ਅਨਮੋਲ ਗਗਨ ਮਾਨ ਵੱਲੋਂ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ – ਏ – ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ
1 min readਚੰਡੀਗੜ, ਸਤੰਬਰ 27, 2022: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੈਰ ਸਪਾਟੇ ਨੂੰ ਵਧਾਉਣ ਦੇ ਮੰਤਵ ਨਾਲ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਇਮਾਰਤਾਂ ਅਤੇ ਅਜਾਇਬਘਰਾਂ ਨੂੰ ਵਿਖਾਉਣ ਲਈ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਅੱਜ ਚੰਡੀਗੜ ਵਿੱਚ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਇਕ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ – ਏ-ਸ਼ਹਾਦਤ ਲਈ ਈ-ਬੁਕਿੰਗ ਸੁਵਿਧਾ ਦੀ ਸ਼ੁਰੂਆਤ ਕੀਤੀ ।
ਸੈਰ ਸਪਾਟਾ ਦਿਵਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਯਾਤਰਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਮਾਜਿਕ-ਸੱਭਿਆਚਾਰ ਨੂੰ ਵਧਾਉਣ, ਰੁਜ਼ਗਾਰ ਪੈਦਾ ਕਰਨ, ਦੇਸ਼ ਦੀ ਆਰਥਿਕਤਾ ਨੂੰ ਚਲਾਉਣ ਵਿੱਚ ਸੈਰ-ਸਪਾਟਾ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਣ ਲਈ ਅੱਜ ਦੇ ਦਿਨ ਨੂੰ ਵਿਸ਼ਵ ਭਰ ਵਿੱਚ ਵਿਆਪਕ ਤੌਰ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਆਨੰਦਪੁਰ ਸਾਹਿਬ ਵਿਖੇ ਸਥਿਤ ਅਜਾਇਬ ਘਰ ਵਿਰਾਸਤ-ਏ-ਖਾਲਸਾ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੇ ਅਮੀਰ ਵਿਰਸੇ ਦੇ ਭੰਡਾਰ ਨੂੰ ਦਰਸਾਉਂਦਾ ਹੈ ਤਾਂ ਜੋ ਸਮੁੱਚੀ ਮਨੁੱਖਤਾ ਲਈ ਮਹਾਨ ਗੁਰੂਆਂ ਦੇ ਸਦੀਵੀ ਸੰਦੇਸ਼ਾਂ ਅਤੇ ਗੁਰੂਆਂ ਦੇ ਦਰਸ਼ਨ ਨਾਲ ਸੈਲਾਨੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਦੀ ਦੇਸ਼ ਵਿੱਚ ਹੀ ਨਹੀ ਬਲਕਿ ਪੁਰੇ ਵਿਸ਼ਵ ਵਿੱਚ ਵੱਖਰੀ ਪਹਿਚਾਣ ਬਣ ਚੁੱਕੀ ਹੈ। ਉਨ੍ਹਾਂ ਨੂੰ ਕਿਹਾ ਕਿ ਚਮਕੌਰ ਸਾਹਿਬ ਵਿੱਚ ਸਥਿਤ ਅਜਾਇਬ ਘਰ “ਦਾਸਤਾਨ-ਏ-ਸ਼ਹਾਦਤ ਥੀਮ ਪਾਰਕ” ਹੈ ਜੋ ਕਿ ਪੰਜਾਬ ਸਿੱਖ ਧਰਮ ਵੱਲੋਂ ਕੀਤੀ ਕੁਰਬਾਨੀਆਂ ਨੂੰ ਦਰਸਾਉਂਦਾ ਹੈ। ਇਸ ਮੌਕੇ ਮੰਤਰੀ ਨੇ ਸੈਰ ਸਪਾਟਾ ਅਤੇ ਸਭਿਆਚਾਰਕ ਦੇ ਵਿਭਾਗ ਦੇ ਅਧਿਾਰੀਆਂ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਦੇਸ ਵਿਦੇਸ਼ ਦੇ ਸੈਲਾਨੀਆਂ ਨਾਲ ਸਾਂਝਾ ਕਰਨ ਲਈ ਮਾਡਰਨ ਤਕਨੀਕ ਦੀ ਵਰਤੋਂ ਤੇ ਜ਼ੋਰ ਦਿੱਤਾ।
ਸੈਮੀਨਾਰ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਜ਼ ਸਿੰਘ, ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾਂ ਤੋਂ ਇਲਾਵਾ ਟੁਰਇਜ਼ਮ ਇੰਡਸਟਰੀ ਨਾਲ ਜੁੜੇ ਉਘੇ ਪਤਵੰਤਿਆਂ ਵਿਸ਼ੇਸ ਤੌਰ ਤੇ ਹਾਜ਼ਰ ਸਨ।