ਸਰਹੱਦ ਮੁਕਤ ਵਿਸ਼ਵ ਦਾ ਸੁਪਨਾ ਲੈਂਦੀ ਲੇਖਕ ਰਾਜਨ ਸਿੱਧੂ ਦੀ ਕਿਤਾਬ ‘ਅਰਥੀਅਨ’ ਰਲੀਜ਼
1 min readਮੋਹਾਲੀ, 31 ਜਨਵਰੀ, 2023: ਵਿਸ਼ਵ ਭਰ ਵਿਚ ਦਿਨੋਂ ਦਿਨ ਪ੍ਰਦੂਸ਼ਣ, ਭੇਦ-ਭਾਵ, ਹਥਿਆਰਾਂ ਅਤੇ ਨਾਬਰਾਬਰੀ ਦਾ ਵਰਤਾਰਾ ਵੱਧਦਾ ਹੀ ਜਾ ਰਿਹਾ ਹੈ, ਜਿਸ ਕਰਕੇ ਧਰਤੀ ਉਤੇ ਹਰ ਇਕ ਮਨੁੱਖ ਇਕ ਦੂਜੇ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਇਸੇ ਵਰਤਾਰੇ ਨੂੰ ਖ਼ਤਮ ਕਰਨ ਅਤੇ ਵਿਸ਼ਵ ਨੂੰ ਸਰਹੱਦ ਮੁਕਤ ਕਰਨ ਦਾ ਸੁਪਨਾ ਲੇਖਕ ਰਾਜਨ ਸਿੱਧੂ ਨੇ ਆਪਣੀ ਕਿਤਾਬ ‘ਅਰਥੀਅਨ’ ਰਾਹੀਂ ਦੇਖਿਆ ਹੈ।
ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਲੇਖਕ ਰਾਜਨ ਸਿੱਧੂ ਨੇ ਮਿਸ਼ਨ ਅਰਥੀਅਨ ਤਹਿਤ ਆਪਣੀ ਕਿਤਾਬ ‘ਅਰਥੀਅਨ’ ਨੂੰ ਰਲੀਜ਼ ਕੀਤਾ। ਇਸ ਸਮਾਰੋਹ ਮੌਕੇ ਲੇਖਕ ਰਾਜਨ ਸਿੱਧੂ ਨੇ ਦਸਿਆ ਕਿ ਉਹਨਾਂ ਦੀ ਇਹ ਦਿਲੀ ਇੱਛਾ ਹੈ ਕਿ ਧਰਤੀ ਨੂੰ ਸਰਹੱਦ ਮੁਕਤ, ਹਥਿਆਰਾਂ ਤੋਂ ਮੁਕਤ, ਜਾਤ-ਪਾਤ ਮੁਕਤ, ਮੁਦਰਾ ਮੁਕਤ ਅਤੇ ਦੁਸ਼ਮਣੀ ਮੁਕਤ ਕੀਤਾ ਜਾਵੇ ਤਾਂ ਜੋ ਧਰਤੀ ਦਾ ਹਰੇਕ ਨਾਗਰਿਕ ਇਕ ਖੂੰਖਾਰ ਜਾਨਵਰ ਦੀ ਬਿਰਤੀ ਛੱਡ ਇਕ ਆਮ ਨਾਗਰਿਕ ਦੀ ਤਰ੍ਹਾਂ ਸ਼ਾਂਤੀਪੂਰਵਕ ਜ਼ਿੰਦਗੀ ਜੀਅ ਸਕੇ। ਨਾਲ ਹੀ ਉਹਨਾਂ ਕਿਹਾ ਕਿ ਹਰੇਕ ਇਨਸਾਨ ਪੈਸੇ ਦੀ ਦੌੜ ਵਿਚ ਆਪਣੀ ਅਸਲ ਜ਼ਿੰਦਗੀ ਜਿਊਣ ਦੀ ਜਾਚ ਵੀ ਭੁੱਲਦਾ ਜਾ ਰਿਹਾ ਹੈ। ਮੈਂ ਸੋਚਦਾ ਹਾਂ ਕਿ ਇਹ ਤਦ ਹੀ ਸੰਭਵ ਹੈ ਜੇਕਰ ਅਸੀਂ ਵਧੇਰੇ ਦੌਲਤ ਇਕੱਠੀ ਕਰਨ, ਲੁੱਟਖਸੁੱਟ, ਬੇਰੁਜ਼ਗਾਰੀ, ਖੁਦਕੁਸ਼ੀਆਂ, ਕਰਜ਼ਾ, ਕੁਦਰਤ ਦਾ ਘਾਣ ਆਦਿ ਬੁਰਾਈਆਂ ਨੂੰ ਜੜ੍ਹੋਂ ਖਤਮ ਕਰ ਸਕੀਏ। ਇਸ ਦੇ ਨਾਲ ਹੀ ਹਰ ਪਿੰਡ, ਸ਼ਹਿਰ, ਸੂਬੇ ਨੂੰ ਇਕ ਉਚ ਪੱਧਰ ਦੇ ਸਿਸਟਮ ਤਹਿਤ ਦੇਸ਼ ਬਣਾ ਕੇ ਇਕ ਵਿਸ਼ਾਲ ਧਰਤੀ ਦੀ ਸਿਰਜਣਾ ਕਰ ਸਕੀਏ। ਇਸ ਮਿਸ਼ਨ ਤਹਿਤ ਹੀ ਸਮੂਹ ਧਰਤੀ ਨੂੰ ਇੱਕ ਦੇਸ਼ ਬਣਾ ਕੇ ਮਨੁੱਖ ਨੂੰ ਅਰਥੀਅਨ ਬਣਾਇਆ ਜਾ ਸਕਦਾ ਹੈ। ਸਾਨੂੰ ਕੁਦਰਤ ਦੀਆਂ ਬਖ਼ਸ਼ੀਆਂ ਅਪਾਰ ਬਖ਼ਸ਼ਿਸ਼ਾਂ ਨੂੰ ਸੰਭਾਲਣ ਦੀ ਲੋੜ ਹੈ ਅਤੇ ਲੋਕਾਂ ਤੇ ਜੀਵਾਂ ਉਪਰ ਅੱਤਿਆਚਾਰ ਬੰਦ ਕਰਨੇ ਸਮੇਂ ਦੀ ਲੋੜ ਹੈ।
ਲੇਖਕ ਸਿੱਧੂ ਦਾ ਕਹਿਣਾ ਹੈ ਕਿ ਹਵਾ ਰੂਪੀ ਪ੍ਰਦੂਸ਼ਣ ਨੂੰ ਖ਼ਤਮ ਕਰਕੇ ਸਮੂਹ ਜੀਵਾਂ ਨੂੰ ਸਾਹ ਲੈਣ ਯੋਗ ਵਾਤਾਵਰਣ ਬਣਾਉਣਾ ਅਤਿ ਜ਼ਰੂਰੀ ਹੈ, ਤਦ ਹੀ ਅਸੀਂ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰ ਸਕਦੇ ਹਾਂ। ਇਸੇ ਤਰ੍ਹਾਂ ਚੰਦ ‘ਤੇ ਪਲਾਟ ਜਾਂ ਮੰਗਲ ਗ੍ਰਹਿ ‘ਤੇ ਪਾਣੀ ਭਾਲਣ ਦੀ ਥਾਂ ਦਰੱਖਤਾਂ, ਜੰਗਲਾਂ ਅਤੇ ਹੋਰ ਬਨਸਪਤੀ ਦੀ ਸਾਂਭ-ਸੰਭਾਲ ਕਰਕੇ ਧਰਤੀ ਨੂੰ ਹੀ ਜੀਣ ਯੋਗ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ਦੀ ਲਾਲਸਾ ਹੋਣੀ ਜ਼ਰੂਰੀ ਹੈ।
ਅੰਤ ਵਿਚ ਉਹਨਾਂ ਇਹ ਸਾਫ਼ ਕੀਤਾ ਕਿ ‘ਮਿਸ਼ਨ ਅਰਥੀਅਨ’ ਤਹਿਤ ਉਹ ਕੋਈ ਜਥੇਬੰਦਕ ਢਾਂਚਾ ਬਣਾਉਣ ਦੀ ਥਾਂ ਇਕ ਕਾਫ਼ਲਾ ਬਣਾਉਣ ਨੂੰ ਤਰਜੀਹ ਦੇਣਗੇ, ਜੋ ਦਿਨੋਂ ਦਿਨ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਹੋਰ ਵੱਡਾ ਹੁੰਦਾ ਜਾਵੇਗਾ। ਉਹਨਾਂ ਇਹ ਵੀ ਕਿਹਾ ਜੇਕਰ ਸਰਕਾਰ ਭਵਿੱਖ ਵਿਚ ਕੋਈ ਅਜਿਹੀ ਪਹਿਲਕਦਮੀ ਕਰਦੀ ਹੈ ਤਾਂ ਸਾਡਾ ਕਾਫਲਾ ਹਮੇਸ਼ਾਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਰਹੇਗਾ।