July 27, 2024

Chandigarh Headline

True-stories

ਪੰਜਾਬ ‘ਚ ਨਵੀਆਂ ਤਹਿਸੀਲਾਂ ਦੀ ਉਸਾਰੀ ਤੇ ਅੱਪਗ੍ਰੇਡੇਸ਼ਨ ਲਈ 99.60 ਕਰੋੜ ਰੁਪਏ ਜਾਰੀ: ਜਿੰਪਾ

1 min read

ਚੰਡੀਗੜ੍ਹ, 26 ਜੂਨ, 2023: ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਨਵੇਂ ਤਹਿਸੀਲ ਕੰਪਲੈਕਸ ਉਸਾਰਨ ਲਈ ਅਤੇ ਕਈ ਤਹਿਸੀਲਾਂ/ਸਬ-ਤਹਿਸੀਲਾਂ ਦੇ ਦਫਤਰਾਂ ਦੀ ਅੱਪਗ੍ਰੇਡੇਸ਼ਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਤੋਂ ਬਾਅਦ 99.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਅਤੇ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਈ ਤਹਿਸੀਲ/ਸਬ-ਤਹਿਸੀਲ ਦਫਤਰਾਂ ਦੀ ਨਵ ਉਸਾਰੀ ਲਈ ਪਹਿਲਕਦਮੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਫਤਰ ਪੁਰਾਣੀਆਂ ਅਤੇ ਖਸਤਾ ਹਾਲ ਇਮਾਰਤਾਂ ਵਿਚ ਚੱਲ ਰਹੇ ਸਨ ਅਤੇ ਕਈ ਥਾਂਈ ਸਹੂਲਤਾਂ ਦੀ ਕਮੀ ਸੀ। ਇਸ ਲਈ ਇਨ੍ਹਾਂ ਦਫਤਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ 99.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਜੀਪੁਰ ਤਹਿਸੀਲ ਕੰਪਲੈਕਸ ਲਈ 2.52 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਬਠਿੰਡਾ ਜ਼ਿਲ੍ਹੇ ਦੀਆਂ ਤਿੰਨ ਸਬ ਤਹਿਸੀਲਾਂ ਗੋਨਿਆਣਾ, ਨਥਾਣਾ ਤੇ ਬਾਲਿਆਂਵਾਲੀ ਦੇ ਕੰਪਲੈਕਸਾਂ ਦੀ ਉਸਾਰੀ ਲਈ ਕ੍ਰਮਵਾਰ 1.04 ਕਰੋੜ ਰੁਪਏ, 1.47 ਕਰੋੜ ਰੁਪਏ ਤੇ 1.42 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਤਲਵੰਡੀ ਸਾਬੋ ਦੇ ਤਹਿਸੀਲ ਕੰਪਲੈਕਸ ਦੇ ਨਿਰਮਾਣ ਲਈ 5.98 ਕਰੋੜ ਰੁਪਏ ਦਿੱਤੇ ਗਏ ਹਨ।

ਜਿੰਪਾ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਜੈਤੋ ‘ਚ ਤਹਿਸੀਲ ਕੰਪਲੈਕਸ ਦੇ ਪਹਿਲੇ ਫਲੋਰ ਦੀ ਉਸਾਰੀ ਤੇ ਗਰਾਊਂਡ ਫਲੋਰ ਦੀ ਰਿਪੇਅਰ ਲਈ 98.98 ਲੱਖ ਰੁਪਏ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਬੱਸੀ ਪਠਾਣਾਂ ਵਿਖੇ ਨਵੀਂ ਇਮਾਤਰ ਦੀ ਉਸਾਰੀ ਲਈ 8.61 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਅਬੋਹਰ ਵਿਖੇ ਨਵੀਂ ਇਮਾਰਤ ਦੀ ਉਸਾਰੀ ਲਈ 3.50 ਕਰੋੜ ਰੁਪਏ ਜਦਕਿ ਗੁਰੂ ਹਰਸਹਾਏ ਦੀ ਨਵੀਂ ਇਮਾਰਤ ਲਈ 6.19 ਕਰੋੜ ਰੁਪਏ ਦਿੱਤੇ ਗਏ ਹਨ।

ਇਸੇ ਤਰ੍ਹਾਂ ਕਲਾਨੌਰ, ਸੁਲਤਾਨਪੁਰ ਲੋਧੀ, ਫਗਵਾੜਾ ਅਤੇ ਮਾਛੀਵਾੜਾ ਵਿਖੇ ਨਵੀਆਂ ਇਮਾਰਤਾਂ ਲਈ ਕ੍ਰਮਵਾਰ 6.60 ਕਰੋੜ, 5.50 ਕਰੋੜ, 5.98 ਕਰੋੜ ਅਤੇ 44.96 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਾਲੇਰਕੋਟਲਾ ਜ਼ਿਲ੍ਹੇ ਦੇ ਅਹਿਮਦਗੜ੍ਹ ਅਤੇ ਅਮਰਗੜ੍ਹ ‘ਚ ਬਣਨ ਵਾਲੇ ਨਵੇਂ ਕੰਪਲੈਕਸਾਂ ਲਈ 9.42 ਕਰੋੜ ਅਤੇ 6.69 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮੋਗਾ ਅਤੇ ਸਮਾਲਸਰ ਸਬ ਤਹਿਸੀਲਾਂ ਦੀਆਂ ਇਮਾਰਤਾਂ ਦੇ ਨਿਰਮਾਣ ਲਈ 1.71 ਕਰੋੜ ਰੁਪਏ ਜਦਕਿ ਪਟਿਆਲਾ ਦੇ ਦੂਧਨ ਸਾਧਾਂ ਤਹਿਸੀਲ ਕੰਪਲੈਕਸ ਲਈ 5.38 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਮਾਲ ਮੰਤਰੀ ਦੇ ਦੱਸਿਆ ਕਿ ਚਮਕੌਰ ਸਾਹਿਬ, ਚੀਮਾ (ਸੰਗਰੂਰ), ਦਿੜ੍ਹਬਾ ਤੇ ਬਨੂੜ ਵਿਖੇ ਬਣਨ ਵਾਲੀਆਂ ਨਵੀਆਂ ਇਮਾਰਤਾਂ ਲਈ ਕ੍ਰਮਵਾਰ 5.14 ਕਰੋੜ, 4.31 ਕਰੋੜ, 10.68 ਕਰੋੜ ਤੇ 3.05 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਚੀਮਾ ਅਤੇ ਦਿੜ੍ਹਬਾ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਮਈ 2023 ਵਿਚ ਰੱਖਿਆ ਸੀ।

ਜਿੰਪਾ ਨੇ ਦੱਸਿਆ ਕਿ ਇਸ ਰਾਸ਼ੀ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ 70.76 ਕਰੋੜ ਰੁਪਏ ਹੋਰ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਰਾਸ਼ੀ ਦੇ ਜਾਰੀ ਹੋਣ ਤੋਂ ਬਾਅਦ ਹੁਸ਼ਿਆਰਪੁਰ ਵਿਚ ਵੀ ਨਵਾਂ ਤਹਿਸੀਲ ਕੰਪਲੈਕਸ ਬਣਨਾ ਸ਼ੁਰੂ ਹੋ ਜਾਵੇਗਾ। ਇਸ ਮਕਸਦ ਲਈ 6.52 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲਿ੍ਹਆਂ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਜਿਵੇਂ ਫਰੀਦਕੋਟ, ਸਮਾਣਾ, ਫਿਲੌਰ, ਸ਼ਾਹਕੋਟ, ਕਪੂਰਥਲਾ, ਨਕੋਦਰ, ਬਟਾਲਾ, ਰੂਪਨਗਰ, ਦੀਨਾਨਗਰ, ਮੁਕਤਸਰ ਸਾਹਿਬ, ਜਲੰਧਰ, ਪਠਾਨਕੋਟ ਆਦਿ ਦੀ ਦਿੱਖ ਸੰਵਾਰੀ ਜਾਵੇਗੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..