March 29, 2024

Chandigarh Headline

True-stories

ਹਰਜੋਤ ਬੈਂਸ ਵੱਲੋਂ ਯੂਨੀਵਰਸਿਟੀਆਂ ਨੂੰ ਮਿਲਕੇ ਪੰਜਾਬ ਨੂੰ ਸਟਾਰਟ-ਅਪ ਹੱਬ ਬਣਾਉਣ ਦਾ ਸੱਦਾ 

1 min read

ਜਲੰਧਰ/ਕਪੂਰਥਲਾ/ਚੰਡੀਗੜ੍ਹ, 16 ਜਨਵਰੀ, 2023: ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਯੂਨੀਵਰਸਿਟੀਆਂ ਨੂੰ ਮਿਲਕੇ ਪੰਜਾਬ ਨੂੰ ਸਟਾਰਟ-ਅਪ ਹੱਬ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ! ਉਹਨਾਂ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਜਲੰਧਰ ਦੇ ਇੱਕ ਅਲੂਮਨੀ ਵੱਲੋਂ ਗੁੜ ਬਣਾਉਣ ਵਾਲ਼ੇ ਕੰਮ ਨੂੰ ਸਟਾਰਟ-ਅਪ ਵੱਜੋਂ ਲੈਂਦੇ ਹੋਏ ਸਫਲ ਕੰਪਨੀ ਸਥਾਪਿਤ ਕਰਨ ਦੀ ਉਦਾਹਰਣ ਨੂੰ ਪ੍ਰੇਰਨਾਦਾਇਕ ਦੱਸਦਿਆਂ ਪੰਜਾਬ ਅੰਦਰਲੇ ਤਕਨੀਕੀ ਸਿੱਖਿਆ ਦੇ ਅਦਾਰਿਆਂ ਨੂੰ ਇਸ ਰਾਹ ਤੇ ਕੰਮ ਕਰਨ ਨੂੰ ਕਿਹਾ ਹੈ! ਸੋਮਵਾਰ ਨੂੰ ਆਈ.ਕੇ.ਜੀ ਪੀ.ਟੀ.ਯੂ ਦੇ 27ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਵਰਤਮਾਨ ਵਿਚ ਪੰਜਾਬ ਅੰਦਰਲੇ ਉਦਯੋਗਾਂ ਨੂੰ ਕੁਸ਼ਲ ਕਾਮਿਆਂ ਦੀ ਸਖ਼ਤ ਜਰੂਰਤ ਹੈ! ਉਹਨਾਂ ਬੋਆਈਲਰ ਉਦਯੋਗ ਦੀ ਜਰੂਰਤ ਦੇ ਤੱਥ ਸਾਂਝੇ ਕਰਦੇ ਹੋਏ ਕਿਹਾ ਕਿ ਵਰਤਮਾਨ ਵਿਚ ਸਿਰਫ ਇਸ ਇੰਡਸਟਰੀ ਨੂੰ ਹੀ 50 ਹਜ਼ਾਰ ਕੁਸ਼ਲ ਕਾਮਿਆਂ ਦੀ ਜਰੂਰਤ ਹੈ, ਜਦੋਂਕਿ ਇੱਕ ਵੀ ਡਿਗਰੀ ਜਾ ਸਰਟੀਫ਼ਿਕੇਟ ਰੱਖਣ ਵਾਲਾ ਨਿਪੁੰਨ ਕਰਮਚਾਰੀ ਪ੍ਰਦੇਸ਼ ਵਿਚ ਨਹੀਂ ਮਿਲ ਪਾ ਰਿਹਾ ਹੈ! ਉਹਨਾਂ ਇਸ ਲਈ ਸਕੂਲ ਸਿਖਿਆ, ਫਿਰ ਕਾਲਜ ਸਿਖਿਆ ਜਾਂ ਤਕਨੀਕੀ ਸਿਖਿਆ ਅਤੇ ਅੰਤ ਵਿਚ ਯੂਨੀਵਰਸਿਟੀਆਂ ਵਿਚ ਆਪਸੀ ਤਾਲਮੇਲ ਦੀ ਕਮੀ ਨੂੰ ਜਿੰਮੇਦਾਰ ਮੰਨਦੇ ਹੋਏ ਸਕੂਲ, ਕਾਲਜ, ਤਕਨੀਕੀ ਸਿੱਖਿਆ ਦੇ ਅਦਾਰਿਆਂ ਤੇ ਯੂਨੀਵਰਸਿਟੀਆਂ ਨੂੰ ਮਿਲਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ! ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤੇ ਓਲਡ ਪੈਨਸ਼ਨ ਸਕੀਮ ਦਾ ਲਾਭ ਤਕਨੀਕੀ ਯੂਨੀਵਰਸਿਟੀਆਂ ਦੇ ਸਟਾਫ਼ ਉਪਰ ਵੀ ਲਾਗੂ ਕਰਵਾਉਣ ਦੀ ਸਿਫਾਰਿਸ਼ ਸਰਕਾਰ ਨੂੰ ਕਰਨ ਦਾ ਭਰੋਸਾ ਦਿਵਾਇਆ! 

