November 2, 2024

Chandigarh Headline

True-stories

ਸਾਰੀਆਂ ਪਾਰਟੀਆਂ ਸਾਨੂੰ ਹਰਾਉਣ ਲਈ ਇੱਕਠੀਆਂ ਹੋ ਗਈਆਂ, ਤੁਸੀਂ ਜਿੱਤਣ ਲਈ ਇੱਕਠੇ ਹੋ ਜਾਓ: ਅਰਵਿੰਦ ਕੇਜਰੀਵਾਲ

ਗੁਰਦਾਸਪੁਰ,17 ਫਰਵਰੀ, 2022: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਵਿਰੋਧੀਆਂ ਪਾਰਟੀਆਂ ‘ਤੇ ਤਿੱਖੇ ਹਮਲੇ ਕੀਤੇ ਹਨ। ਕੇਜਰੀਵਾਲ ਨੇ ਅਕਾਲੀ, ਕਾਂਗਰਸ ਅਤੇ ਭਾਜਪਾ ‘ਤੇ ਆਪਸ ਵਿੱਚ ਮਿਲੇ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਤਿੰਨੇ ਪਾਰਟੀਆਂ ਇੱਕਠੀਆਂ ਹੋ ਗਈਆਂ ਹਨ।

ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਉਨਾਂ ਦੀ ਇਮਾਨਦਾਰ ਰਾਜਨੀਤੀ ਨੂੰ ਹਰਾਉਣ ਲਈ ਇੱਕਠੀਆਂ ਹੋ ਗਈਆਂ ਹਨ। ਇਸ ਲਈ ਤੁਸੀਂ ਲੋਕ ਇਨਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਹਰਾਉਣ ਲਈ ਇੱਕਠੇ ਹੋ ਜਾਓ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਵੋਟ ਪਾਉਣੀ ਚਾਹੀਦੀ ਹੈ। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣੀ ਹੈ। ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕਰਨ ਲਈ ਵੋਟ ਪਾਉਣੀ ਹੈ।

ਕੇਜਰੀਵਾਲ ਨੇ ਦੋਸ਼ ਲਾਇਆ ਕਿ ਤਿੰਨਾਂ ਪਾਰਟੀਆਂ ਮਿਲ ਕੇ ਉਨਾਂ ਖਿਲਾਫ਼ ਸਾਜਿਸ਼ਾਂ ਰੱਚ ਰਹੀਆਂ ਹਨ ਅਤੇ ਕਿਸੇ ਵੀ ਤਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੀਆਂ ਹਨ। ਜਿਸ ਤਰਾਂ ਇਹ ਲੋਕ ਪਿਛਲੇ 70 ਸਾਲਾਂ ਤੋਂ ਪੰਜਾਬ ਨੂੰ ਲੁੱਟ ਰਹੇ ਹਨ, ਉਸੇ ਤਰਾਂ ਅੱਗੇ ਵੀ ਲੁੱਟਣਾ ਚਾਹੁੰਦੇ ਹਨ। ਤਿੰਨਾਂ ਪਾਰਟੀਆਂ ਨੇ ਹਮੇਸ਼ਾਂ ਆਪਸੀ ਸਮਝੌਤਾ ਕਰਕੇ ਸਰਕਾਰ ਬਣਾਈ ਅਤੇ ਮਿਲ ਕੇ ਪੰਜਾਬ ਨੂੰ ਲੁੱਟਿਆ। ਹੁਣ ਉਨਾਂ ਨੂੰ ਡਰ ਹੈ ਕਿ ਜੇ ਪੰਜਾਬ ‘ਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਇਨਾਂ ਦਾ ਲੁੱਟ ਦਾ ਧੰਦਾ ਹਮੇਸ਼ਾ ਲਈ ਬੰਦ ਹੋ ਜਾਵੇਗਾ।

ਵੀਰਵਾਰ ਨੂੰ ਕੇਜਰੀਵਾਲ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਗੁਰਦਾਸਪੁਰ ਪਹੁੰਚੇ ਸਨ। ਇੱਥੇ ਉਨਾਂ ਫਤਿਹਗੜ ਚੂੜੀਆਂ ਹਲਕੇ ‘ਚ ਉਮੀਦਵਾਰ ਬਲਬੀਰ ਸਿੰਘ ਪੰਨੂੰ, ਡੇਰਾ ਬਾਬਾ ਨਾਨਕ ਵਿੱਚ ਗੁਰਦੀਪ ਰੰਧਾਵਾ, ਗੁਰਦਾਸਪੁਰ ‘ਚ ਰਮਨ ਬਹਿਲ ਅਤੇ ਦੀਨਾਨਗਰ ‘ਚ ਸ਼ਮਸ਼ੇਰ ਸਿੰਘ ਦੇ ਹੱਕ ਵਿੱਚ ਨੁਕੜ ਸਭਾਵਾਂ ਕਰਕੇ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨਾਂ ਦਾ ਮਕਸਦ ਪੰਜਾਬ ਦੀ ਸਿੱਖਿਆ ਅਤੇ ਇਲਾਜ ਵਿਵਸਥਾ ਨੂੰ ਠੀਕ ਕਰਨਾ ਹੈ। ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੀ ਹਾਲਤ ਠੀਕ ਕਰਨਾ ਹੈ। ਬਿਜਲੀ ਪਾਣੀ ਦੀ ਸਮੱਸਿਆਵਾਂ ਨੂੰ ਦੂਰ ਕਰਨਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੇ ਚੁੰਗਲ ਤੋਂ ਕੱਢ ਕੇ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਣਾ ਚਾਹੁੰਦੇ ਹਨ। ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਖ਼ਤਮ ਕਰਨਾ ਚਾਹੁੰਦੇ ਹਨ। ਉਥੇ ਹੀ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਮਕਸਦ ਸਿਰਫ਼ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..