ਮਾਲੇਰਕੋਟਲਾ ਨੂੰ ਸੂਬੇ ਦਾ ਸਭ ਤੋਂ ਵਿਕਸਤ ਜ਼ਿਲ੍ਹਾ ਬਣਾਉਣ ਲਈ ਕੰਮ ਕੀਤਾ ਜਾਵੇ – ਚੇਤਨ ਸਿੰਘ ਜੌੜਾਮਾਜਰਾ
ਮਾਲੇਰਕੋਟਲਾ, 31 ਮਈ, 2023: ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਆਜ਼ਾਦੀ ਘੁਲਾਟੀਏ ਵਿਭਾਗ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜ਼ਿਲ੍ਹਾ ਮਾਲੇਰਕੋਟਲਾ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਯਕੀਨੀ ਬਣਾਇਆ ਜਾਵੇਗਾ। ਇਸ ਨਵੇਂ ਜ਼ਿਲ੍ਹੇ ਨੂੰ ਸੂਬੇ ਦਾ ਸਭ ਤੋਂ ਵਿਕਸਤ ਜ਼ਿਲ੍ਹਾ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਹ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਸਿਰਫ਼ ਐਲਾਨਾਂ ਦੀ ਰਾਜਨੀਤੀ ਹੀ ਕੀਤੀ ਹੈ। ਪਿਛਲੀ ਸੂਬਾ ਸਰਕਾਰ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਤਾਂ ਬਣਾ ਦਿੱਤਾ ਪਰ ਨਾ ਤਾਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣਾਇਆ ਅਤੇ ਨਾ ਹੀ ਇਥੇ ਲੋੜੀਂਦਾ ਸਟਾਫ਼ ਤਾਇਨਾਤ ਕੀਤਾ। ਪਰ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿਥੇ ਇਥੇ ਸਟਾਫ਼ ਦੀ ਥੁੜ ਨੂੰ ਪੂਰਾ ਕਰਨ ਦਾ ਉਪਰਾਲਾ ਕੀਤਾ ਹੈ ਉਥੇ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੈਡੀਕਲ ਕਾਲਜ, ਅਮਰਗੜ੍ਹ ਸਬ ਡਵੀਜ਼ਨ ਕੰਪਲੈਕਸ, ਬੱਸ ਸਟੈਂਡ ਦਾ ਨਵੀਨੀਕਰਨ ਅਤੇ ਹੋਰ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ।
ਚੇਤਨ ਸਿੰਘ ਜੌੜਾਮਾਜਰਾ ਨੇ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਪੱਖੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜਣ ਲਈ ਸਾਂਝੇ ਯਤਨਾਂ ਦੀ ਲੋੜ੍ਹ ਹੈ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡਿਜ਼ਾਈਨ ਜਲਦ ਤੋਂ ਜਲਦ ਫਾਈਨਲ ਕਰਵਾਏ ਜਾਣ। ਉਹਨਾਂ ਨੂੰ ਦੱਸਿਆ ਕਿ ਅਮਰਗੜ੍ਹ ਸਬ ਡਵੀਜ਼ਨ ਕੰਪਲੈਕਸ ਦੀਆਂ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਗਲੇ ਹਫ਼ਤੇ ਟੈਂਡਰ ਲਗਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵਲੋਂ ਬੱਸ ਸਟੈਂਡ ਦਾ ਨਵੀਨੀਕਰਨ ਅਤੇ ਵਾਧਾ ਕਰਨ ਲਈ ਸਾਢੇ 9 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ। ਫੰਡਜ਼ ਜਲਦ ਹੀ ਜਾਰੀ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਮੈਡੀਕਲ ਕਾਲਜ ਲਈ ਢੁੱਕਵੀਂ ਜਗ੍ਹਾ ਦੀ ਪਛਾਣ ਕਰਕੇ ਜਲਦ ਉਸਾਰੀ ਸ਼ੁਰੂ ਕੀਤੀ ਜਾਵੇਗੀ। ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਸਥਾਨਕ ਜ਼ਿਲ੍ਹਾ ਹਸਪਤਾਲ ਵਿੱਚ ਡਾਇਲਸਿਸ ਮਸ਼ੀਨ ਸਥਾਪਤ ਕੀਤੀ ਜਾਵੇਗੀ ਤਾਂ ਜੋ ਇਥੇ ਲੋੜਵੰਦ ਮਰੀਜ਼ਾਂ ਦਾ ਰਿਆਇਤੀ ਦਰਾਂ ਉੱਤੇ ਇਲਾਜ਼ ਸੰਭਵ ਹੋ ਸਕੇ।
ਉਹਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਸੀ ਐਸ ਆਰ ਫੰਡਾਂ ਦੀ ਵਰਤੋਂ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸਭ ਤੋਂ ਵੱਧ ਕੀਤੀ ਜਾਵੇ। ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਆਮ ਆਦਮੀ ਕਲੀਨਿਕਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਇਆ ਜਾਵੇ। ਉਹਨਾਂ ਮਗਨਰੇਗਾ ਫੰਡਾਂ ਦੀ ਵੀ ਸੁਚੱਜੀ ਵਰਤੋਂ ਕਰਨ ਉੱਤੇ ਜ਼ੋਰ ਦਿੱਤਾ। ਉਹਨਾਂ ਪੱਕੇ ਖਾਲਿਆਂ ਦੀ ਮੁੜ ਕਾਇਮੀ ਦਾ ਕੰਮ ਸਫ਼ਲ ਕਰਨ ਦੀ ਲੋੜ੍ਹ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਰੂਰੀ ਹੈ ਕਿ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਕਰਨ। ਇਸ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।
ਉਹਨਾਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਨਿਸ਼ਾਨਦੇਹੀ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦਾ ਭਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨਾਂ ਸਰਕਾਰੀ ਮਸ਼ੀਨ ਖਰੀਦਣ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਫੰਡ ਜਾਰੀ ਕਰਨ ਦਾ ਵੀ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਇਆ ਜਾਵੇ ਤਾਂ ਜੋ ਨੌਜਵਾਨ ਨਸ਼ਿਆਂ ਵਾਲੇ ਪਾਸੇ ਤੋਂ ਹਟਾ ਕੇ ਖੇਡਾਂ ਨਾਲ ਜੋੜਿਆ ਜਾ ਸਕੇ। ਉਹਨਾਂ ਕਿਹਾ ਕਿ ਉਹ ਜਲਦ ਹੀ ਚੱਲ ਰਹੇ ਵਿਕਾਸ ਕਾਰਜਾਂ ਦਾ ਨਿੱਜੀ ਤੌਰ ਉੱਤੇ ਜਾਇਜ਼ਾ ਲੈਣਗੇ।
ਜ਼ਿਲ੍ਹਾ ਪੁਲਿਸ ਮੁਖੀ ਨੂੰ ਸਖ਼ਤ ਹਦਾਇਤ ਕੀਤੀ ਕਿ ਨਸ਼ੇ ਨਾਲ ਜੁੜੀ ਹਰੇਕ ਗਤੀਵਿਧੀ ਉੱਤੇ ਤਿੱਖੀ ਨਜ਼ਰ ਰੱਖੀ ਜਾਵੇ। ਕੋਈ ਵੀ ਅਪਰਾਧੀ ਕਿਸਮ ਦਾ ਵਿਅਕਤੀ ਬਖਸ਼ਿਆ ਨਾ ਜਾਵੇ। ਇਸ ਮੌਕੇ ਡਾ ਜਮੀਲ ਉਰ ਰਹਿਮਾਨ ਵਿਧਾਇਕ ਮਾਲੇਰਕੋਟਲਾ, ਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ, ਡਿਪਟੀ ਕਮਿਸ਼ਨਰ ਸੰਯਮ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿੱਲੋਰੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਾਕਿਬ ਅਲੀ ਰਾਜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।