ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਨ ਦਾ ਫੈਸਲਾ ਕਰਕੇ ਪੰਜਾਬ ਦਾ ਪੁੱਤਰ ਹੋਣ ਦਾ ਸਬੂਤ ਦਿੱਤਾ: ਕੁਲਦੀਪ ਧਾਲੀਵਾਲ
1 min readਚੰਡੀਗੜ੍ਹ, 17 ਜਨਵਰੀ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਨ ਦਾ ਫੈਸਲਾ ਕਰਕੇ ਪੰਜਾਬ ਦਾ ਪੁੱਤਰ ਹੋਣ ਦਾ ਸਬੂਤ ਦਿੱਤਾ ਹੈ।
ਪੰਜਾਬ ਦੇ ਖੇਤੀਬਾੜੀ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਇਹ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਜ਼ੀਰਾ ਫ਼ੈਕਟਰੀ ਬੰਦ ਕਰਨ ਦਾ ਫੈਸਲਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਸੱਚੇ ਰਖਵਾਲੇ ਹਨ।
ਧਾਲੀਵਾਲ ਨੇ ਕਿਹਾ ਕਿ ਮੈਂ 17 ਦਸੰਬਰ, 2022 ਨੂੰ ਮੁੱਖ ਮੰਤਰੀ ਦਾ ਸੁਨੇਹਾ ਲੈ ਕੇ ਜ਼ੀਰਾ ਵਿਖੇ ਧਰਨੇ ‘ਚ ਗਿਆ ਸਾਂ ਅਤੇ ਇੱਕ ਮਹੀਨੇ ‘ਚ ਕਾਨੂੰਨੀ ਪ੍ਰਕਿਰਿਆ ਅਪਣਾ ਕੇ ਬਣਦੀ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਆਇਆ ਸਾਂ। ਉਨ੍ਹਾਂ ਕਿਹਾ ਕਿ ਕਿ ਅੱਜ ਇੱਕ ਮਹੀਨਾ ਪੂਰਾ ਹੋਣ ‘ਤੇ ਪੰਜਾਬ ਦੀ ਧਰਤੀ ਤੇ ਕਿਸਾਨੀ ਨੂੰ ਬਚਾਉਣ ਵਾਲਾ ਇਤਿਹਾਸਕ ਫੈਸਲਾ ਆ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਆਬੋ-ਹਵਾ ਨੂੰ ਦੂਸ਼ਿਤ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਮੈਨੂੰ ਭਗਵੰਤ ਮਾਨ ਦੀ ਕੈਬਨਿਟ ‘ਚ ਸ਼ਾਮਲ ਹੋਣ ਦਾ ਮਾਣ ਹੈ।