September 9, 2024

Chandigarh Headline

True-stories

ਆਬਕਾਰੀ ਵਿਭਾਗ ਕਾਰਜਕੁਸ਼ਲਤਾ ਵਧਾਉਣ ਲਈ ਈ.ਆਰ.ਪੀ ਅਤੇ ਪੀ.ਓ.ਐਸ ਵਰਗੇ ਸਾਫਟਵੇਅਰਾਂ ਤੇ ਤਕਨੀਕਾਂ ਨੂੰ ਅਪਣਾਏਗਾ: ਹਰਪਾਲ ਸਿੰਘ ਚੀਮਾ

1 min read

ਚੰਡੀਗੜ੍ਹ, 1 ਜੁਲਾਈ, 2023: ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜਮ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਇੱਕ ਵਫ਼ਦ ਨੇ ਕੇਰਲ ਆਬਕਾਰੀ ਵਿਭਾਗ ਦੁਆਰਾ ਵਰਤੇ ਜਾ ਰਹੇ ਸਪਲਾਈ ਚੇਨ ਪ੍ਰਬੰਧਨ ਈ.ਆਰ.ਪੀ ਸਾਫਟਵੇਅਰ ਅਤੇ ਪੀ.ਓ.ਐਸ (ਪੁਆਇੰਟ ਆਫ ਸੇਲ) ਦਾ ਅਧਿਐਨ ਕਰਨ ਲਈ ਕੇਰਲ ਦਾ ਦੌਰਾ ਕੀਤਾ।

ਇਸ ਸਬੰਧੀ ਵੇਰਵੇ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਦੌਰੇ ਦਾ ਉਦੇਸ਼ ਮਾਲੀਆ ਲੀਕੇਜ ਨੂੰ ਰੋਕਣ ਅਤੇ ਆਬਕਾਰੀ ਮਾਲੀਏ ਨੂੰ ਵਧਾਉਣ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਤਕਨੀਕੀ ਉਪਾਵਾਂ ਬਾਰੇ ਜਾਣਨਾ ਸੀ। ਉਨ੍ਹਾਂ ਕਿਹਾ ਕਿ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ (ਈ.ਆਰ.ਪੀ.) ਸਾਫਟਵੇਅਰ ਪੰਜਾਬ ਆਬਕਾਰੀ ਵਿਭਾਗ ਨੂੰ ਇਸ ਦੀਆਂ ਮੁੱਖ ਗਤੀਵਿਧੀਆਂ ਦਾ ਇੱਕ ਏਕੀਕ੍ਰਿਤ ਅਤੇ ਅਸਲ-ਸਮੇਂ ਦਾ ਦ੍ਰਿਸ਼ ਪ੍ਰਦਾਨ ਕਰੇਗਾ ਜੋ ਕਿ ਇੱਕ ਕੇਂਦਰੀ ਪ੍ਰਣਾਲੀ ਰਾਹੀਂ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕੇਗਾ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਚੀਮਾ ਨੇ ਦੱਸਿਆ ਕਿ ਇਹ ਸਾਫਟਵੇਅਰ ਪ੍ਰਸ਼ਾਸਨ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਵਿੱਚ ਵਿੱਚ ਵੀ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਕੇਰਲ ਸਰਕਾਰ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਆਬਕਾਰੀ ਵਿਭਾਗ ਦੁਆਰਾ ਵਰਤੇ ਜਾ ਰਹੇ ਤਕਨੀਕੀ ਹੱਲਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਵੀ ਦਿੱਤੀ ਗਈ।

ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕੇਰਲ ਦੇ ਆਬਕਾਰੀ ਮੰਤਰੀ ਐਮ ਬੀ ਰਾਜੇਸ਼ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕੇਰਲ ਸਰਕਾਰ ਵਿੱਚ ਆਪਣੇ ਹਮਰੁਤਬਾ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਆਬਕਾਰੀ ਮਾਲੀਆ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਮਾਲੀਏ ਦੇ ਨੁਕਸਾਨ ਨੂੰ ਰੋਕਣ ਲਈ ਸਿਸਟਮ ਵਿਚਲੀ ਲੀਕੇਜ ਨੂੰ ਰੋਕਣ ਲਈ ਨਵੇਂ ਸਾਫਟਵੇਅਰ ਅਧਾਰਤ ਤਕਨੀਕੀ ਹੱਲ ਅਪਣਾਉਣ ਲਈ ਬਹੁਤ ਉਤਸੁਕ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਉੱਚੀਆਂ ਲੀਹਾਂ ‘ਤੇ ਲਿਆਉਣ ਲਈ ਆਪਣੀ ਆਮਦਨ ਵਧਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਬਕਾਰੀ ਵਿਭਾਗ ਆਪਣੀ ਕਾਰਜਕੁਸ਼ਲਤਾ ਅਤੇ ਤਾਕਤ ਨੂੰ ਹੋਰ ਵਧਾਉਣ ਲਈ ਇਨ੍ਹਾਂ ਸਾਫਟਵੇਅਰ ਹੱਲਾਂ ਨੂੰ ਅਪਣਾਉਣ ਲਈ ਲੋੜੀਂਦੇ ਕਦਮ ਪੁੱਟੇਗਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..