July 27, 2024

Chandigarh Headline

True-stories

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ

1 min read

ਅੰਮ੍ਰਿਤਸਰ, 13 ਅਗਸਤ, 2022: ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਅਰਸੇ ਤੋਂ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਭਰ ਵਿਚ ਜ਼ਿਲ੍ਹਾ ਹੈੱਡਕੁਆਟਰਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਮੁਲਾਜ਼ਮ ਇਕੱਠੇ ਹੋਏ, ਜਿਥੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ।

ਰੋਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਮੈਂਬਰ ਤੇ ਮੁਲਾਜ਼ਮਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਹੱਥਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਲੋਗਨ ਲਿਖੇ ਬੈਨਰ ਤੇ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ। ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਪਾਸੋਂ ਡਿਪਟੀ ਕਮਿਸ਼ਨਰ ਵੱਲੋਂ ਐਸਡੀਐਮ ਹਰਪ੍ਰੀਤ ਸਿੰਘ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਸ ਨੂੰ ਅਗਲੀ ਕਾਰਵਾਈ ਲਈ ਸਰਕਾਰ ਪਾਸ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ 30-30 ਸਾਲ ਤੋਂ ਦੇਸ਼ ਦੀਆਂ ਜ਼ੇਲ੍ਹਾਂ ਵਿਚ ਬੰਦ ਸਿੰਘਾਂ ਨਾਲ ਇਨਸਾਫ ਨਹੀਂ ਕੀਤਾ ਜਾ ਰਿਹਾ ਅਤੇ ਸਰਕਾਰਾਂ ਐਲਾਨ ਕਰਨ ਮਗਰੋਂ ਵੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੀਆਂ।

ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮੁਲਾਕਾਤ ਲਈ ਸਮਾਂ ਮੰਗਣ ਦੇ ਬਾਵਜੂਦ ਵੀ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਰਕਾਰਾਂ ਦੀ ਮਨਸ਼ਾ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਦੇਸ਼ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਦਕਿ ਦੂਸਰੇ ਪਾਸੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।

ਦੇਸ਼ ਦੇ ਸੰਵਿਧਾਨ ਤਹਿਤ ਹਰ ਇਕ ਨੂੰ ਇਕੋ ਜਿਹੇ ਅਧਿਕਾਰ ਪ੍ਰਾਪਤ ਹਨ, ਪਰ ਸਿੱਖ ਬੰਦੀਆਂ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਰੱਖਣਾ ਸੰਵਿਧਾਨ ਦੀ ਵੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਉਮਰ ਕੈਦ ਤੋਂ ਦੁਗਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ, ਜਿਸ ਕਰਕੇ ਉਹ ਰਿਹਾਈ ਦਾ ਹੱਕ ਰੱਖਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜਦੋਂ ਦੇਸ਼ ਦੀਆਂ ਸਰਕਾਰਾਂ ਕੰਨ ਬੰਦ ਕਰ ਲੈਣ ਤਾਂ ਅਜਿਹੇ ਵਿਚ ਸੰਘਰਸ਼ ਦਾ ਰਾਹ ਚੁਣਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਇਕ ਸੰਕੇਤਕ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜੇਕਰ ਸਰਕਾਰਾਂ ਨਾ ਜਾਗੀਆਂ ਤਾਂ ਭਵਿੱਖ ਵਿਚ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਬੰਡਾਲਾ, ਜੋਧ ਸਿੰਘ ਸਮਰਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਬਲਜੀਤ ਸਿੰਘ ਜਲਾਲਉਸਮਾਂ, ਗੁਰਿੰਦਰਪਾਲ ਸਿੰਘ ਰਣੀਕੇ, ਬਿਕਰਮਜੀਤ ਸਿੰਘ ਕੋਟਲਾ, ਭਾਈ ਅਜਾਇਬ ਸਿੰਘ ਅਭਿਆਸੀ, ਕੁਲਦੀਪ ਸਿੰਘ ਤੇੜਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਬਿਜੈ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਹਰਜੀਤ ਸਿੰਘ ਲਾਲੂਘੁੰਮਣ, ਹਰਜਿੰਦਰ ਸਿੰਘ ਕੈਰੋਂਵਾਲ, ਗੁਰਮੀਤ ਸਿੰਘ ਬੁੱਟਰ, ਤੇਜਿੰਦਰ ਸਿੰਘ ਪੱਡਾ, ਗੁਰਿੰਦਰਪਾਲ ਸਿੰਘ ਮਥਰੇਵਾਲ, ਨਿਰਵੈਲ ਸਿੰਘ, ਗੁਰਚਰਨ ਸਿੰਘ ਕੁਹਾਲਾ, ਸਤਨਾਮ ਸਿੰਘ ਮਾਂਗਾਸਰਾਏ, ਪਰਮਜੀਤ ਸਿੰਘ ਦੁਨੀਆਮਾਜਰਾ, ਕੁਲਦੀਪ ਸਿੰਘ ਰੋਡੇ, ਇੰਚਾਰਜ ਸ਼ਾਹਬਾਜ਼ ਸਿੰਘ, ਸੁਪਰਡੰਟ ਮਲਕੀਤ ਸਿੰਘ ਬਹਿੜਵਾਲ, ਪਲਵਿੰਦਰ ਸਿੰਘ, ਸਾਬਕਾ ਕਰਮਚਾਰੀ ਐਸੋਸੀਏਸ਼ਨ ਵੱਲੋਂ ਜੋਗਿੰਦਰ ਸਿੰਘ ਅਦਲੀਵਾਲ ਆਦਿ ਮੌਜੂਦ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..