ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਹੈ ਸੰਜੀਦਾ-ਸਿਹਤ ਮੰਤਰੀ ਡਾ. ਬਲਬੀਰ ਸਿੰਘ
1 min readਫਰੀਦਕੋਟ, 28 ਜੂਨ, 2023: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਫਰੀਦਕੋਟ ਵਿਖੇ ਪਹੁੰਚ ਕੇ ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਸਬੰਧੀ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਇਕੱਤਰ ਕੀਤੀ।
ਇਸ ਦੌਰੇ ਦੌਰਾਨ ਸਿਵਲ ਸਰਜਨ ਡਾ. ਅਨਿਲ ਗੋਇਲ ਨੇ ਇੱਕ ਪੀ.ਪੀ.ਟੀ (ਪਾਵਰ ਪੁਆਇੰਟ ਪਰੈਂਜਨਟੇਸ਼ਨ) ਰਾਹੀਂ ਸਿਵਲ ਹਸਪਤਾਲ ਸਮੇਤ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਸਪਤਾਲਾਂ ਬਾਬਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਬਲੱਡ ਬੈਂਕ, ਆਰਥਿਕ ਰੂਪ ਨਾਲ ਪੱਛੜੇ ਲੋਕਾਂ, ਅੰਗਹੀਣਾਂ,ਹਸਪਤਾਲ ਵਿੱਚ ਪਈਆਂ ਮਸ਼ੀਨਾਂ, ਸਰਜਰੀਆਂ ਅਤੇ ਹਸਪਤਾਲਾਂ ਦੇ ਆਰਥਿਕ ਲੇਖੇ ਜੋਖੇ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਪਿਛਲੇ ਕਾਫੀ ਸਮੇਂ ਤੋਂ ਜੋ ਬਿਜਲੀ ਪ੍ਰਾਪਤ ਨਹੀਂ ਹੋ ਰਹੀ ਸੀ ਉਸ ਦੀ ਅੱਜ ਹਾਟਲਾਈਨ ਸਪਲਾਈ ਚਾਲੂ ਹੋ ਗਈ ਹੈ। ਉਨ੍ਹਾ ਇਹ ਵੀ ਦੱਸਿਆ ਕਿ ਜੇਕਰ ਪਰਿਵਾਰ ਭਲਾਈ ਵਿਭਾਗ ਦੇ ਮੁੱਖ ਦਫ਼ਤਰ ਤੋਂ ਇੱਕ ਚਿੱਠੀ ਜਾਰੀ ਹੋ ਜਾਵੇ ਅਤੇ ਨਸ਼ਾ ਛੁਡਾਉ ਕੇਂਦਰ ਦੇ 20 ਬੈਡ ਉਨ੍ਹਾਂ ਨੂੰ ਦੇ ਦਿੱਤੇ ਜਾਣ ਤਾਂ ਉਨ੍ਹਾਂ ਦਾ ਹਸਪਤਾਲ 150 ਬੈਡ ਵਾਲਾ ਹੋ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕਾਫੀ ਹੋਰ ਲਾਭ ਮਿਲਣ ਦੀ ਉਮੀਦ ਹੈ।
ਪੀ.ਪੀ.ਟੀ ਦੌਰਾਨ ਸਿਹਤ ਮੰਤਰੀ ਨੇ ਹਸਪਤਾਲਾਂ ਵਿੱਚ ਯੋਗਾ ਕਰਵਾਉਣ, ਮੈਡੀਟੇਸ਼ਨ ਸੈਂਟਰ ਖੋਲਣ, ਪਾਰਕਿੰਗ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਮਰੀਜ਼ਾਂ ਨੂੰ ਬਿਲਕੁਲ ਮੁਫਤ ਦਵਾਈ ਉਪਲੱਬਧ ਕਰਵਾਉਣ ਤੇ ਵਧੇਰੇ ਜੋਰ ਦੇਣ ਨੂੰ ਆਖਿਆ। ਇਸ ਦੇ ਨਾਲ ਉਨ੍ਹਾਂ ਇਹ ਵੀ ਆਖਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਵਧੇਰੇ ਨਜ਼ਰਸਾਨੀ ਕੀਤੀ ਜਾਵੇ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦੇਣ ਨੂੰ ਆਖਿਆ ਕਿ ਜਿੰਮ ਅਤੇ ਫਿਟਨਸ ਸੈਂਟਰ ਜਿਹੀਆਂ ਥਾਵਾਂ ਤੇ ਇਸਤੇਮਾਲ ਵਿੱਚ ਲਿਆਂਦੇ ਜਾਂਦੇ ਖਾਣ ਵਾਲੇ ਸਪਲੀਮੈਂਟਾਂ ਦੇ ਨਿਰੀਖਣ ਤੇ ਵੀ ਵਧੇਰੇ ਧਿਆਨ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਛੇਤੀ ਹੀ ਸੈਕੰਡਰੀ ਸਿਹਤ ਸੰਸਥਾਵਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਸਿਹਤ ਸੇਵਾਵਾਂ ਵਿੱਚ ਹੋਰ ਵਾਧਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿਲ੍ਹੇ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਵਧੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਹੁਣ ਸੂਬਾ ਸਰਕਾਰ ਦਾ ਮਕਸਦ ਕਮਿਊਨਿਟੀ ਹਸਪਤਾਲਾਂ ਦਾ ਨਵੀਨੀਕਰਨ ਕਰਕੇ ਲੋਕਾਂ ਨੂੰ ਹੋਰ ਵਧੀਆਂ ਸਿਹਤ ਸੇਵਾਵਾ ਦੇਣ ਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਜਲਦ ਹੀ 550 ਨਵੇਂ ਹਾੳਸਹੋਲਡ ਡਾਕਟਰ ਭਰਤੀ ਕੀਤੇ ਜਾ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਸਰਕਾਰੀ ਹਸਪਤਾਲਾਂ ਵਿੱਚ ਫ਼ੈਸਿਲੀਟੇਸ਼ਨ ਸੈਂਟਰ ਬਣਾਏ ਜਾਣਗੇ, ਜਿਨ੍ਹਾਂ ਵਿੱਚ ਮਾਹਿਰ ਸਟਾਫ਼ ਭਾਰਤੀ ਕੀਤਾ ਜਾਵੇਗਾ ਜੋ ਮਰੀਜ਼ਾਂ ਦੀ ਮਦਦ ਕਰੇਗਾ ਤਾਂ ਜੋ ਮਰੀਜ਼ਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਇਸ ਮੌਕੇ ਉਨ੍ਹਾਂ ਲੋੜੀਂਦੀਆਂ ਸਹੂਲਤਾਂ ਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ਦੇ ਨਵੀਨੀਕਰਨ ਸਮੇਤ ਹੋਰ ਕਮੀਆਂ ਵੀ ਦੂਰ ਕੀਤੀਆਂ ਜਾਣਗੀਆਂ।