ਮੋਹਾਲੀ ਪ੍ਰੈਸ ਕਲੱਬ ਨੂੰ ਜਲਦ ਮਿਲੇਗੀ ਥਾਂ: ਹਰਪਾਲ ਸਿੰਘ ਚੀਮਾ
ਮੋਹਾਲੀ, 29 ਸਤੰਬਰ, 2022: ਮੋਹਾਲੀ ਪ੍ਰੈਸ ਕਲੱਬ ਨੂੰ ਜਲਦ ਹੀ ਗਮਾਡਾ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜ਼ਮੀਨ ਅਲਾਟ ਕੀਤੀ ਜਾਵੇਗੀ। ਇਹ ਐਲਾਨ ਅੱਜ ਇਥੇ ‘ਮੋਹਾਲੀ ਪ੍ਰੈੱਸ ਕਲੱਬ’ ਵਲੋਂ ਪ੍ਰਾਚੀਨ ਕਲਾ ਕੇਂਦਰ, ਸੈਕਟਰ 71 ਵਿਚ ਕਰਵਾਏ ਗਏ ਨਵੀਂ ਚੁਣੀ ਟੀਮ ਦੇ ਤਾਜਪੋਸ਼ੀ ਸਮਾਗਮ ਬੋਲਦਿਆਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕੀਤਾ। ਉਹਨਾਂ ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਮੋਹਾਲੀ ਵਰਗੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸ਼ਹਿਰ ਵਿਚ ਪਿਛਲੀਆਂ ਸਰਕਾਰਾਂ ਵਲੋਂ ਚਿਰਾਂ ਤੋਂ ਲਟਕਦੀ ਪ੍ਰੈਸ ਕਲੱਬ ਲਈ ਥਾਂ ਦੇਣ ਦੀ ਮੰਗ ਨੂੰ ਹਮੇਸ਼ਾਂ ਅਣਗੌਲਿਆਂ ਕਰਨ ਦੀ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਨਿਯਮਾਂ ਤਹਿਤ ਉਹ ਜਲਦ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਵਾਉਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਬੀਤੇ 6 ਮਹੀਨੇ ਦੀਆਂ ਉਪਲੱਬਧੀਆਂ ਗਿਣਾਉਂਦਿਆਂ ਉਹਨਾਂ ਕਿਹਾ ਕਿ ਨਵੀਂ ਆਬਕਾਰੀ ਨੀਤੀ ਲਾਗੂ ਹੋਣ ਤੋਂ ਬਾਅਦ ਜੀਐਸਟੀ ਮਾਲੀਏ ਵਿਚ 24 ਫੀਸਦੀ ਵਾਧਾ ਹੋਇਆ ਹੈ, ਜਦਕਿ ਐਕਸਾਈਜ਼ ਪਾਲਿਸੀ ਰਾਹੀਂ 44 ਫੀਸਦੀ ਮਾਲੀਆ ਵਧਿਆ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਪਹਿਲੀ ਗਾਰੰਟੀ ਹਰ ਘਰ ਨੂੰ 300 ਯੁਨਿਟ ਮੁਫ਼ਤ ਬਿਜਲੀ ਦੇਣਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਆਪ੍ਰੇਸ਼ਨ ਲੋਟਸ ਤਹਿਤ ਸਭ ਤੋਂ ਵੱਧ ਨੁਕਸਾਨ ਕਾਂਗਰਸ ਦਾ ਹੀ ਹੋਇਆ ਹੈ ਅਤੇ ਕਾਂਗਰਸ ਪਾਰਟੀ ਨੇ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਉਹਨਾਂ ਅੱਗੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਹੀ ਸਿੱਧਾ ਮੁਕਾਬਲਾ ਹੋਵੇਗਾ।
