April 19, 2024

Chandigarh Headline

True-stories

ਆਮ ਆਦਮੀ ਕਲੀਨਿਕਾਂ ਨੂੰ ਪੰਜਾਬ ਦੇ ਲੋਕਾਂ ਦਾ ਭਰਵਾਂ ਹੁੰਗਾਰਾ

1 min read

ਚੰਡੀਗੜ੍ਹ, 16 ਅਗਸਤ, 2022 (www.chandigarhheadline.com): ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਮੰਗਲਵਾਰ ਨੂੰ 25 ਹੋਰ ਆਮ ਆਦਮੀ ਕਲੀਨਿਕ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ।

ਮੁੱਖ ਮੰਤਰੀ ਨੇ ਕਿਹਾ, ‘‘ਮੁਫ਼ਤ ਵਿੱਚ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਅਜਿਹੇ ਕਲੀਨਿਕਾਂ ਦਾ ਜਾਲ ਵਿਛਾਉਣ ਲਈ ਲੋਕਾਂ ਨਾਲ ਕੀਤੀ ਵਚਨਬੱਧਤਾ ਤਹਿਤ ਅਸੀਂ ਅੱਜ 25 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ, ਜਿਹੜੇ 15 ਅਗਸਤ ਨੂੰ ਸਮਰਪਿਤ ਕੀਤੇ 75 ਕਲੀਨਿਕਾਂ ਤੋਂ ਇਲਾਵਾ ਹਨ।”

ਮੁੱਖ ਮੰਤਰੀ ਨੇ ਕਿਹਾ ਕਿ ਛੇਤੀ ਹੀ ਅਜਿਹੇ ਕਲੀਨਿਕ ਸੂਬੇ ਦੇ ਕੋਨੇ-ਕੋਨੇ ਵਿੱਚ ਖੋਲ੍ਹੇ ਜਾਣਗੇ, ਜਿਨ੍ਹਾਂ ਰਾਹੀਂ ਲੋਕਾਂ ਨੂੰ ਮੁਫ਼ਤ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁੱਲ 100 ਕਲੀਨਿਕਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹਰੇਕ ਲੰਘਦੇ ਦਿਨ ਨਾਲ ਅਜਿਹੇ ਹੋਰ ਕਲੀਨਿਕ ਸ਼ੁਰੂ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਸਿਹਤ ਸੰਭਾਲ ਢਾਂਚੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਇਹ ਕ੍ਰਾਂਤੀਕਾਰੀ ਪਹਿਲਕਦਮੀ ਸਿੱਧ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰ ਕੇ ਪੰਜਾਬ ਨੂੰ ਸਿਹਤਮੰਦ ਤੇ ਰੋਗ ਮੁਕਤ ਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਸੂਬਾ ਵਾਸੀਆਂ ਨੂੰ ਹੁਣ ਇਲਾਜ ਤੇ ਹੋਰ ਡਾਇਗਨੌਸਟਿਕ ਸਹੂਲਤਾਂ ਲਈ ਹਸਪਤਾਲਾਂ ਵਿੱਚ ਮੋਟੀ ਰਕਮ ਨਹੀਂ ਖਰਚਣੀ ਪਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ ਕਲੀਨਿਕਾਂ ਵਿੱਚ ਜਾ ਕੇ ਜਾਂ ਆਨਲਾਈਨ ਬੁਕਿੰਗ ਕਰਵਾ ਕੇ ਇਹ ਡਾਕਟਰੀ ਸੇਵਾਵਾਂ ਹਾਸਲ ਕਰ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਨਾ ਸਿਰਫ਼ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਫ਼ਤ ਵਿੱਚ ਮਿਲਣਗੀਆਂ, ਸਗੋਂ ਇਸ ਲਈ ਆਪਣੇ ਘਰਾਂ ਤੋਂ ਬਹੁਤੀ ਦੂਰ ਵੀ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਸਿਹਤ ਸੰਭਾਲ ਸੇਵਾਵਾਂ ਦੇਣ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਆਮ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਸਰਕਾਰ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨਾਲ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਦਾ ਮੁੱਢ ਬੱਝੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਤਕਰੀਬਨ 100 ਕਲੀਨਿਕਲ ਟੈਸਟਾਂ ਵਾਲੇ 41 ਪੈਕੇਜ ਮੁਫ਼ਤ ਵਿੱਚ ਦਿੱਤੇ ਜਾਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਨ੍ਹਾਂ ਕਲੀਨਿਕਾਂ ਜ਼ਰੀਏ 90 ਫੀਸਦੀ ਮਰੀਜ਼ਾਂ ਦਾ ਇਲਾਜ ਹੋ ਜਾਵੇਗਾ, ਜਿਸ ਨਾਲ ਹਸਪਤਾਲਾਂ ਤੋਂ ਬੋਝ ਘਟੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਅਗਲੇਰੇ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਵੇਗਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..