ਸਿੱਖ ਇਤਹਾਸ ਵਿੱਚ ਪਰੋਸੇ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਧਰਨਾਂ ਦੇ ਰਹੀ ਸਿੱਖ ਸੰਗਤ ਵੱਲੋਂ ਸ਼ਹਿਰ ਵਿੱਚ ਕੀਤਾ ਮਾਰਚ
ਮੋਹਾਲੀ, 15 ਫ਼ਰਵਰੀ, 2022: ਸਿੱਖ ਇਤਿਹਾਸ ਪ੍ਰਤੀ ਕਿਤਾਬਾਂ ਵਿਚ ਪਰੋਸੇ ਜਾ ਰਹੇ ਕੂੜ ਕਬਾੜ ਦੇ ਵਿਰੁੱਧ ਸਿੱਖ ਸੰਗਤਾਂ ਵੱਲੋਂ ਸਿੱਖਿਆ ਬੋਰਡ ਦੇ ਦਫਤਰ ਅੱਗੇ ਸੁਰੂ ਕੀਤਾ ਗਿਆ ਪੱਕਾ ਧਰਨਾ ਅੱਜ 9ਵੇਂ ਦਿਨ ’ਚ ਦਾਖਲ ਹੋ ਗਿਆ। ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਜਿਸ ਵਿਚ ਪੰਜਾਬ ਤੋਂ ਬਾਹਰ ਦੇ ਵੀ ਸਿੱਖ ਵਿਦਵਾਨ ਸਾਮਿਲ ਸਨ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਵਫਦ ਮਿਲਿਆ ਸੀ ਜਿਨ੍ਹਾਂ ਪੁਸਤਕ ਲਿਖਣ ਵਾਲੇ ਲੇਖਕ ਤੇ ਕਾਰਵਾਈ ਕਰਨ ਦੀ ਬਜਾਏ ਗੌਗਣੂਆਂ ਤੇ ਮਿੱਟੀ ਝਾੜਨ ਵਾਲੀ ਗੱਲ ਹੀ ਕੀਤੀ । ਉਨ੍ਹਾਂ ਕਿਹਾ ਕਿ ਅੱਜ ਸੰਗਤ ਨੂੰ ਇਸ ਕੂੜ ਪ੍ਰਚਾਰ ਵਿਰੁੱਧ ਜਾਗਰੂਕ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਪੜਾਏ ਜਾ ਰਹੇ ਇਤਿਹਾਸ ਵਿੱਚ ਪਰੋਸੇ ਜਾ ਰਹੇ ਕੂੜ ਪ੍ਰਚਾਰ ਤੁਰੰਤ ਬਦਲਕੇ ਠੀਕ ਇਤਿਹਾਸ ਭੜਾਇਆ ਜਾਵੇ ਅਤੇ ਕਸੂਰਵਾਰ ਲੋਕਾਂ ਨੂੰ ਸਜਾਵਾਂ ਦਿੱਤੀਆਂ ਜਾਣ।
ਉਨ੍ਹਾਂ ਦੱਸਿਆ ਕਿ ਅੱਜ ਦੇ ਮਾਰਚ ਵਿੱਚ ਬਾਹਰਲੇ ਸੁੂਬਿਆਂ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ ਤੋਂ ਵੀ ਪੰਥ ਦਰਦੀ ਸਾਮਿਲ ਹੋਏ। ਅੱਜ ਦੇ ਮਾਰਚ ਵਿੱਚ ਬਾਬਾ ਲਾਭ ਸਿੰਘ, ਗੁਰਜੰਟ ਸਿੰਘ ਖਾਲਸਾ ਕਰਨਾਲ ਹਰਿਆਣਾ, ਗੁਰਵਿਚੰਤ ਸਿੰਘ ਪਾਣੀਪਤ, ਇੰਦਰਜੀਤ ਸਿੰਘ ਹੰਨੂੰਮਾਨਗੜ੍ਹ ਰਾਜਿਸਥਾਨ, ਬਲਜੀਤ ਸਿੰਘ ਖਾਲਸਾ ਮੋਹਾਲੀ, ਗੁਰਵਿੰਦਰ ਸਿੰਘ ਭੰਗੂ, ਦਲਵਿੰਦਰ ਸਿੰਘ ਪੰਜੋਲਾ, ਬੀਕੀਯੂ ( ਖੋਸਾ), ਗਨਾਨ ਚੌਧਰੀ ਮੱਧ ਪ੍ਰਦੇਸ਼, ਰਜਿੰਦਰ ਸਿੰਘ ਬਾਲੀ, ਡਾ ਇਕਬਾਲ ਸਿੰਘ, ਨਸੀਬ ਸਿੰਘ ਮਾਰਾਣਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮਾਰਚ ਵਿੱਚ ਸਾਮਿਲ ਹੋਈ।