ਇਸ ਮੌਕੇ ਖ਼ਜ਼ਾਨਾ ਮੰਤਰੀ ਨੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਸਮੇਤ ਸਮੂਹ ਨਵੀਂ ਚੁਣੀ ਟੀਮ ਮੈਂਬਰਾਂ ਸੁਸ਼ੀਲ ਗਰਚਾ, ਰਾਜ ਕੁਮਾਰ ਅਰੋੜਾ, ਧਰਮ ਸਿੰਘ, ਰਾਜੀਵ ਤਨੇਜਾ, ਮੈਡਮ ਨੇਹਾ ਵਰਮਾ, ਮੈਡਮ ਨੀਲਮ ਠਾਕੁਰ ਦੇ ਗਲੇ ਵਿਚ ਹਾਰ ਪਾ ਕੇ ਸਨਮਾਨਤ ਕਰਨ ਉਪਰੰਤ ਪ੍ਰੈਸ ਕਲੱਬ ਦਾ ਸੋਵੀਨਾਰ ਰਲੀਜ਼ ਕੀਤਾ। ਖ਼ਜ਼ਾਨਾ ਮੰਤਰੀ ਚੀਮਾ ਨੇ ਕਲੱਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੱਤਰਕਾਰ ਭਾਈਚਾਰਾ ਜਿਸ ਤਰ੍ਹਾਂ ਰਾਤਾਂ ਨੂੰ ਜਾਗ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ, ਉਹ ਕਾਬਲੇਤਾਰੀਫ਼ ਹੈ।
ਇਸੇ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਪ੍ਰੈੱਸ ਕਲੱਬ ਦੇ ਤਾਜਪੋਸ਼ੀ ਸਮਾਗਮ ਨੂੰ ਸੰਬੋਧਨ ਕਰਦਿਆਂ ਖ਼ਜ਼ਾਨਾ ਮੰਤਰੀ ਨੂੰ ਮੋਹਾਲੀ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਨ ਦੀ ਪ੍ਰੋੜ੍ਹਤਾ ਕੀਤੀ। ਉਹਨਾਂ ਕਿਹਾ ਕਿ ਮੋਹਾਲੀ ਵਰਗੇ ਯੋਜਨਾਬੱਧ ਸ਼ਹਿਰ ਵਿਚ ਪ੍ਰੈਸ ਕਲੱਬ ਇਮਾਰਤ ਦਾ ਨਾ ਹੋਣਾ, ਪਿਛਲੀਆਂ ਸਰਕਾਰਾਂ ਦੀ ਨਲਾਇਕੀ ਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਲਈ ਮੀਡੀਏ ਦਾ ਵੱਡਾ ਰੋਲ ਹੈ ਅਤੇ ਇਸ ਲਈ ਮੈਂ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਸੰਨ 1999 ਵਿੱਚ ਹੋਂਦ ਵਿੱਚ ਆਇਆ ਸੀ ਅਤੇ 2006 ਤੋਂ ਲਗਾਤਾਰ ਕਿਰਾਏ ਦੀ ਬਿਲਡਿੰਗ ਵਿਚ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਹਰ ਸਾਲ ਲੋਕਤੰਤਰਿਕ ਢੰਗ ਨਾਲ ਗਵਰਨਿੰਗ ਬਾਡੀ ਦੀ ਚੋਣ ਕਰਵਾਈ ਜਾਂਦੀ ਹੈ। ਉਨ੍ਹਾਂ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਨ ਦੀ ਮੰਗ ਨੂੰ ਪੁਰਜ਼ੋਰ ਢੰਗ ਨਾਲ ਉਠਾਉਂਦਿਆਂ ਕਿਹਾ ਕਿ ਮੋਹਾਲੀ ਵਰਗੇ ਵੱਡੇ ਸ਼ਹਿਰ ਵਿਚ ਕਲੱਬ ਲਈ ਥਾਂ ਨਾ ਹੋਣਾ ਇਕ ਵੱਡਾ ਘਾਟਾ ਹੈ।
ਇਸ ਮੌਕੇ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਕੁਲਵੰਤ ਸਿੰਘ ਵਲੋਂ ਸਮਾਜ ਸੇਵਿਕਾ ਮੈਡਮ ਜਗਜੀਤ ਕੌਰ ਕਾਹਲੋਂ, ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ, ਮੈਨੇਜਰ ਜਗਦੀਸ਼ ਸ਼ਾਰਦਾ ਅਤੇ ਕਲੱਬ ਦੇ ਕੁੱਕ ਨਰਿੰਦਰ ਰਾਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
ਇਸ ਸਮਾਗਮ ਵਿਚ ਮੌਜੂਦਾ ਐਮ.ਸੀ. ਜਸਬੀਰ ਸਿੰਘ ਮਣਕੂ, ਪਰਮਜੀਤ ਸਿੰਘ ਹੈਪੀ, ਪ੍ਰਮੋਦ ਮਿੱਤਰਾ, ਅਰੁਣਾ ਵਸ਼ਿਸ਼ਟ ਸਮੇਤ ਸਾਬਕਾ ਐਮ.ਸੀ. ਆਰ.ਪੀ. ਸ਼ਰਮਾ, ਸੁਰਿੰਦਰ ਰੋਡਾ, ਹਰਸੰਗਤ ਸਿੰਘ, ਰਾਜੀਵ ਵਸ਼ਿਸ਼ਟ, ਰਣਦੀਪ ਸਿੰਘ ਬੈਦਵਾਣ, ਜਸਪਾਲ ਸਿੰਘ ਬਿੱਲਾ, ਤਰਲੋਚਨ ਸਿੰਘ, ਹਰਪਾਲ ਸਿੰਘ, ਅਰੁਣ ਗੋਇਲ, ਤਰਨਜੀਤ ਸਿੰਘ ਤੋਂ ਇਲਾਵਾ ਕਲੱਬ ਮੈਂਬਰਾਨ ਕੁਲਵੰਤ ਗਿੱਲ, ਹਰਬੰਸ ਸਿੰਘ ਬਾਗੜੀ, ਗੁਰਜੀਤ ਬਿੱਲਾ, ਮੰਗਤ ਸਿੰਘ ਸੈਦਪੁਰ, ਗੁਰਮੀਤ ਸਿੰਘ ਰੰਧਾਵਾ, ਕ੍ਰਿਪਾਲ ਸਿੰਘ, ਕੁਲਵੰਤ ਕੋਟਲੀ, ਨਾਹਰ ਸਿੰਘ ਧਾਲੀਵਾਲ, ਅਮਰਜੀਤ ਸਿੰਘ, ਅਰੁਣ ਨਾਭਾ, ਪਾਲ ਸਿੰਘ, ਵਿਜੇ ਕੁਮਾਰ, ਭੁਪਿੰਦਰ ਬੱਬਰ, ਗੁਰਦੀਪ ਬੈਨੀਪਾਲ, ਰਣਜੀਤ ਧਾਲੀਵਾਲ, ਸੁਖਵਿੰਦਰ ਸਿੰਘ ਮਨੈਲੀ, ਸੁਖਵਿੰਦਰ ਸ਼ਾਨ, ਰਾਜੀਵ ਕੁਮਾਰ, ਸੰਦੀਪ ਸੰਨੀ, ਮਾਸਟਰ ਭੁਪਿੰਦਰ ਸਿੰਘ ਚੜ੍ਹਦੀਕਲਾ, ਉਜਲ ਫੋਟੋਗਰਾਫਰ, ਗੁਰਨਾਮ ਸਾਗਰ, ਜਸਵਿੰਦਰ ਰੁਪਾਲ, ਸਾਗਰ ਪਾਹਵਾ, ਵਿਜੈ ਪਾਲ, ਮੁਕੇਸ਼, ਜਗਤਾਰ ਸਿੰਘ ਸ਼ੇਰਗਿੱਲ ਆਦਿ ਸਮੇਤ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।