 2024

Chandigarh Headline

True-stories

ਖੇਤੀਬਾੜੀ ਵਿਭਾਗ ਪਿੰਡਾਂ ਦੀਆਂ ਸੱਥਾਂ ਤੇ ਖੇਤਾਂ ਦੀਆਂ ਵੱਟਾਂ ਤੇ ਪਹੁੰਚ ਕੇ ਕਿਸਾਨਾਂ ਦੀ ਅਗਵਾਈ ਕਰੇ: ਗੁਰਮੀਤ ਸਿੰਘ ਖੂੱਡੀਆਂ

ਬੱਲੂਆਣਾ (ਫਾਜਿ਼ਲਕਾ) 2 ਜ਼ੁਲਾਈ, 2023: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਲਾਬੀ ਸੁੰਡੀ ਦੇ ਪਸਾਰ ਨੂੰ ਰੋਕਣ ਲਈ ਵਿਭਾਗ ਦੇ ਸਾਰੇ ਸਟਾਫ ਨੂੰ ਆਉਣ ਵਾਲੇ ਕੁਝ ਹਫਤੇ ਖੇਤਾਂ ਵਿਚ ਪਹੁੰਚ ਕਿਸਾਨਾਂ ਨਾਲ ਸਿੱਧਾ ਰਾਬਤਾ ਕਰ ਉਨ੍ਹਾਂ ਤੱਕ ਜਿਆਦਾ ਤੋਂ ਜਿਆਦਾ ਤਕਨੀਕੀ ਜਾਣਕਾਰੀ ਪੁੱਜਦੀ ਕਰਨ ਦੀ ਹਦਾਇਤ ਕੀਤੀ ਹੈ ਤਾਂ ਜ਼ੋ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਗੁਲਾਬੀ ਸੁੰਡੀ ਦੇ ਸੰਭਾਵਿਤ ਖਤਰੇ ਨੂੰ ਟਾਲ ਸਕਨ।

ਉਹ ਅੱਜ ਹਲਕਾ ਬੱਲੂਆਣਾ ਦੇ ਵਿਚ ਨਰਮੇ ਦੀ ਫਸਲ ਦੇ ਜਾਇਜ਼ੇ ਲਈ ਪਹੁੰਚੇ ਸਨ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਵਿਸੇ਼ਸ ਤੌਰ ਤੇ ਹਾਜਰ ਸਨ। ਇਸ ਦੌਰੇ ਦੌਰਾਨ ਉਨ੍ਹਾਂ ਨੇ ਜਿੱਥੇ ਵਿਭਾਗ ਦੇ ਸਟਾਫ ਨਾਲ ਬੈਠਕ ਕੀਤੀ ਉਥੇ ਹੀ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੀਆਂ ਮੁਸਕਿਲਾਂ ਸੁਣੀਆਂ।

ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਕਿਸਾਨ ਪ੍ਰਮੁੱਖ ਤਰਜੀਹ ਹੈ ਇਸ ਲਈ ਗੁਲਾਬੀ ਸੁੰਡੀ ਦੇ ਖਤਰੇ ਦੇ ਟਾਕਰੇ ਲਈ ਵਿਭਾਗ ਪੂਰੀ ਤਰਾਂ ਕਮਰਕਸੇ ਕਸ ਲਵੇ ਅਤੇ ਪਿੰਡਾਂ ਦੀਆਂ ਸੱਥਾਂ ਤੇ ਖੇਤਾਂ ਦੀਆਂ ਵੱਟਾਂ ਤੇ ਪਹੁੰਚ ਕੇ ਕਿਸਾਨਾਂ ਦੀ ਅਗਵਾਈ ਕਰੇ।

ਕੈਬਨਿਟ ਮੰਤਰੀ ਨੇ ਇਸ ਮੌਕੇ ਸਪੱਸ਼ਟ ਤੌਰ ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਗੈਰ ਮਿਆਰੀ ਦਵਾਈਆਂ ਅਤੇ ਖਾਦਾਂ ਦੀ ਜ਼ੇਕਰ ਕਿਸੇ ਨੇ ਵਿਕਰੀ ਕੀਤੀ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਲਈ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਯਕੀਨੀ ਬਣਾਇਆ ਜਾਵੇ ਕਿ ਮਿਆਰੀ ਖਾਦਾਂ ਅਤੇ ਦਵਾਈਆਂ ਦੀ ਵਿਕਰੀ ਹੋਵੇ ਅਤੇ ਕੋਈ ਵੀ ਕਿਸਾਨਾਂ ਨੂੰ ਯੁਨੀਵਰਸਿਟੀ ਵੱਲੋਂ ਗੈਰ ਸਿਫਾਰਸ਼ਸੁਦਾ ਦਵਾਈਆਂ ਨਾ ਵੇਚੇ।