ਯੂਨੀਵਰਸਿਟੀ ਪਹੁੰਚਣ ਤੇ ਰਜਿਸਟਰਾਰ ਡਾ.ਐਸ.ਕੇ.ਮਿਸਰਾ, ਵਿੱਤ ਅਧਿਕਾਰੀ ਡਾ. ਸੁਖਬੀਰ ਵਾਲੀਆ ਤੇ ਕੰਟ੍ਰੋਲਰ ਪ੍ਰੀਖਿਆਵਾਂ ਡਾ.ਪਰਮਜੀਤ ਸਿੰਘ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ! ਯੂਨੀਵਰਸਿਟੀ ਰਜਿਸਟਰਾਰ ਡਾ.ਮਿਸਰਾ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਗੇ ਯੂਨੀਵਰਸਿਟੀ ਦੇ 26 ਸਾਲਾਂ ਦੇ ਉਤਾਰ-ਚੜਾਹ, ਪ੍ਰਾਪਤੀਆਂ ਤੇ ਪਹਿਲਕਦਮੀਆਂ ਦਾ ਬਿਉਰਾ ਪੇਸ਼ ਕੀਤਾ ਗਿਆ! ਇਸ ਮੌਕੇ ਯੂਨੀਵਰਸਿਟੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜਰੀ ਵਿਚ ਪਾਠ ਦੇ ਭੋਗ ਪਾਏ ਗਏ ਅਤੇ ਸੰਗਤ ਸਨਮੁੱਖ ਕੀਰਤਨ ਹੋਇਆ!

