ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ
1 min readਚੰਡੀਗੜ੍ਹ, 8 ਸਤੰਬਰ, 2022: ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਬੋਹਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ, ਸੁਭਾਸ਼ ਚੰਦਰ ਜੇ.ਈ., ਗੁਰਨਾਮ ਸਿੰਘ ਠੇਕੇਦਾਰ, ਜੀ.ਪੀ.ਡਬਲਯੂ.ਐਮ.ਸੀ. ਚੇਅਰਮੈਨ ਬਾਜ ਸਿੰਘ ਸਰਪੰਚ ਗ੍ਰਾਮ ਪੰਚਾਇਤ ਮੰਮੂਖੇੜਾ ਅਤੇ ਸੋਹਣ ਲਾਲ ਸੈਕਟਰੀ ਗ੍ਰਾਮ ਪੰਚਾਇਤ ਮੰਮੂਖੇੜਾ ਵਿਰੁੱਧ ਵਾਟਰ ਵਰਕਸ ਦੀ ਉਸਾਰੀ ਸਮੇਂ ਲੋੜੀਂਦੀ ਮਾਤਰਾ ਨਾਲੋਂ ਘੱਟ ਸੀਮੇਂਟ ਵਰਤਕੇ ਸਰਕਾਰ ਨੂੰ 5,98,312 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਉਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਉਰੋ ਵੱਲੋਂ ਇਹ ਕੇਸ ਪਿੰਡ ਮੰਮੂਖੇੜਾ ਵਿਖੇ ਵਾਟਰ ਵਰਕਸ ਦੀ ਉਸਾਰੀ ਵਿੱਚ ਹੋਏ ਘਪਲੇ ਸਬੰਧੀ ਵਿਜੀਲੈਂਸ ਰਿਪੋਰਟ ਦੀ ਪੜਤਾਲ ਦੇ ਆਧਾਰ ’ਤੇ ਜੁਰਮ ਅ/ਧ 409, 120-ਬੀ ਆਈ.ਪੀ.ਸੀ. ਅਤੇ 13(1) (ਏ), 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਸ ਬਿਉਰੋ ਦੇ ਥਾਣਾ ਫਿਰੋਜਪੁਰ ਵਿਖੇ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਇਸ ਵਾਟਰ ਵਰਕਸ ਦੀ ਉਸਾਰੀ ਸਮੇਂ ਵਰਤੇ ਗਏ ਸੀਮੇਂਟ ਪਲੱਸਤਰ ਦੀ ਮਾਤਰਾ ਵਿਸ਼ਲੇਸ਼ਣ ਉਪਰੰਤ ਹਾਸਲ ਕੀਤੀ ਗਈ ਰਿਪੋਰਟ ਅਨੁਸਾਰ ਲੋੜੀਂਦੀ ਮਾਤਰਾ ਤੋਂ 39.51 ਫੀਸਦ ਘੱਟ ਪਾਈ ਗਈ। ਇਸ ਸੀਮੇਂਟ ਪਲੱਸਤਰ ਦਾ ਮਿਆਰ ਸਪੈਸੀਫਿਕੇਸ਼ਨਾਂ ਮੁਤਾਬਿਕ ਨਾ ਹੋਣ ਕਰਕੇ ਇਸ ਸਬੰਧੀ ਕੀਤੀ 5,98,312 ਰੁਪਏ ਦੀ ਅਦਾਇਗੀ ਦਾ ਸਰਕਾਰ ਨੂੰ ਵਿੱਤੀ ਨੁਕਸਾਨ ਹੋਇਆ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਵਾਟਰ ਵਰਕਸ ਵਿੱਚ ਇੰਨਲੈਟ ਚੈਨਲ, ਹਾਈ ਲੈਵਲ ਟੈਂਕ, ਕਲੀਅਰ ਵਾਟਰ ਟੈਂਕ, ਫਿਲਟਰ ਬੈਂਡ ਅਤੇ ਐਸ.ਐਂਡ ਐਸ. ਟੈਂਕ ਦੀ ਉਸਾਰੀ ਦੇ ਕੰਮ ਸੁਭਾਸ਼ ਚੰਦਰ ਜੂਨੀਅਰ ਇੰਜੀਨੀਅਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ ਰਵਿੰਦਰ ਸਿੰਘ ਬਾਂਸਲ ਅਤੇ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਠੇਕੇਦਾਰ ਗੁਰਨਾਮ ਸਿੰਘ ਵੱਲੋਂ ਤਿਆਰ ਕੀਤੇ ਗਏ ਸਨ ਅਤੇ ਇਸ ਸਮੇਂ ਦੌਰਾਨ ਜੀ.ਪੀ.ਡਬਲਯੂ.ਐਮ.ਸੀ. ਦੇ ਚੇਅਰਮੈਨ ਬਾਜ ਸਿੰਘ ਸਰਪੰਚ ਅਤੇ ਸੋਹਨ ਲਾਲ ਸੈਕਟਰੀ ਦੀ ਨਿਗਰਾਨੀ ਹੇਠ ਉਕਤ ਕੰਮ ਹੋਣਾ ਪਾਇਆ ਗਿਆ ਹੈ।
ਪੜਤਾਲ ਦੌਰਾਨ ਰਵਿੰਦਰ ਸਿੰਘ ਬਾਂਸਲ ਕਾਰਜਕਾਰੀ ਇੰਜੀਨੀਅਰ ਉਕਤ ਵੱਲੋਂ ਆਪਣੀ ਤਾਇਨਾਤੀ (ਕਰੀਬ 03 ਮਹੀਨੇ) ਦੌਰਾਨ ਇਸ ਵਾਟਰ ਵਰਕਸ ਦੇ ਕੰਮਾਂ ਵਿੱਚ ਸੀਮਿੰਟ ਪਲੱਸਤਰ ਦੇ ਕੰਮ ਦੀ ਕੋਈ ਵੀ ਅਦਾਇਗੀ ਕੀਤੀ ਜਾਣੀ ਨਹੀਂ ਪਾਈ ਗਈ ਹੈ। ਸਰਕਾਰ ਦੇ ਇਸ ਵਿੱਤੀ ਨੁਕਸਾਨ ਲਈ ਜਿੰਮੇਵਾਰ ਸੁਭਾਸ਼ ਚੰਦਰ ਜੂਨੀਅਰ ਇੰਜੀਨੀਅਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ (ਸੇਵਾਮੁਕਤ), ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ, ਠੇਕੇਦਾਰ ਗੁਰਨਾਮ ਸਿੰਘ, ਬਾਜ ਸਿੰਘ ਸਰਪੰਚ ਅਤੇ ਸੋਹਨ ਲਾਲ ਸੈਕਟਰੀ ਇਹ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।