ਖੂਡੀਆਂ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਨਰਮੇ ਦੀ ਫਸਲ ਦੀ ਦੇਖਭਾਲ ਲਈ ਉਹ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਹੀ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਇਸ ਲਈ ਕਿਸਾਨਾਂ ਦੀ ਹਰ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਆਖਿਆ ਕਿ ਹੁਣ ਪਿੱਛਲੀਆਂ ਸਰਕਾਰਾਂ ਵਾਂਗ ਕਿਸਾਨਾਂ ਲਈ ਆਉਣ ਵਾਲੀ ਹਰ ਗ੍ਰਾਂਟ ਦੀ ਸਹੀ ਅਤੇ ਪੂਰੀ ਵਰਤੋਂ ਕੀਤੀ ਜਾਵੇਗੀ ਤੇ ਕੋਈ ਵੀ ਗ੍ਰਾਂਟ ਲੈਪਸ ਨਹੀਂ ਹੋਣ ਦਿੱਤੀ ਜਾਵੇਗੀ।

ਇਸ ਮੌਕੇ ਕੈਬਨਿਟ ਮੰਤਰੀ ਨੇ ਨਰਮੇ ਦੀ ਬਿਜਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਵਿਚ ਰਾਜ ਭਰ ਵਿਚੋਂ ਮੋਹਰੀ ਰਹਿਣ ਲਈ ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਦੀ ਸਲਾਘਾ ਕਰਦਿਆਂ ਦੱਸਿਆ ਕਿ ਨਰਮੇ ਦੇ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਗਈ ਹੈ ਅਤੇ ਇਸ ਲਈ ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਨੂੰ 9 ਕਰੋੜ ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਉਣ ਦੀ ਪ੍ਰਕ੍ਰਿਆ ਵਿਭਾਗ ਨੇ ਆਰੰਭ ਦਿੱਤੀ ਹੈ। ਇਸੇ ਤਰਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਫਾਜਿ਼ਲਕਾ ਦੇ ਕਿਸਾਨਾਂ ਨੂੰ ਵੀ 6 ਕਰੋੜ ਰੁਪਏ ਦੀ ਸਬਸਿਡੀ ਮਿਲੇਗੀ।

ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਰਕਾਰ ਦੀ ਸਬਸਿਡੀ ਸਕੀਮ ਦਾ ਲਾਭ ਲੈ ਕੇ ਮਸੀ਼ਨਾਂ ਖਰੀਦਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਇਸ ਸਾਲ 350 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਦੇ ਕਿਸਾਨਾਂ ਨੂੰ ਦੇਣ ਜਾ ਰਹੀ ਹੈ।

ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਉਨ੍ਹਾਂ ਨੇ ਹਲਕੇ ਦੇ ਕਿਸਾਨਾਂ ਦੀਆਂ ਮੰਗਾਂ ਵੀ ਉਨ੍ਹਾਂ ਦੇ ਸਾਹਮਣੇ ਰੱਖੀਆਂ।

ਇਸ ਦੌਰਾਨ ਉਨ੍ਹਾਂ ਨੇ ਜ਼ੋਧਪੁਰ, ਅਬੋਹਰ ਅਤੇ ਡੰਗਰ ਖੇੜਾ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸਕਿਲਾਂ ਸੁਣੀਆਂ।

ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ, ਐਸਡੀਐਮ ਨਿਕਾਸ ਖੀਂਚੜ ਆਈਏਐਸ, ਮੁੱਖ ਖੇਤੀਬਾੜੀ ਅਫ਼ਸਰ ਜੰਗੀਰ ਸਿੰਘ ਗਿੱਲ, ਏਪੀਪੀਓ ਸੁੰਦਰ ਲਾਲ, ਧਰਮਵੀਰ ਗੋਦਾਰਾ ਆਦਿ ਸਮੇਤ ਵਿਭਾਗੀ ਅਧਿਕਾਰੀ ਅਤੇ ਪਤਵੰਤੇ ਹਾਜਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..