‘ਆਪ ਨੇ ਹਲਕਾ ਮਜੀਠਾ ਵਿੱਚ ਪਸਾਰੇ ਪੈਰ, ਪਾਰਟੀ ਵਿੱਚ ਸ਼ਾਮਿਲ ਹੋਏ ਇਲਾਕੇ ਦੇ ਕਈ ਸਥਾਨਕ ਆਗੂ!
1 min read![](https://www.chandigarhheadline.com/wp-content/uploads/2023/05/Harchand-Barsat-May-29-2023.jpg)
ਚੰਡੀਗੜ੍ਹ, 29 ਮਈ 2023: ਹਲਕਾ ਮਜੀਠਾ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਅੱਜ ਚੰਡੀਗੜ੍ਹ ਵਿਖੇ ਸਥਿਤ ‘ਆਪ ਦੇ ਮੁੱਖ ਦਫ਼ਤਰ ਵਿਖੇ ਪਹੁੰਚੇ ਮਜੀਠਾ ਹਲਕੇ ਦੇ ਕਈ ਸਥਾਨਕ ਆਗੂ ‘ਆਪ ਵਿੱਚ ਸ਼ਾਮਲ ਹੋ ਗਏ। ਜਿੰਨ੍ਹਾਂ ਨੂੰ ‘ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਰਸਮੀ ਤੌਰ ਤੇ ਸ਼ਾਮਿਲ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਬਰਸਟ ਨੇ ਕਿਹਾ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਨੇ ਹੁਣ ਤੱਕ ਰੱਜ ਕੇ ਲੁੱਟਿਆ। ਪਰ ਹੁਣ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਤੋਂ ਬਾਅਦ ਲੋਕ ਇਮਾਨਦਾਰ ਮਾਨ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਹੀ ਕਾਰਨ ਹੈ ਕਿ ਪੰਜਾਬ ਭਰ ਵਿੱਚ ਆਮ ਲੋਕ ਅਤੇ ਉਨ੍ਹਾਂ ਦੇ ਆਗੂ ਲਗਾਤਾਰ ‘ਆਪ ਵਿੱਚ ਸ਼ਾਮਲ ਹੋ ਰਹੇ ਹਨ।
ਬਰਸਟ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਉੱਪਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਨ੍ਹਾਂ ਸਭ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਇਨ੍ਹਾਂ ਲੋਕਾਂ ਨੂੰ ਨਕਾਰ ਕੇ ‘ਆਪ ਨੂੰ ਮੌਕਾ ਦਿੱਤਾ ਅਤੇ ਪੰਜਾਬ ਨੂੰ ਉਜਾੜਨ ਵਾਲੇ ਲੋਕਾਂ ਦਾ ਹੁਣ ਸਿਆਸਤ ਵਿੱਚੋਂ ਉਜਾੜਾ ਪੱਕਾ ਹੋ ਚੁੱਕਾ ਹੈ।
ਮਾਨ ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਸੂਬੇ ਦੀ ਕਿਸਾਨੀ ਅਤੇ ਜਵਾਨੀ ਦੇ ਖੁਸ਼ਹਾਲ ਭਵਿੱਖ ਲਈ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਮਸਲਾ ਭਾਂਵੇ ਰੁਜ਼ਗਾਰ ਦਾ ਹੋਵੇ ਜਾਂ ਸੂਬੇ ਦੇ ਵਸੀਲਿਆਂ ਨੂੰ ਬਚਾਉਣ ਦਾ, ਇਮਾਨਦਾਰ ਸਰਕਾਰ ਹਰ ਫਰੰਟ ‘ਤੇ ਪੰਜਾਬੀਆਂ ਦੀਆਂ ਉਮੀਦਾਂ ਉੱਤੇ ਖ਼ਰੀ ਉਤਰ ਰਹੀ ਹੈ।
ਇਸ ਮੌਕੇ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਮਜੀਠਾ ਤੋਂ ‘ਆਪ ਪਰਿਵਾਰ ਵਿੱਚ ਸ਼ਾਮਿਲ ਹੋਏ ਪਰਮਜੀਤ ਸਿੰਘ MC, ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ, ਜੋਧ ਸਿੰਘ ਵਾਰਡ ਇੰਚਾਰਜ, ਕੁਲਜੀਤ ਸਿੰਘ, ਗੁਰਵਿੰਦਰ ਸਿੰਘ( ਸਾਬਕਾ ਸਰਪੰਚ ), ਹਰਦੇਵ ਸਿੰਘ (ਸਾਬਕਾ ਮੈਂਬਰ), ਹਰਜਿੰਦਰ ਸਿੰਘ (ਸਾਬਕਾ ਮੈਂਬਰ), ਕੁਲਵੰਤ ਸਿੰਘ ਅਤੇ ਸਾਥੀ ਮੌਜੂਦ ਸਨ। ਉਪਰੋਕਤ ਸਭ ਦਾ ਪਾਰਟੀ ਵਿੱਚ ਰਸਮੀ ਸਵਾਗਤ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ‘ਆਪ ਵਿੱਚ ਉਨ੍ਹਾਂ ਦੇ ਬਣਦੇ ਮਾਣ ਸਤਿਕਾਰ ਦਾ ਹਮੇਸ਼ਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਗੁਰਦੇਵ ਸਿੰਘ ਲਾਖਨਾ, ਪੰਜਾਬ ਸਕੱਤਰ, ਗੁਰਵਿੰਦਰ ਸਿੰਘ ਪ੍ਰਧਾਨ ਤਰਨਤਾਰਨ, ਜਸਪ੍ਰੀਤ ਸਿੰਘ ਪ੍ਰਧਾਨ ਅੰਮ੍ਰਿਤਸਰ ਅਤੇ ਰਣਜੀਤ ਸਿੰਘ ਚੀਮਾ ਵੀ ਹਾਜਰ ਸਨ।