June 20, 2024

Chandigarh Headline

True-stories

ਪੰਚਾਇਤੀ ਫੰਡਾਂ ‘ਚ 8 ਲੱਖ ਰੁਪਏ ਦਾ ਗਬਨ ਕਰਨ ‘ਤੇ ਜੇਈ, ਪੰਚਾਇਤ ਸਕੱਤਰ ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗ੍ਰਿਫਤਾਰ

1 min read

ਚੰਡੀਗੜ੍ਹ, 18 ਅਗਸਤ, 2022: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗ੍ਰਾਮ ਪੰਚਾਇਤ ਧੀਰੇਕੋਟ, ਬਲਾਕ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਚਾਇਤੀ ਫੰਡਾਂ, ਵਿਕਾਸ ਗ੍ਰਾਂਟਾਂ ਤੇ ਸ਼ਾਮਲਾਟ ਜ਼ਮੀਨ ਦੀ ਆਮਦਨ ਵਿੱਚ 8,09,744 ਲੱਖ ਰੁਪਏ ਦਾ ਗਬਨ ਕਰਨ ਵਿਰੁੱਧ ਅੱਜ ਬਿਊਰੋ ਵੱਲੋਂ ਪੰਚਾਇਤ ਵਿਭਾਗ ਦੇ ਜੇਈ, ਪੰਚਾਇਤ ਸਕੱਤਰ ਅਤੇ ਸਾਬਕਾ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਿੰਡ ਧੀਰੇਕੋਟ ਦੇ ਪੰਚਾਇਤੀ ਫੰਡਾਂ ਵਿਚ ਗਬਨ ਕਰਨ ਸਬੰਧੀ ਮਿਲੀ ਸ਼ਿਕਾਇਤ ਦੀ ਗਹਿਨ ਪੜਤਾਲ ਉਪਰੰਤ ਸਾਲ 2013 ਤੋਂ 2016 ਦੇ ਸਮੇਂ ਦੌਰਾਨ ਕੁੱਲ 8,09,744 ਲੱਖ ਰੁਪਏ ਦਾ ਗਬਨ ਪਾਏ ਜਾਣ ਦੇ ਦੋਸ਼ ਹੇਠਾਂ ਸਾਬਕਾ ਸਰਪੰਚ ਜਸਬੀਰ ਸਿੰਘ ਧੀਰੇਕੋਟ, ਕਰਨਜੀਤ ਸਿੰਘ ਪੰਚਾਇਤ ਸਕੱਤਰ (ਹੁਣ ਸੇਵਾਮੁਕਤ) ਅਤੇ ਹਰਭਜਨ ਸਿੰਘ ਜੇਈ ਪੰਚਾਇਤੀ ਰਾਜ (ਹੁਣ ਸੇਵਾਮੁਕਤ) ਖਿਲਾਫ਼ ਆਈਪੀਸੀ ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਏ ਅਤੇ 13(2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਇੰਨਾਂ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਉਨਾਂ ਦੱਸਿਆ ਕਿ ਜਾਂਚ ਦੇ ਸਾਲਾਂ 2013-2016 ਦੌਰਾਨ ਗ੍ਰਾਮ ਪੰਚਾਇਤ ਧੀਰੇਕੋਟ ਨੂੰ ਵਿਕਾਸ ਕੰਮਾਂ ਲਈ ਸਰਕਾਰ ਪਾਸੋਂ ਮਿਲੀਆਂ ਵੱਖ-ਵੱਖ ਗਰਾਂਟਾਂ, ਪਿੰਡ ਦੀ ਸ਼ਾਮਲਾਤ ਜਮੀਨ ਤੋਂ ਹੋਈ ਠੇਕੇ ਦੀ ਆਮਦਨ, ਰਕਮ ਦਾ ਬੈਂਕ ਵਿਆਜ ਅਤੇ ਪਿਛਲਾ ਬਕਾਏ ਸਮੇਤ ਕੁੱਲ 56,68,330 ਰੁਪਏ ਦੀ ਆਮਦਨ ਹੋਣੀ ਪਾਈ ਗਈ ਹੈ ਜਦਕਿ ਮੌਜੂਦਾ ਪੰਚਾਇਤ ਸਕੱਤਰ ਬਲਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਰਿਕਾਰਡ ਮੁਤਾਬਿਕ ਕੁੱਲ 38,05,524 ਖਰਚਾ ਕਰਨਾ ਦੱਸਿਆ ਗਿਆ ਹੈ ਅਤੇ 18,62,806 ਰੁਪਏ ਗ੍ਰਾਮ ਪੰਚਾਇਤ ਦੇ ਬੈਂਕ ਖਾਤੇ ਵਿੱਚ ਜਮਾਂ ਹੋਣੇ ਪਾਏ ਗਏ।

ਉਨਾਂ ਦੱਸਿਆ ਕਿ ਟੈਕਨੀਕਲ ਟੀਮ ਦੀ ਪੜਤਾਲੀਆ ਰਿਪੋਰਟ ਅਨੁਸਾਰ ਉਕਤ ਗ੍ਰਾਮ ਪੰਚਾਇਤ ਵੱਲੋਂ ਕੁੱਲ 29,95,780 ਰੁਪਏ ਦੇ ਕੰਮ ਕਰਨੇ ਦਰਸਾਏ ਗਏ ਹਨ। ਇਸ ਤਰਾਂ ਪੰਚਾਇਤ ਧੀਰੇਕੋਟ ਵੱਲੋਂ 8,09,744 ਰੁਪਏ ਦੇ ਘੱਟ ਕੰਮ ਕਰਵਾਉਣੇ ਪਾਏ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਉਰੋ ਦੀ ਪਡ਼ਤਾਲ ਉਪਰੰਤ ਜਸਵੀਰ ਸਿੰਘ ਸਾਬਕਾ ਸਰਪੰਚ, ਕਰਨਜੀਤ ਸਿੰਘ ਪੰਚਾਇਤ ਸਕੱਤਰ ਅਤੇ ਹਰਭਜਨ ਸਿੰਘ ਜੇਈ ਵੱਲੋਂ ਵਿਕਾਸ ਦੇ ਕੰਮਾਂ ਲਈ ਪ੍ਰਾਪਤ ਰਾਸ਼ੀ ਮੁਤਾਬਿਕ ਮੁਕੰਮਲ ਖ਼ਰਚਾ ਨਾ ਕਰਨ ਕਰਕੇ ਮਿਲੀਭੁਗਤ ਨਾਲ ਇਹ ਗ਼ਬਨ ਕੀਤੇ ਜਾਣਾ ਪਾਇਆ ਗਿਆ ਹੈ ਜਿਸ ਕਰਕੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..