ਯੂਨੀਵਰਸਿਟੀ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਚ ਸਥਾਪਨਾ ਦਿਵਸ ਦੇ ਕਲਚਰਲ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਵਿਸ਼ੇਸ਼ ਮਹਿਮਾਨ ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ, ਸੱਕਤਰ ਪੰਜਾਬ ਰਾਜ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਤੇ ਮੇਜ਼ਬਾਨ ਮੰਡਲ ਵੱਲੋਂ ਸ਼ਮਾ ਰੌਸ਼ਨ ਕਰਨ ਨਾਲ ਕੀਤੀ ਗਈ! ਇਸ ਮੌਕੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਬਿਹਤਰ ਉਦਯੋਗਿਕ ਸਿਖਲਾਈ ਤੇ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਪ੍ਰਸਿੱਧ ਉਦਯੋਗਪਤੀ ਹਰਜਿੰਦਰ ਸਿੰਘ ਚੀਮਾ, ਚੇਅਰਮੈਨ ਚੀਮਾ ਬੋਆਈਲਰਜ, ਰੋਪੜ ਅਤੇ ਸੁਰੇਂਦਰ ਵਿਕਰਮ ਸਿੰਘ, ਫਾਊਂਡਰ ਵੀ.ਟੀ. ਨੇਟਜ਼ਵੇਲਟ ਪ੍ਰਾ ਲਿਮਿਟੇਡ ਨੂੰ ਵਿਸ਼ੇਸ਼ ਤੌਰ ਕੈਬਨਿਟ ਮੰਤਰੀ ਬੈਂਸ ਪਾਸੋਂ ਸਨਮਾਨਿਤ ਕਰਵਾਇਆ ਗਿਆ! ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ (ਐਲੁਮਨੀ) ਰਾਹੁਲ ਦਾਵੇਸਰ, ਪੀਪਲ ਮੈਨੇਜਰ ਮਾਇਕ੍ਰੋਸਾਫ਼੍ਟ ਤੇ ਕੌਸ਼ਲ ਸਿੰਘ, ਕੋ-ਫਾਊਂਡਰ ਐਂਡ ਸੀ.ਓ.ਓ ਜੈਗਰ ਕੇਨ (ਸਟਾਰਟ-ਅੱਪ) ਨੂੰ ਵੀ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ! ਇਸ ਦੌਰਾਨ ਤਕਨੀਕੀ ਸਿਖਿਆ ਮੰਤਰੀ ਵੱਲੋਂ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵੱਲੋਂ ਤਿਆਰ ਸਲਾਨਾ ਕਲੰਡਰ ਵੀ ਜ਼ਾਰੀ ਕੀਤਾ ਗਿਆ! ਪ੍ਰੋਗਰਾਮ ਦੌਰਾਨ ਸਵਾਗਤੀ ਭਾਸ਼ਣ ਰਜਿਸਟਰਾਰ ਡਾ.ਐਸ.ਕੇ.ਮਿਸਰਾ ਵੱਲੋਂ ਦਿੱਤਾ ਗਿਆ, ਜਦੋਂ ਕਿ ਧੰਨਵਾਦ ਦਾ ਪ੍ਰਸਤਾਵ ਪ੍ਰੋਗਰਾਮ ਦੇ ਚੀਫ਼ ਕੋਆਰਡੀਨੇਟਰ ਡੀਨ (ਪਲਾਨਿੰਗ ਐਂਡ ਐਕਸਟਰਨਲ ਪਲਾਨਿੰਗ) ਡਾ.ਆਰ.ਪੀ.ਐਸ ਬੇਦੀ ਵੱਲੋਂ ਰੱਖਿਆ ਗਿਆ! ਮੰਚ ਸੰਚਾਲਨ ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾਂ, ਸਹਾਇਕ ਪ੍ਰੋਫੈਸਰ ਪੰਜਾਬੀ ਡਾ. ਸਰਬਜੀਤ ਸਿੰਘ ਅਤੇ ਡਿਪਟੀ ਲਾਇਬ੍ਰੇਰੀਅਨ ਮਧੂ ਮਿੱਡਾ ਵੱਲੋਂ ਕੀਤਾ ਗਿਆ! ਯੂਨੀਵਰਸਿਟੀ ਅਤੇ ਇਸਦੇ ਐਫੀਲੇਟਡ ਕਾਲਜ ਸੀ.ਟੀ.ਗਰੁੱਪ ਆਫ਼ ਇੰਸਟੀਟਿਊਟ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਮੌਕੇ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ! ਸਮਾਰੋਹ ਤੋਂ ਬਾਅਦ ਯੂਨੀਵਰਸਿਟੀ ਵਿਖੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ! ਕੈਬਨਿਟ ਮੰਤਰੀ ਬੈਂਸ ਵੱਲੋਂ ਪੰਗਤ ਚ ਬੈਠ ਕੇ ਗੁਰੂ ਕਾ ਲੰਗਰ ਛਕਿਆ ਗਿਆ!

ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ (ਡਾ.) ਵਿਕਾਸ ਚਾਵਲਾ, ਡੀਨ ਕਾਲਜ ਵਿਕਾਸ ਡਾ.ਬਲਕਾਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਗੌਰਵ ਭਾਰਗਵ, ਡੀਨ ਆਰ ਐਂਡ ਡੀ ਡਾ.ਹਿਤੇਸ਼ ਸ਼ਰਮਾਂ ਮੇਜ਼ਬਾਨ ਮੰਡਲ ਵਿਚ ਮੌਜੂਦ ਰਹੇ!

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..