July 27, 2024

Chandigarh Headline

True-stories

ਬੇਸ਼ਕੀਮਤੀ ਜਲ ਸਰੋਤ ਬਚਾਉਣਾ ਸਮੇਂ ਦੀ ਮੁੱਖ ਲੋੜ: ਮੀਤ ਹੇਅਰ

1 min read

ਚੰਡੀਗੜ੍ਹ, 22 ਜੂਨ, 2023: ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਦੇ ਮੱਦੇਨਜ਼ਰ ਭੂਮੀ ਤੇ ਜਲ ਸੰਭਾਲ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਕਿਸਾਨਾਂ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਅਤੇ ਬੇਸ਼ਕੀਮਤੀ ਜਲ ਸਰੋਤਾਂ ਨੂੰ ਬਚਾਉਣ ‘ਤੇ ਜ਼ੋਰ ਦਿੰਦਿਆਂ ਵਿਭਾਗ ਨੂੰ ਨਵੇਂ ਪ੍ਰੋਗਰਾਮ ਉਲੀਕਣ ਅਤੇ ਚੱਲ ਰਹੇ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਨੂੰ ਹੋਰ ਤੇਜ਼ ਕਰਨ ਲਈ ਕਿਹਾ।

ਮੀਤ ਹੇਅਰ ਨੇ ਖੇਤੀਬਾੜੀ ਲਈ ਸਿੰਜਾਈ ਵਾਸਤੇ ਨਹਿਰੀ ਪਾਣੀ ਅਤੇ ਸੋਧੇ ਹੋਏ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰਨ ਅਤੇ ਜ਼ਮੀਨਦੋਜ਼ ਪਾਈਪਲਾਈਨ ਪ੍ਰੋਗਰਾਮ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਵਿਭਾਗ ਨੂੰ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਪੈਦਾ ਕਰਕੇ ਸੂਬੇ ਵਿੱਚ ਜਲ ਪ੍ਰਬੰਧਨ ਅਤੇ ਸੰਭਾਲ ਲਈ ਲੋਕ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੱਤਾ।

ਮੀਤ ਹੇਅਰ ਨੇ ਇਹ ਨਿਰਦੇਸ਼ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੌਰਾਨ ਦਿੱਤੇ।

ਵਿਭਾਗ ਦੀ ਵਾਟਰਸ਼ੈੱਡ ਸਕੀਮ ਦਾ ਜਾਇਜ਼ਾ ਲੈਂਦਿਆਂ ਭੂਮੀ ਤੇ ਜਲ ਸੰਭਾਲ ਮੰਤਰੀ ਨੇ ਬੇਜ਼ਮੀਨੇ ਕਿਸਾਨਾਂ ਅਤੇ ਮਹਿਲਾਵਾਂ ਨੂੰ ਪ੍ਰਾਜੈਕਟ ਖੇਤਰਾਂ ਵਿੱਚ ਸਵੈ-ਸਹਾਇਤਾ ਗਰੁੱਪ ਬਣਾ ਕੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਦੇਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਮਾਨਸੂਨ ਸੀਜ਼ਨ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਲਈ ਜਲ ਤਲਾਬ ਅਤੇ ਚੈਕ ਡੈਮਾਂ ਦੀ ਉਸਾਰੀ ‘ਤੇ ਕੰਮ ਤੇਜ਼ ਕਰਨ ‘ਤੇ ਵੀ ਜ਼ੋਰ ਦਿੱਤਾ।

ਵਿਭਾਗੀ ਅਧਿਕਾਰੀਆਂ ਨੇ ਮੰਤਰੀ ਨੂੰ ਇੱਕ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਕੰਮਾਂ ਦਾ ਮੁੱਖ ਉਦੇਸ਼ ਸਿੰਜਾਈ ਵਾਲੇ ਪਾਣੀ ਦੀ ਵਰਤੋਂ ਕੁਸ਼ਲਤਾ ਵਿੱਚ ਵਾਧਾ ਅਤੇ ਬਦਲਵੇਂ ਸਿੰਜਾਈ ਜਲ ਸਰੋਤਾਂ ਦਾ ਵਿਕਾਸ ਕਰਨਾ ਹੈ ਕਿਉਂਕਿ ਸੂਬੇ ਦੇ 90 ਫੀਸਦੀ ਤੋਂ ਵੱਧ ਜਲ ਸਰੋਤਾਂ ਦੀ ਵਰਤੋਂ ਇਕੱਲੇ ਖੇਤੀਬਾੜੀ ਖੇਤਰ ਵਿੱਚ ਕੀਤੀ ਜਾ ਰਹੀ ਹੈ।ਵਿਭਾਗ ਦੇ ਮੁੱਖ ਕੰਮਾਂ ਵਿੱਚ ਜ਼ਮੀਨਦੋਜ਼ ਪਾਈਪਲਾਈਨ ਸਿਸਟਮ, ਖੇਤੀਬਾੜੀ ਵਿੱਚ ਸੋਧੇ ਪਾਣੀ ਦੀ ਵਰਤੋਂ, ਤੁਪਕਾ ਅਤੇਫੁਆਰਾਂ ਸਿਸਟਮ, ਬਰਸਾਤੀ ਪਾਣੀ ਦੀ ਸੰਭਾਲ, ਵਾਟਰਸ਼ੈੱਡ ਅਧਾਰਤ ਪ੍ਰੋਗਰਾਮਾਂ ਤੋਂ ਇਲਾਵਾ ਹੋਰ ਕੰਮ ਸ਼ਾਮਲ ਹਨ।

ਮੀਟਿੰਗ ਦੌਰਾਨ ਵਿਭਾਗ ਵੱਲੋਂ ਪ੍ਰਸਤਾਵਿਤ ਅਸਾਮੀਆਂ ਦੇ ਪੁਨਰਗਠਨ ਬਾਰੇ ਵੀ ਚਰਚਾ ਕੀਤੀ ਗਈ।ਭੂਮੀ ਤੇ ਜਲ ਸੰਭਾਲ ਮੰਤਰੀ ਨੇ ਦੱਸਿਆ ਕਿ ਜਲਦੀ ਹੀ ਇਸ ਪੁਨਰਗਠਨ ਅੰਤਿਮ ਰੂਪ ਦੇਣ ਤੋਂ ਬਾਅਦ ਨਵੀਂ ਭਰਤੀ ਮੁਹਿੰਮ ਚਲਾਈ ਜਾਵੇਗੀ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਭੂਮੀ ਤੇ ਜਲ ਸੰਭਾਲ ਕੇ.ਏ.ਪੀ.ਸਿਨਹਾ, ਮੁੱਖ ਭੂਮੀ ਪਾਲ ਮਹਿੰਦਰ ਸਿੰਘ ਸੈਣੀ ਸਮੇਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..