ਬਿਲਾਸਪੁਰ ਰੈਲੀ ਦੇ ਲਈ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੀ ਟੀਮ ਪੁੱਜੀ ਛੱਤੀਸ਼ਗੜ੍ਹ
ਮੋਹਾਲੀ, 22 ਜੂਨ, 2023: ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਪ੍ਰਧਾਨ ਜਸਪਾਲ ਸਿੰਘ ਆਪਣੀ ਟੀਮ ਅਤੇ ਸਾਥੀ ਗੁਰਪ੍ਰੀਤ ਸਿੰਘ ਟੋਨੀ ਰੁੜਕਾ ਦੇ ਨਾਲ ਛੱਤੀਸ਼ਗੜ੍ਹ ਦੇ ਬਿਲਾਸਪੁਰ ਵਿੱਚ 2 ਜੁਲਾਈ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਦੇ ਲਈ 20 ਜੂਨ ਨੂੰ ਛੱਤੀਸ਼ਗੜ੍ਹ ਪਹੁੰਚ ਗਏ ਹਨ।
ਜਸਪਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਵਲੋਂ ਬਿਲਾਸਪੁਰ ਵਿੱਚ 2 ਜੁਲਾਈ ਨੂੰ ਹੋਣ ਵਾਲੀ ਮਹਾਂ ਰੈਲੀ ਦੇ ਸਬੰਧ ਵਿੱਚ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡੀ ਪੂਰੀ ਟੀਮ ਇਥੋਂ ਦੇ ਵਸਨੀਕਾਂ ਨੂੰ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਅਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਵਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਤੋਂ ਜਾਣੂ ਕਰਵਾ ਰਹੀ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਛੱਤੀਸ਼ਗੜ੍ਹ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਥੋਂ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਵਾਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਵਲੋਂ ਛੱਤੀਸ਼ਗੜ੍ਹ ਦੇ ਦੁਰਗ ਲੋਕ ਸਭਾ ਹਲਕੇ ਦੇ ਵੈਸ਼ਾਲੀ ਨਗਰ ਅਤੇ ਭਿਲਈ ਸ਼ਹਿਰ ਵਿੱਚ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ। ਇਸ ਨੂੰ ਮੁੱਖ ਰੱਖਦਿਆਂ ਇਥੋਂ ਦੇ ਵਸਨੀਕਾਂ ਦੇ ਨਾਲ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਦੀਆਂ ਲੋਕਾਂ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।