35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਵਸੀਕਾ ਨਵੀਸ ਗ੍ਰਿਫ਼ਤਾਰ
1 min readਚੰਡੀਗੜ੍ਹ, 3 ਮਈ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋ ਅਰੰਭੀ ਮੁਹਿੰਮ ਤਹਿਤ ਅੱਜ ਵਸੀਕਾ ਨਵੀਸ ਲਖਬੀਰ ਸਿੰਘ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਅਮਨਦੀਪ ਸਿੰਘ ਵਾਸੀ ਪਿੰਡ ਜੜੌਤ, ਡੇਰਾਬੱਸੀ ਸਬ ਡਵੀਜ਼ਨ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਕੀਤੀ ਇੱਕ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਵਸੀਕਾ ਨਵੀਸ ਨੇ ਉਸਦੇ ਪਿਤਾ ਵੱਲੋਂ ਵੇਚੀ ਜਾਣ ਵਾਲੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ 45,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਦੋਸ਼ੀ ਪਹਿਲਾਂ ਹੀ ਉਸ ਤੋਂ ਰਜਿਸਟਰੀ ਫੀਸ ਦੀ ਕੁੱਲ ਰਕਮ ਦੇ ਇੱਕ ਫ਼ੀਸਦ ਬਤੌਰ ਕਮਿਸ਼ਨ 35,000 ਰੁਪਏ ਰਿਸ਼ਵਤ ਪਹਿਲੀ ਕਿਸ਼ਤ ਵਜੋਂ ਲੈ ਚੁੱਕਾ ਹੈ । ਸ਼ਿਕਾਇਤਕਰਤਾ ਨੇ ਇਸ ਸਬੰਧੀ ਸਾਰੀ ਗੱਲਬਾਤ ਆਪਣੇ ਮੋਬਾਈਲ ‘ਤੇ ਰਿਕਾਰਡ ਕਰਕੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਪਾਇਆ ਗਿਆ ਕਿ ਉਕਤ ਵਸੀਕਾ ਨਵੀਸ ਨੇ ਸ਼ਿਕਾਇਤਕਰਤਾ ਤੋਂ 35,000 ਰੁਪਏ ਦੀ ਰਿਸ਼ਵਤ ਹਾਸਲ ਕੀਤੀ ਸੀ ਅਤੇ ਬਾਕੀ ਰਕਮ ਦੂਜੀ ਕਿਸ਼ਤ ਵਿੱਚ ਅਦਾ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਸ ਤਫਤੀਸ ਦੇ ਆਧਾਰ ‘ਤੇ ਉਪਰੋਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦਾ ਥਾਣਾ ਉਡਣ ਦਸਤਾ-1, ਪੰਜਾਬ ਐਸ.ਏ.ਐਸ. ਨਗਰ ਵਿਖੇ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।